ਚੰਡੀਗੜ੍ਹ,- ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬਰਨਾਲਾ ਵਾਸੀਆਂ ਲਈ ਇਕ ਵੱਡੀ ਖ਼ੁਸ਼ਖ਼ਬਰੀ ਸਾਂਝੀ ਕਰਦਿਆਂ ਐਲਾਨ ਕੀਤਾ ਹੈ ਕਿ ਵੰਦੇ ਭਾਰਤ ਐਕਸਪ੍ਰੈੱਸ ਦਾ ਬਰਨਾਲਾ ’ਚ ਅਧਿਕਾਰਿਤ ਸਟਾਪੇਜ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੰਗ ਕਾਫ਼ੀ ਸਮੇਂ ਤੋਂ ਇਲਾਕੇ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਸੀ ਅਤੇ ਹੁਣ ਇਸ ਨੂੰ ਮਨਜ਼ੂਰੀ ਮਿਲ ਗਈ ਹੈ।
ਉਨ੍ਹਾਂ ਦੱਸਿਆ ਕਿ 20 ਫਰਵਰੀ ਤੋਂ ਵੰਦੇ ਭਾਰਤ ਜਦੋਂ ਫ਼ਿਰੋਜ਼ਪੁਰ ਤੋਂ ਦਿੱਲੀ ਵੱਲ ਰਵਾਨਾ ਹੋਵੇਗੀ, ਉਸ ਵੇਲੇ ਬਰਨਾਲਾ ’ਚ ਦੋ ਮਿੰਟ ਲਈ ਰੁਕੇਗੀ। ਇਸੇ ਤਰ੍ਹਾਂ ਜਦੋਂ ਸ਼ਾਮ ਸਮੇਂ ਰੇਲ ਦਿੱਲੀ ਤੋਂ ਵਾਪਸੀ ਕਰ ਕੇ ਫ਼ਿਰੋਜ਼ਪੁਰ ਕੈਂਟ ਵੱਲ ਆਵੇਗੀ ਤਾਂ ਵੀ ਬਰਨਾਲਾ ’ਚ ਦੋ ਮਿੰਟ ਦਾ ਸਟਾਪੇਜ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਬਰਨਾਲਾ ਦੇ ਲੋਕਾਂ ਦੀ ਇਹ ਲੰਬੇ ਸਮੇਂ ਤੋਂ ਇੱਛਾ ਸੀ ਕਿ ਵੰਦੇ ਭਾਰਤ ਵਰਗੀ ਆਧੁਨਿਕ ਤੇ ਤੇਜ਼ ਰਫ਼ਤਾਰ ਰੇਲ ਇੱਥੇ ਰੁਕੇ। ਹੁਣ ਇਸ ਫ਼ੈਸਲੇ ਨਾਲ ਨਾ ਸਿਰਫ਼ ਯਾਤਰੀਆਂ ਨੂੰ ਸਹੂਲਤ ਮਿਲੇਗੀ ਸਗੋਂ ਇਲਾਕੇ ਦੇ ਵਪਾਰ ਅਤੇ ਉਦਯੋਗ ਨੂੰ ਵੀ ਲਾਭ ਹੋਵੇਗਾ। ਦਿੱਲੀ ਨਾਲ ਸਿੱਧੀ ਅਤੇ ਤੇਜ਼ ਕੁਨੈਕਟੀਵਿਟੀ ਹੋਣ ਨਾਲ ਵਿਦਿਆਰਥੀਆਂ, ਕਾਰੋਬਾਰੀਆਂ ਤੇ ਹੋਰ ਯਾਤਰੀਆਂ ਲਈ ਯਾਤਰਾ ਆਸਾਨ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਰੇਲ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ’ਚ ਹੋਰ ਵੀ ਵਿਕਾਸੀ ਪ੍ਰੋਜੈਕਟ ਲਿਆਂਦੇ ਜਾਣਗੇ। ਉਨ੍ਹਾਂ ਨੇ ਖ਼ਾਸ ਤੌਰ ’ਤੇ ਸ਼ਹਿਰ ਵਾਸੀਆਂ, ਸਮਾਜਿਕ ਸੰਸਥਾਵਾਂ ਤੇ ਉਨ੍ਹਾਂ ਸਭ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਮੰਗ ਨੂੰ ਉਭਾਰਿਆ ਤੇ ਸਰਕਾਰ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਬਰਨਾਲਾ ਦੇ ਵਿਕਾਸ ਲਈ ਉਹ ਭਵਿੱਖ ’ਚ ਵੀ ਇਸੇ ਤਰ੍ਹਾਂ ਯਤਨ ਕਰਦੇ ਰਹਿਣਗੇ। ਇਸ ਐਲਾਨ ਨਾਲ ਬਰਨਾਲਾ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਲੋਕ ਇਸ ਨੂੰ ਇਲਾਕੇ ਦੀ ਤਰੱਕੀ ਵੱਲ ਇਕ ਮਹੱਤਵਪੂਰਨ ਕਦਮ ਮੰਨ ਰਹੇ ਹਨ।
Credit : www.jagbani.com