ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਗਏ ਤਿੰਨ ਰੋਜ਼ਾ ਸਾਲਾਨਾ ਕੌਮੀ ਤਿਉਹਾਰ ਹੋਲਾ-ਮਹੱਲਾ ਦੇ ਆਖ਼ਰੀ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਜੀ ਦੀ ਯੋਗ ਅਗਵਾਈ ਹੇਠ ਕੱਢੇ ਮਹੱਲੇ ਉਪਰੰਤ ਹੋਲਾ ਮਹੱਲਾ ਦਾ ਤਿਉਹਾਰ ਸ਼ਾਂਤੀ ਪੂਰਵਕ ਢੰਗ ਨਾਲ ਸੰਪੰਨ ਹੋਇਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਵੇਰੇ ਸਭ ਤੋਂ ਪਹਿਲਾਂ ਬੀਤੇ ਦਿਨਾਂ ਤੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਸਜੇ ਧਾਰਮਿਕ ਸਮਾਗਮ ਹੈ ਦੌਰਾਨ ਸਿੱਖ ਕੌਮ ਦੇ ਪੰਥ ਪ੍ਰਸਿੱਧ ਰਾਗੀ ਜਥਿਆਂ, ਢਾਡੀ ਜੱਥਿਆਂ, ਕਵੀਸ਼ਰੀ ਜਥਿਆਂ ਅਤੇ ਕਥਾਵਾਚਕਾਂ ਵੱਲੋਂ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਖ਼ਾਲਸਈ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਹੋਲਾ-ਮਹੱਲਾ ਕੌਮ ਦੀ ਵਿਲੱਖਣਤਾ, ਨਿਆਰੀ ਆਭਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ।

ਉਨ੍ਹਾਂ ਕਿਹਾ ਕਿ ਗੁਰੂ ਸਿੱਖਿਆ ਅਨੁਸਾਰ ਸਿੱਖ ਨੇ ਇਕ ਦੂਜੇ ਨੂੰ ਗੁਰਬਾਣੀ ਦਾ ਰੰਗ ਲਾਉਣਾ ਹੈ ਨਾ ਕਿ ਆਪਣੀ ਰਵਾਇਤ ਦੇ ਉਲਟ ਕਾਰਜ ਕਰਨੇ ਹਨ। ਇਕ ਦੂਜੇ ਉੱਤੇ ਰੰਗ ਸੁੱਟਣੇ, ਮੂੰਹ ਸਿਰ ਨੂੰ ਰੰਗਣਾ ਸਿੱਖਾਂ ਦੀ ਰਵਾਇਤ ਬਿਲਕੁਲ ਵੀ ਨਹੀਂ। ਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਵਿਲੱਖਣਾ ਬਖ਼ਸ਼ੀ ਹੈ, ਜਿਸ ਦੇ ਸਦਕਾ ਕੌਮ ਨੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਦਿਆਂ ਦਰਾ ਖ਼ੈਬਰ ਤੱਕ ਨੂੰ ਬੰਦ ਕੀਤਾ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖਾਂ ਨੇ ਇਸ ਮੁਲਕ ਨੂੰ ਬਚਾਇਆ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਹਿੰਦੁਸਤਾਨ ਦੀ ਤਾਕਤ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਵਿਉਂਤ ਬਣਾਏਗਾ ਅਤੇ ਸਾਜ਼ਿਸ਼ਾਂ ਰਚੇਗਾ ਅਤੇ ਜੇਕਰ ਸਿੱਖ ਕਮਜ਼ੋਰ ਹੋਣਗੇ ਤਾਂ ਇਹ ਮੁਲਕ ਵੀ ਕਮਜ਼ੋਰ ਹੋਵੇਗਾ।

ਲੰਮੇ ਸਮੇਂ ਤੋਂ ਨਜ਼ਰਬੰਦ ਸਿੰਘਾਂ ਦੀ ਗੱਲ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਇਨ੍ਹਾਂ ਸਿੰਘਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਆਪਣੀ ਬਿਰਧ ਮਾਤਾ ਨੂੰ ਮਿਲਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜਦਕਿ ਵੱਡੇ-ਵੱਡੇ ਅਪਰਾਧ ਕਰਨ ਵਾਲੇ ਅਖੌਤੀ ਸਾਧਾਂ ਨੂੰ ਕੁਝ ਸਮੇਂ ਬਾਅਦ ਹੀ ਛੁੱਟੀਆਂ ਦਿੱਤੀਆਂ ਜਾਂਦੀਆਂ ਹਨ। ਸਰਕਾਰਾਂ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਪ੍ਰੋ ਦੇਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਰਕਾਰਾਂ ਲੋਕਾਂ ਦੇ ਲਈ ਹੁੰਦੀਆਂ ਹਨ, ਦੇਸ਼ ਅੰਦਰ ਕਾਨੂੰਨ ਦਾ ਰਾਜ ਹੈ ਅਤੇ ਇੱਥੇ ਇਨਸਾਫ਼ ਕਰਨ ਲਈ ਅਦਾਲਤਾਂ ਸਥਾਪਤ ਹਨ। ਪਿਛਲੇ ਤਿੰਨ ਮਹੀਨਿਆਂ ਵਿਚ ਪੰਜਾਬ ਅੰਦਰ 34 ਨੌਜਵਾਨਾਂ ਨੂੰ ਪੰਜਾਬ ਪੁਲਸ ਨੇ ਮੁਕਾਬਲਾ ਬਣਾ ਕੇ ਮਾਰਿਆ ਹੈ।

ਉਨ੍ਹਾਂ ਕਿਹਾ ਕਿ ਕਤਲੋਗਾਰਤ ਕਿਸੇ ਵੀ ਪਾਸਿਓਂ ਨਹੀਂ ਹੋਣੀ ਚਾਹੀਦੀ, ਜੇਕਰ ਕੋਈ ਪੁਲਸ ਵਾਲਾ ਮਾਰਿਆ ਗਿਆ ਹੈ, ਉਹ ਵੀ ਸਾਡਾ ਹੈ, ਇਹ ਨਹੀਂ ਹੋਣਾ ਚਾਹੀਦਾ। ਕਤਲੋਗਾਰਤ ਪੰਜਾਬ ਦੇ ਪੱਖ ਵਿੱਚ ਨਹੀਂ। ਉਨ੍ਹਾਂ ਕਿਹਾ ਜਿਹੜੇ ਸਾਡੇ ਕੁਝ ਨੌਜਵਾਨ ਭਟਕ ਗਏ ਹਨ ਉਨ੍ਹਾਂ ਨੂੰ ਬੇਨਤੀ ਹੈ ਕਿ ਪੰਜਾਬ ਸਰਬੱਤ ਦਾ ਭਲਾ ਮੰਗਣ ਵਾਲਾ ਖਿੱਤਾ ਹੈ, ਨਾਜਾਇਜ਼ ਕਿਸੇ ਨੂੰ ਵੀ ਨਾ ਮਾਰਿਆ ਜਾਵੇ। ਉਨ੍ਹਾਂ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਇਹ ਗੱਲ ਲਈ ਅਾਵਾਜ਼ ਬੁਲੰਦ ਕੀਤੀ ਜਾਵੇ ਕਿ ਸਾਨੂੰ ਸੂਬੇ ਅੰਦਰ ਪੁਲਸ ਰਾਜ ਨਹੀਂ ਚਾਹੀਦਾ। ਇਥੇ ਲੋਕਤੰਤਰ ਹੈ, ਇਸ ਲਈ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਹੈ ਨਾ ਕਿ ਡੰਡੇ ਦਾ। ਉਨ੍ਹਾਂ ਕਿਹਾ ਕਿ ਸਿੱਖ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਅਤੇ ਧੀਆਂ ਹਨ, ਵਿਲੱਖਣ ਅਤੇ ਨਿਆਰੀ ਪਛਾਣ ਵਾਲੇ ਹਨ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਇਸ ਦੇਸ਼ ਅੰਦਰ ਬਹੁ-ਗਿਣਤੀ ਦਾ ਹਿੱਸਾ ਨਹੀਂ ਹੈ ਅਤੇ ਇਹ ਵਿਲੱਖਣ ਕੌਮ ਹੈ ਅਤੇ ਹਮੇਸ਼ਾ ਰਹੇਗੀ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਆਪਣੀ ਪਛਾਣ ਦੇ ਮਸਲੇ ਉੱਤੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਹੈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼ਹੀਦ ਭਾਈ ਤਾਰਾ ਸਿੰਘ ਦਾ 300 ਸਾਲਾ ਸ਼ਹੀਦੀ ਦਿਹਾੜਾ ਇਸੇ ਮਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਉੱਤੇ ਮਨਾਇਆ ਜਾ ਰਿਹਾ ਹੈ। ਇਸ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ 8 ਮਾਰਚ ਤੋਂ 12 ਮਾਰਚ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ‘ਗੁਰਸਿਖਾ ਇਕੋ ਪਿਆਰ ਗੁਰਮਿਤਾ ਪੁਤਾ ਭਾਈਆ’ ਖ਼ਾਲਸਈ ਮਾਰਚ ਸਜਾਇਆ ਜਾਵੇਗਾ। ਇਹ ਮਾਰਚ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਦੇ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਭਾਈ ਤਾਰਾ ਸਿੰਘ ਜੀ ਸ਼ਹੀਦ ਪਿੰਡ ਵਾਂ ਵਿਖੇ ਸੰਪੂਰਨ ਹੋਵੇਗਾ।

ਇਹ ਲਹਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਹੋਵੇਗੀ, ਜਿਸ ਤਹਿਤ ਪੰਜਾਬ ਅੰਦਰ ਸਥਿਤ ਤਿੰਨੋਂ ਤਖ਼ਤ ਸਾਹਿਬਾਨ ਤੋਂ ਹਰ ਪਿੰਡ ਹਰ ਸ਼ਹਿਰ ਤੱਕ ਪਹੁੰਚ ਕਰਨ ਲਈ ਇਹ ਉਪਰਾਲੇ ਕੀਤੇ ਜਾਣਗੇ। ਉਪਰੰਤ ਪੰਜ ਪਿਆਰੇ ਸਾਹਿਬਾਨ ਜੀ ਦੀ ਅਗਵਾਈ ਹੇਠ ਅਰਦਾਸ ਕਰਨ ਉਪਰੰਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਮਹੱਲਾ ਸਜਾਇਆ ਗਿਆ। ਜੋ ਗੁ.ਕਿਲਾ ਅਨੰਦਗੜ੍ਹ ਸਾਹਿਬ, ਗੁ. ਸ਼ਹੀਦੀ ਬਾਗ ਨਵੀਂ ਆਬਾਦੀ, ਚੰਡੀਗੜ੍ਹ-ਨੰਗਲ ਮੁੱਖ ਸੜਕ ਤੋਂ ਹੁੰਦਾ ਹੋਇਆ ਗੁਰਦੁਆਰਾ ਮਾਤਾ ਜੀਤ ਕੌਰ ਅਗੰਮਪਰ ਵਿਖੇ ਪਹੁੰਚਿਆ, ਜਿੱਥੇ ਮੱਥਾ ਟੇਕਣ ਉਪਰੰਤ ਵਾਪਸੀ ਤੇ ਗੁ.ਕਿਲਾ ਫਤਿਹਗੜ੍ਹ ਸਾਹਿਬ, ਗੁ. ਸੀਸ ਗੰਜ ਸਾਹਿਬ ਗੁ.ਭੋਰਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਵਾਪਸ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਕਮੇਟੀ ਦੇ ਮੈਂਬਰ ਜਥੇਦਾਰ ਦਲਜੀਤ ਸਿੰਘ ਭਿੰਡਰ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਬੁਲਾਰਾ ਭਾਈ ਅਮਰਜੀਤ ਸਿੰਘ ਚਾਵਲਾ, ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਮੈਨੇਜਰ ਮਲਕੀਤ ਸਿੰਘ, ਅਡੀਸ਼ਨਲ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਸੰਦੀਪ ਸਿੰਘ ਕਲੋਤਾ, ਦਵਿੰਦਰ ਸਿੰਘ ਢਿੱਲੋ, ਸੁਰਜੀਤ ਸਿੰਘ ਚੈਹੜਮਜ਼ਾਰਾ, ਜਥੇਦਾਰ ਰਾਮ ਸਿੰਘ ਸਮੇਤ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com