ਲੁਧਿਆਣਾ: ਲੁਧਿਆਣਾ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਜੁਨੈਦ ਅਹਿਮਦ ਵਜੋਂ ਹੋਈ ਹੈ, ਜੋ ਚੂੜੀਆਂ ਦੀ ਦੁਕਾਨ ਚਲਾਉਂਦਾ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ। ਉਸ ਦੀ ਇਕ 9 ਸਾਲ ਦੀ ਧੀ ਅਤੇ 4 ਸਾਲ ਦਾ ਪੁੱਤਰ ਸੀ। ਜੁਨੈਦ ਨੇ ਆਪਣੇ ਘਰ 'ਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਦੋਂ ਗਲੀ ਵਿਚੋਂ ਲੰਘ ਰਹੇ ਲੋਕਾਂ ਨੇ ਲਾਸ਼ ਨੂੰ ਲਟਕਦਾ ਦੇਖਿਆ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਤਲਾਸ਼ੀ ਦੌਰਾਨ ਪੁਲਸ ਨੂੰ ਜੁਨੈਦ ਦੇ ਕਮਰੇ ਵਿਚੋਂ ਦੋ ਸੁਸਾਈਡ ਬਰਾਮਦ ਹੋਏ ਹਨ।
ਪਹਿਲੇ ਸੁਸਾਈਡ ਵਿਚ ਜੁਨੈਦ ਨੇ ਲਿਖਿਆ ਕਿ ਉਸ ਦੀ ਪਤਨੀ ਨੇ ਦੋ ਨੌਜਵਾਨਾਂ ਨਾਲ ਮਿਲ ਕੇ ਉਸ ਨੂੰ ਡਰਾਇਆ-ਧਮਕਾਇਆ ਅਤੇ ਜ਼ਬਰਦਸਤੀ ਤਲਾਕ ਦੇ ਕਾਗਜ਼ਾਂ 'ਤੇ ਦਸਤਖਤ ਕਰਵਾ ਲਏ। ਉਸ ਨੇ ਇਨ੍ਹਾਂ ਤਿੰਨਾਂ ਨੂੰ ਹੀ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਦੂਜਾ ਸੁਸਾਈਡ ਉਸ ਨੇ ਆਪਣੇ ਬੱਚਿਆਂ ਦੇ ਨਾਂ ਲਿਖਿਆ ਹੈ। ਇਸ ਵਿਚ ਉਸ ਨੇ ਆਪਣੀ ਧੀ ਨੂੰ ਦੱਸਿਆ ਕਿ ਉਸ ਦੀ ਮਾਂ ਪਹਿਲਾਂ ਉਸ ਨੂੰ ਪਿਆਰ ਕਰਦੀ ਸੀ, ਪਰ ਬਾਅਦ ਵਿਚ ਜਾਨ ਦੀ ਦੁਸ਼ਮਣ ਬਣ ਗਈ। ਉਸ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਉਸ ਦੀ ਪਤਨੀ ਧੀ ਨੂੰ ਪੇਟ ਵਿਚ ਹੀ ਮਾਰ ਦੇਣਾ ਚਾਹੁੰਦੀ ਸੀ। ਅਖੀਰ ਵਿਚ ਉਸ ਨੇ ਆਪਣੀ ਧੀ ਤੋਂ ਮੁਆਫੀ ਮੰਗਦਿਆਂ "I LOVE YOU" ਲਿਖਿਆ ਹੈ।
ਸੁਸਾਈਡ ਮਿਲਣ ਤੋਂ ਬਾਅਦ, ਪੁਲਸ ਨੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਥਾਣਾ ਡਵੀਜ਼ਨ 6 ਵਿਚ ਖ਼ੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।
Credit : www.jagbani.com