'ਜਹਾਜ਼ਾਂ ਨੂੰ ਧਮਕਾਉਣਾ ਕੰਟਰੋਲ ਨਹੀਂ, ਬਲਕਿ ਲੁੱਟ', US ਰੱਖਿਆ ਮੰਤਰੀ ਦੀ ਈਰਾਨ ਨੂੰ ਚਿਤਾਵਨੀ

'ਜਹਾਜ਼ਾਂ ਨੂੰ ਧਮਕਾਉਣਾ ਕੰਟਰੋਲ ਨਹੀਂ, ਬਲਕਿ ਲੁੱਟ', US ਰੱਖਿਆ ਮੰਤਰੀ ਦੀ ਈਰਾਨ ਨੂੰ ਚਿਤਾਵਨੀ

ਵਾਸ਼ਿੰਗਟਨ/ਤੇਹਰਾਨ: ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਇਕ ਵਾਰ ਫਿਰ ਗੰਭੀਰ ਮੋੜ 'ਤੇ ਪਹੁੰਚ ਗਿਆ ਹੈ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਈਰਾਨ ਨੂੰ ਬਹੁਤ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਹੋਰਮੁਜ਼ ਦੀ ਖਾੜੀ ਵਿੱਚ ਜਹਾਜ਼ਾਂ ਨੂੰ ਧਮਕਾਉਣਾ ਕੋਈ ਕੰਟਰੋਲ ਨਹੀਂ, ਸਗੋਂ ਸਿੱਧੀ 'ਸਮੁੰਦਰੀ ਲੁੱਟ' ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਈਰਾਨ ਨੇ ਜਲਦੀ ਹੀ ਕੋਈ ਸਹੀ ਫੈਸਲਾ ਜਾਂ ਸਮਝੌਤਾ ਨਾ ਕੀਤਾ ਤਾਂ ਅਮਰੀਕਾ ਮੁੜ ਤੋਂ ਫੌਜੀ ਕਾਰਵਾਈ ਸ਼ੁਰੂ ਕਰ ਸਕਦਾ ਹੈ।

ਜੰਗਬੰਦੀ ਖ਼ਤਮ ਹੋਣ ਕੰਢੇ, ਗੱਲਬਾਤ ਹੋਈ ਫੇਲ੍ਹ
ਸੂਤਰਾਂ ਅਨੁਸਾਰ ਦੋਵਾਂ ਦੇਸ਼ਾਂ ਵਿਚਾਲੇ ਹੋਈ ਦੋ ਹਫ਼ਤਿਆਂ ਦੀ ਜੰਗਬੰਦੀ 22 ਅਪ੍ਰੈਲ ਨੂੰ ਖ਼ਤਮ ਹੋ ਰਹੀ ਹੈ। ਇਸ ਦੌਰਾਨ ਪਾਕਿਸਤਾਨ ਵਿੱਚ ਦੋਵਾਂ ਧਿਰਾਂ ਵਿਚਾਲੇ ਹੋਈ ਗੱਲਬਾਤ ਵੀ ਨਾਕਾਮ ਰਹੀ ਹੈ। ਰੱਖਿਆ ਮੰਤਰੀ ਹੇਗਸੇਥ ਨੇ ਕਿਹਾ ਕਿ ਅਮਰੀਕੀ ਖੁਫੀਆ ਏਜੰਸੀਆਂ ਈਰਾਨ ਦੀ ਹਰ ਹਰਕਤ 'ਤੇ ਨਜ਼ਰ ਰੱਖ ਰਹੀਆਂ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਈਰਾਨ ਆਪਣੇ ਤਬਾਹ ਹੋਏ ਹਥਿਆਰਾਂ ਨੂੰ ਮੁੜ ਇਕੱਠਾ ਕਰ ਰਿਹਾ ਹੈ।

ਤੇਲ ਦੀ ਸਪਲਾਈ 'ਤੇ ਮੰਡਰਾਇਆ ਖ਼ਤਰਾ
ਹੋਰਮੁਜ਼ ਦੀ ਖਾੜੀ ਦੁਨੀਆ ਲਈ ਵਪਾਰਕ ਪੱਖੋਂ ਬਹੁਤ ਮਹੱਤਵਪੂਰਨ ਹੈ। ਦੁਨੀਆ ਦਾ ਲਗਭਗ 20 ਫੀਸਦੀ ਤੇਲ ਇਸੇ ਤੰਗ ਸਮੁੰਦਰੀ ਰਸਤੇ ਰਾਹੀਂ ਗੁਜ਼ਰਦਾ ਹੈ। ਜੇਕਰ ਇਰਾਨ ਇਸ ਰਸਤੇ ਨੂੰ ਰੋਕਦਾ ਹੈ ਜਾਂ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਂਦਾ ਹੈ, ਤਾਂ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਸਕਦੀਆਂ ਹਨ, ਜਿਸ ਨਾਲ ਕਈ ਦੇਸ਼ਾਂ ਦੀ ਅਰਥਵਿਵਸਥਾ ਹਿੱਲ ਸਕਦੀ ਹੈ।

ਈਰਾਨ ਨੇ ਵਧਾਈ ਡਰੋਨਾਂ ਦੀ ਤਾਕਤ
ਦੂਜੇ ਪਾਸੇ, ਈਰਾਨ ਵੀ ਜੰਗੀ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ। ਈਰਾਨੀ ਫੌਜ ਦੇ ਅਧਿਕਾਰੀਆਂ ਅਨੁਸਾਰ, ਪਿਛਲੇ ਸਾਲ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਮਲਿਆਂ ਤੋਂ ਬਾਅਦ, ਈਰਾਨ ਨੇ ਆਪਣੇ ਹਮਲਾਵਰ ਡਰੋਨਾਂ ਦੇ ਉਤਪਾਦਨ ਦੀ ਰਫ਼ਤਾਰ 10 ਗੁਣਾ ਤੇਜ਼ ਕਰ ਦਿੱਤੀ ਹੈ। ਅਮਰੀਕਾ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਸ ਦੀ ਸੈਨਾ ਪੂਰੀ ਤਰ੍ਹਾਂ ਤਿਆਰ ਹੈ ਅਤੇ ਉਹ ਕਿਸੇ ਵੀ ਅਣਸੁਖਾਵੀਂ ਸਥਿਤੀ ਦਾ ਜਵਾਬ ਦੇਣ ਲਈ ਤਿਆਰ ਹਨ। ਹੁਣ ਪੂਰੀ ਦੁਨੀਆ ਦੀਆਂ ਨਜ਼ਰਾਂ 22 ਅਪ੍ਰੈਲ 'ਤੇ ਟਿਕੀਆਂ ਹੋਈਆਂ ਹਨ, ਜਦੋਂ ਮੌਜੂਦਾ ਜੰਗਬੰਦੀ ਦੀ ਮਿਆਦ ਖ਼ਤਮ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS