ਬਠਿੰਡਾ,- ਬਠਿੰਡਾ ਦੀ ਅਦਾਲਤ ਵਿੱਚ ਚੱਲ ਰਹੇ ਮਾਨਹਾਨੀ ਮਾਮਲੇ ਵਿੱਚ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਵੱਡਾ ਝਟਕਾ ਲੱਗਾ ਹੈ। ਮਾਨਯੋਗ ਅਦਾਲਤ ਨੇ ਕੰਗਨਾ ਰਣੌਤ ਵੱਲੋਂ ਦਿੱਤੀ ਗਈ ਹਾਜ਼ਰੀ ਮਾਫ਼ੀ ਦੀ ਅਰਜ਼ੀ ਨੂੰ ਰੱਦ ਕਰਦਿਆਂ ਸਖ਼ਤ ਰੁਖ ਅਪਣਾਇਆ ਹੈ। ਕੋਰਟ ਨੇ ਸਪਸ਼ਟ ਹੁਕਮ ਦਿੱਤੇ ਹਨ ਕਿ ਕੰਗਨਾ ਰਣੌਤ 15 ਜਨਵਰੀ ਨੂੰ ਬਠਿੰਡਾ ਦੀ ਅਦਾਲਤ ਵਿੱਚ ਨਿੱਜੀ ਤੌਰ ‘ਤੇ ਹਾਜ਼ਰ ਹੋਣ। ਅਦਾਲਤ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਨਿਰਧਾਰਿਤ ਮਿਤੀ ‘ਤੇ ਉਹ ਹਾਜ਼ਰ ਨਹੀਂ ਹੁੰਦੀ ਤਾਂ ਉਨ੍ਹਾਂ ਦੀ ਜ਼ਮਾਨਤ ਰੱਦ ਕੀਤੀ ਜਾਵੇਗੀ ਅਤੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣਗੇ।
ਜ਼ਿਕਰਗੌਰ ਹੈ ਕਿ ਇਸ ਤੋਂ ਪਹਿਲਾਂ ਕੰਗਨਾ ਰਣੌਤ ਵੱਲੋਂ ਚਾਰ ਵਾਰ ਹਾਜ਼ਰੀ ਮਾਫ਼ੀ ਲਈ ਅਰਜ਼ੀਆਂ ਦਾਇਰ ਕੀਤੀਆਂ ਜਾ ਚੁੱਕੀਆਂ ਹਨ। ਹਰ ਵਾਰ ਮਾਮਲੇ ਦੀ ਸ਼ਿਕਾਇਤਕਰਤਾ ਬਜ਼ੁਰਗ ਮਹਿਲਾ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਵਹਿਣੀਵਾਲ ਵੱਲੋਂ ਅਦਾਲਤ ਵਿੱਚ ਇਨ੍ਹਾਂ ਅਰਜ਼ੀਆਂ ਦਾ ਸਖ਼ਤ ਵਿਰੋਧ ਕੀਤਾ ਗਿਆ। ਵਕੀਲ ਨੇ ਦਲੀਲ ਦਿੱਤੀ ਕਿ ਕੰਗਨਾ ਰਣੌਤ ਜਾਣਬੁੱਝ ਕੇ ਅਦਾਲਤੀ ਕਾਰਵਾਈ ਤੋਂ ਬਚ ਰਹੀ ਹੈ ਅਤੇ ਬਿਨਾਂ ਵਾਜਬ ਕਾਰਨਾਂ ਦੇ ਹਾਜ਼ਰੀ ਤੋਂ ਗੈਰਹਾਜ਼ਰ ਰਹਿਣਾ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਹੈ।
ਅਦਾਲਤ ਵਿੱਚ ਕੰਗਨਾ ਰਣੌਤ ਵੱਲੋਂ ਇਹ ਦਲੀਲ ਦਿੱਤੀ ਗਈ ਕਿ ਉਹ ਆਫ਼ਿਸ਼ੀਅਲ ਕੰਮ ਕਾਰਨ ਕੋਰਟ ਵਿੱਚ ਹਾਜ਼ਰ ਨਹੀਂ ਹੋ ਸਕੀ ਪਰ ਅਦਾਲਤ ਨੇ ਕੀਤਾ ਕਿ ਇਸ ਸਬੰਧੀ ਕੋਈ ਵੀ ਜ਼ਰੂਰੀ ਦਸਤਾਵੇਜ਼ ਜਾਂ ਸਬੂਤ ਪੇਸ਼ ਨਹੀਂ ਕੀਤਾ ਗਿਆ। ਇਸ ‘ਤੇ ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਬਿਨਾਂ ਵਜ੍ਹਾ ਅਦਾਲਤ ਦਾ ਕੀਮਤੀ ਸਮਾਂ ਖਰਾਬ ਨਾ ਕੀਤਾ ਜਾਵੇ।
ਅਦਾਲਤ ਦੇ ਇਸ ਸਖ਼ਤ ਫ਼ੈਸਲੇ ਤੋਂ ਬਾਅਦ ਹੁਣ ਕੰਗਨਾ ਰਣੌਤ ਲਈ ਕਾਨੂੰਨੀ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਜੇਕਰ 15 ਜਨਵਰੀ ਨੂੰ ਕੰਗਨਾ ਰਣੌਤ ਅਦਾਲਤ ਵਿੱਚ ਹਾਜ਼ਰ ਨਹੀਂ ਹੁੰਦੀ, ਤਾਂ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਹੋਰ ਵੀ ਸਖਤ ਹੋ ਸਕਦੀ ਹੈ।
ਕੀ ਹੈ ਪੂਰਾ ਮਾਮਲਾ?
ਇਹ ਮਾਨਹਾਨੀ ਦਾ ਮਾਮਲਾ ਸਾਲ 2021 ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦੁਰਗੜ੍ਹ ਜੰਡੀਆਂ ਦੀ ਰਹਿਣ ਵਾਲੀ 70 ਸਾਲਾ ਮਹਿੰਦਰ ਕੌਰ ਵੱਲੋਂ ਦਰਜ ਕਰਵਾਇਆ ਗਿਆ ਸੀ। ਇਹ ਕੇਸ ਉਸ ਸਮੇਂ ਚਰਚਾ ਵਿੱਚ ਆਇਆ ਸੀ ਜਦੋਂ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੌਰਾਨ ਬਜ਼ੁਰਗ ਮਾਤਾ ਮਹਿੰਦਰ ਕੌਰ ਬਾਰੇ ਇੱਕ ਵਿਵਾਦਿਤ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਮਾਤਾ ਮਹਿੰਦਰ ਕੌਰ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ।
Credit : www.jagbani.com