ਲੁਧਿਆਣਾ: ਉਦਯੋਗਿਕ ਨਗਰੀ ਦੇ ਖਾਸੀ ਕਲਾਂ ਇਲਾਕੇ ਵਿਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਕ ਹੀ ਕਾਲੋਨੀ ਦੇ ਚਾਰ ਮਾਸੂਮ ਬੱਚੇ ਅਚਾਨਕ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਏ। ਲਾਪਤਾ ਹੋਣ ਵਾਲਿਆਂ ਵਿਚ ਦੋ ਸਕੀਆਂ ਭੈਣਾਂ ਵੀ ਸ਼ਾਮਲ ਹਨ। ਪਰਿਵਾਰ ਵਾਲਿਆਂ ਨੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬੱਚਿਆਂ ਨੂੰ ਨਿੱਜੀ ਸਵਾਰਥ ਲਈ ਬੰਧਕ ਬਣਾ ਕੇ ਰੱਖਣ ਜਾਂ ਅਗਵਾ ਕਰਨ ਦਾ ਖਦਸ਼ਾ ਜਤਾਇਆ ਹੈ, ਜਿਸ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਮੁਤਾਬਕ ਮਨੀਸ਼ਾ (13) ਅਤੇ ਉਸ ਦੀ ਵੱਡੀ ਭੈਣ ਨੇਹਾ (15) ਬੀਤੇ 29 ਅਪ੍ਰੈਲ ਨੂੰ ਸਵੇਰੇ ਘਰ ਤੋਂ ਸਰਕਾਰੀ ਸਕੂਲ ਖਾਸੀ ਕਲਾਂ ਵਿਚ ਪੜ੍ਹਨ ਲਈ ਨਿਕਲੀਆਂ ਸਨ। ਪਰ ਸ਼ਾਮ ਢਲਣ ਤੱਕ ਜਦੋਂ ਉਹ ਘਰ ਨਹੀਂ ਪਰਤੀਆਂ, ਤਾਂ ਪਰਿਵਾਰ ਵਾਲਿਆਂ ਦੀ ਚਿੰਤਾ ਵਧ ਗਈ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਦਿਨ ਉਹ ਸਕੂਲ ਪਹੁੰਚੀਆਂ ਹੀ ਨਹੀਂ ਸਨ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਾਮਲਾ ਉਦੋਂ ਹੋਰ ਗੰਭੀਰ ਹੋ ਗਿਆ ਜਦੋਂ ਪਤਾ ਲੱਗਾ ਕਿ ਉਸੇ ਕਾਲੋਨੀ ਵਿਚ ਰਹਿਣ ਵਾਲੀ ਇਕ ਹੋਰ ਲੜਕੀ ਸੁਹਾਨੀ (14) ਅਤੇ 10 ਸਾਲਾ ਮਾਸੂਮ ਸੋਹਿਲ ਵੀ ਉਸੇ ਸਮੇਂ ਤੋਂ ਲਾਪਤਾ ਹਨ। ਇੱਕੋ ਸਮੇਂ ਚਾਰ ਬੱਚਿਆਂ ਦੇ ਗਾਇਬ ਹੋਣ ਦੀ ਖ਼ਬਰ ਅੱਗ ਵਾਂਗ ਫੈਲ ਗਈ। ਪਰਿਵਾਰ ਵਾਲਿਆਂ ਨੇ ਆਪਣੇ ਪੱਧਰ 'ਤੇ ਬੱਚਿਆਂ ਦੀ ਹਰ ਸੰਭਵ ਜਗ੍ਹਾ, ਰਿਸ਼ਤੇਦਾਰੀਆਂ ਅਤੇ ਜਾਣ-ਪਛਾਣ ਵਾਲਿਆਂ ਕੋਲ ਕਾਫੀ ਭਾਲ ਕੀਤੀ, ਪਰ ਉਨ੍ਹਾਂ ਦਾ ਕਿਤੇ ਕੋਈ ਸੁਰਾਗ ਨਹੀਂ ਮਿਲਿਆ। ਪਰੇਸ਼ਾਨ ਹੋ ਕੇ ਪੀੜਤਾਂ ਨੇ ਪੁਲਸ ਦਾ ਦਰਵਾਜ਼ਾ ਖੜਕਾਇਆ ਹੈ।
ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ੱਕ ਜਤਾਇਆ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਬੱਚਿਆਂ ਨੂੰ ਵਰਗਲਾ ਕੇ ਜਾਂ ਡਰਾ-ਧਮਕਾ ਕੇ ਆਪਣੀ ਗੈਰ-ਕਾਨੂੰਨੀ ਹਿਰਾਸਤ ਵਿਚ ਕਿਤੇ ਲੁਕਾ ਕੇ ਰੱਖਿਆ ਹੈ। ਥਾਣਾ ਜਮਾਲਪੁਰ ਦੀ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਬੱਚਿਆਂ ਦੀ ਭਾਲ ਲਈ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ .ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਇੱਕੋ ਸਮੇਂ ਚਾਰ ਬੱਚਿਆਂ ਦਾ ਰਹੱਸਮਈ ਤਰੀਕੇ ਨਾਲ ਗਾਇਬ ਹੋਣਾ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ, ਉੱਥੇ ਹੀ ਮਾਸੂਮਾਂ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ।
Credit : www.jagbani.com