ਨਵੀਂ ਦਿੱਲੀ- ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਿੱਲਤ ਨਹੀਂ ਹੈ ਅਤੇ ਦੇਸ਼ ਭਰ ਦੇ ਪੈਟਰੋਲ ਪੰਪਾਂ (Retail Outlets) 'ਤੇ ਤੇਲ ਦੀ ਲੋੜੀਂਦੀ ਮਾਤਰਾ ਉਪਲਬਧ ਹੈ। ਮੰਤਰਾਲੇ ਨੇ ਲੋਕਾਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਉਹ ਤੇਲ ਨੂੰ ਖੁੱਲ੍ਹੇ ਜਾਂ ਗ਼ੈਰ-ਮਿਆਰੀ ਭਾਂਡਿਆਂ 'ਚ ਸਟੋਰ ਨਾ ਕਰਨ, ਕਿਉਂਕਿ ਅਜਿਹਾ ਕਰਨਾ ਸੁਰੱਖਿਆ ਦੇ ਲਿਹਾਜ਼ ਨਾਲ ਬੇਹੱਦ ਖ਼ਤਰਨਾਕ ਹੋ ਸਕਦਾ ਹੈ। ਤਾਮਿਲਨਾਡੂ 'ਚ ਇਕ ਪੰਪ ਵਲੋਂ ਬੋਤਲ 'ਚ ਪੈਟਰੋਲ ਦੇਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਪੈਟਰੋਲ ਪੰਪ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਹੈ। ਸਰਕਾਰ ਨੇ ਸਾਰੇ ਪੈਟਰੋਲ ਪੰਪ ਮਾਲਕਾਂ ਅਤੇ ਡੀਲਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪੈਟਰੋਲ ਦਿੰਦੇ ਸਮੇਂ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਜੇਕਰ ਕੋਈ ਪੈਟਰੋਲ ਪੰਪ ਨਿਯਮਾਂ ਨੂੰ ਤੋੜਦਾ ਮਿਲਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।

ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਪੱਛਮੀ ਏਸ਼ੀਆ 'ਚ ਜੰਗ ਵਰਗੇ ਹਾਲਾਤ ਹੋਣ ਦੇ ਬਾਵਜੂਦ ਭਾਰਤ 'ਚ ਊਰਜਾ ਦਾ ਕੋਈ ਸੰਕਟ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਾਕਿਸਤਾਨ 'ਚ ਐਮਰਜੈਂਸੀ ਵਰਗੇ ਹਾਲਾਤ ਹਨ ਅਤੇ ਬੰਗਲਾਦੇਸ਼ 'ਚ ਸਕੂਲ-ਕਾਲਜ ਬੰਦ ਕਰਨੇ ਪਏ ਹਨ, ਉੱਥੇ ਹੀ ਭਾਰਤ ਨੇ ਆਪਣੀ ਸਪਲਾਈ ਲਾਈਨ ਨੂੰ ਮਜ਼ਬੂਤ ਰੱਖਿਆ ਹੋਇਆ ਹੈ। ਮੰਤਰੀ ਨੇ ਦੱਸਿਆ ਕਿ ਭਾਰਤ ਨੇ ਕੱਚੇ ਤੇਲ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਆਪਣੀ ਰਣਨੀਤੀ 'ਚ ਵੱਡਾ ਬਦਲਾਅ ਕੀਤਾ ਹੈ। ਪਹਿਲਾਂ ਭਾਰਤ ਸਿਰਫ਼ 27 ਦੇਸ਼ਾਂ ਤੋਂ ਤੇਲ ਮੰਗਵਾਉਂਦਾ ਸੀ, ਪਰ ਹੁਣ 40 ਦੇਸ਼ਾਂ ਨਾਲ ਤੇਲ ਦੀ ਦਰਾਮਦ (Import) ਲਈ ਸਮਝੌਤੇ ਕੀਤੇ ਗਏ ਹਨ। ਇਸ ਦੇ ਨਾਲ ਹੀ ਸਰਕਾਰ ਨੇ ਤੇਲ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ਨੂੰ ਰੋਕਣ ਲਈ ਵੀ ਸਖ਼ਤ ਨਿਯਮ ਲਾਗੂ ਕੀਤੇ ਹਨ। ਕਾਂਗਰਸ ਵੱਲੋਂ ਸਰਕਾਰ ਦੀ ਕੀਤੀ ਜਾ ਰਹੀ ਨਿਖੇਧੀ 'ਤੇ ਜਵਾਬ ਦਿੰਦਿਆਂ ਸ਼ੇਖਾਵਤ ਨੇ ਕਿਹਾ ਕਿ ਵਿਰੋਧੀ ਧਿਰ ਕੋਲ ਕੋਈ ਮੁੱਦਾ ਨਹੀਂ ਹੈ, ਇਸ ਲਈ ਉਹ ਜਾਣਬੁੱਝ ਕੇ ਬੇਲੋੜਾ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੰਤਰਾਲੇ ਨੇ ਸਾਰੇ ਪੈਟਰੋਲ ਪੰਪਾਂ ਨੂੰ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com