ਅੰਮ੍ਰਿਤਸਰ: ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋ ਗਿਆ ਹੈ। ਇਸ ਦੌਰਾਨ ਕੁਖ਼ਿਆਤ ਗੈਂਗਸਟਰ ਪ੍ਰਭ ਦਾਸੂਵਾਲ ਗੈਂਗ ਦਾ ਇਕ ਸ਼ੂਟਰ ਪੁਲਸ ਦੀ ਜਵਾਬੀ ਫਾਇਰਿੰਗ ਵਿਚ ਜ਼ਖਮੀ ਹੋ ਗਿਆ ਹੈ। ਇਸ ਮੁਠਭੇੜ ਦੇ ਨਾਲ ਹੀ ਪੁਲਸ ਨੇ ਕ੍ਰਿਏਟਿਵ ਵ੍ਹੀਲਜ਼ ਸ਼ੋਰੂਮ ਫਾਇਰਿੰਗ ਕੇਸ ਨੂੰ ਪੂਰੀ ਤਰ੍ਹਾਂ ਸੁਲਝਾਉਣ ਦਾ ਦਾਅਵਾ ਕੀਤਾ ਹੈ।
ਪੁਲਸ ਮੁਤਾਬਕ ਬੀਤੀ 11 ਅਪ੍ਰੈਲ ਦੀ ਰਾਤ ਨੂੰ ਮਕਬੂਲਪੁਰਾ ਥਾਣਾ ਖੇਤਰ ਵਿਚ ਸਥਿਤ ਕ੍ਰਿਏਟਿਵ ਵ੍ਹੀਲਜ਼ ਸ਼ੋਰੂਮ 'ਤੇ ਅਣਪਛਾਤੇ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਸੀ। ਇਸ ਘਟਨਾ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਪੁਲਸ ਨੇ ਤਕਨੀਕੀ ਨਿਗਰਾਨੀ ਅਤੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਜਾਂਚ ਕਰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖ਼ੁਲਾਸਾ ਕੀਤਾ ਕਿ ਵਾਰਦਾਤ ਵਿਚ ਵਰਤੇ ਗਏ ਹਥਿਆਰ ਉਨ੍ਹਾਂ ਨੇ ਬਟਾਲਾ ਰੋਡ 'ਤੇ ਸਨਸਿਟੀ ਦੇ ਪਿੱਛੇ ਛੁਪਾ ਕੇ ਰੱਖੇ ਹੋਏ ਹਨ। ਜਦੋਂ ਪੁਲਸ ਟੀਮ ਹਥਿਆਰਾਂ ਦੀ ਬਰਾਮਦਗੀ ਲਈ ਦੋਸ਼ੀਆਂ ਨੂੰ ਮੌਕੇ 'ਤੇ ਲੈ ਕੇ ਪਹੁੰਚੀ, ਤਾਂ ਇਕ ਦੋਸ਼ੀ ਨੇ ਮੌਕਾ ਪਾ ਕੇ ਪੁਲਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ। ਪੁਲਸ ਨੇ ਆਤਮ ਰੱਖਿਆ ਵਿਚ ਜਵਾਬੀ ਫਾਇਰਿੰਗ ਕੀਤੀ, ਜਿਸ ਵਿਚ ਦਾਸੂਵਾਲ ਗੈਂਗ ਦਾ ਸ਼ੂਟਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਪੁਲਸ ਨੇ ਜ਼ਖਮੀ ਦੋਸ਼ੀ ਨੂੰ ਕਾਬੂ ਕਰਕੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ ਅਤੇ ਮੌਕੇ ਤੋਂ ਹਥਿਆਰ ਵੀ ਬਰਾਮਦ ਕਰ ਲਏ ਹਨ।
Credit : www.jagbani.com