ਇੰਟਰਨੈਸ਼ਨਲ ਡੈਸਕ- ਇਰਾਨ-ਅਮਰੀਕਾ ਟਕਰਾਅ ਇਕ ਵਾਰ ਫਿਰ ਜ਼ੋਰ ਫੜ ਸਕਦਾ ਹੈ ਅਤੇ ਪੂਰੀ ਦੁਨੀਆ ਨੂੰ ਹਿਲਾ ਸਕਦਾ ਹੈ। ਅਜਿਹਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਰਾਨ ’ਤੇ ਫੈਸਲਾਕੁੰਨ ਅਤੇ ਵੱਡੇ ਹਮਲੇ ਦੀ ਤਿਆਰੀ ਵਿਚ ਹਨ। ਸੈਂਟਰਲ ਕਮਾਂਡ ਦੇ ਕਮਾਂਡਰ ਬ੍ਰੈਡ ਕੂਪਰ ਅਤੇ ਜੁਆਇੰਟ ਚੀਫਸ ਦੇ ਚੇਅਰਮੈਨ ਨੇ ਟਰੰਪ ਨੂੰ ਹਮਲਿਆਂ ਦੀਆਂ 3 ਨਵੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ।
ਇਹ ਮੀਟਿੰਗ ਅਜਿਹੇ ਸਮੇਂ ਹੋਈ ਹੈ, ਜਦੋਂ ਅਮਰੀਕਾ ਨੇ 24 ਘੰਟਿਆਂ ਦੇ ਅੰਦਰ ਇਜ਼ਰਾਈਲ ਨੂੰ ਲੱਗਭਗ 6,500 ਟਨ ਗੋਲਾ-ਬਾਰੂਦ ਅਤੇ ਫੌਜੀ ਸਾਜ਼ੋ-ਸਾਮਾਨ ਭੇਜਿਆ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਟਰੰਪ ਇਸ ਰੁਕਾਵਟ ਨੂੰ ਖਤਮ ਕਰਨ ਲਈ ਸਥਿਤੀ ਨੂੰ ਹੋਰ ਗੰਭੀਰ ਬਣਾਉਣ ਦੀ ਯੋਜਨਾ ਬਣਾ ਰਹੇ ਹੋ ਸਕਦੇ ਹਨ। ਫਰਵਰੀ ਦੇ ਅਖੀਰ ਵਿਚ ਇਰਾਨ ਜੰਗ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਇਜ਼ਰਾਈਲ ਨੂੰ ਲੱਗਭਗ 1,15,600 ਟਨ ਫੌਜੀ ਸਮੱਗਰੀ ਭੇਜ ਚੁੱਕਾ ਹੈ।
ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਕਿਹਾ ਹੈ ਕਿ ਇਰਾਨ ਨੂੰ ਪ੍ਰਮਾਣੂ ਹਥਿਆਰ ਬਣਾਉਣ ਨਹੀਂ ਦਿੱਤੇ ਜਾ ਸਕਦੇ। ਉਨ੍ਹਾਂ ਕਿਹਾ ਕਿ ਜੇ ਤੁਸੀਂ (ਦੁਨੀਆ) ਇਸ ਨਾਲ ਸਹਿਮਤ ਹੋ, ਤਾਂ ਮੈਂ ਜੋ ਕੀਤਾ ਉਹ ਪੂਰੀ ਤਰ੍ਹਾਂ ਸਫਲ ਰਿਹਾ, ਕਿਉਂਕਿ ਸਾਡੀ ਫੌਜ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਕਮਜ਼ੋਰ ਕਰ ਦਿੱਤਾ ਹੈ। ਟਰੰਪ ਨੇ ਦੋਸ਼ ਲਾਇਆ ਕਿ ਇਰਾਨ ਦੀ ਸਰਕਾਰ ਨੇ ਉੱਥੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ 42,000 ਬੇਗੁਨਾਹ ਅਤੇ ਨਿਹੱਥੇ ਲੋਕਾਂ ਦੀ ਹੱਤਿਆ ਕੀਤੀ ਹੈ। ਇਹ ਇਕ ਅੱਤਵਾਦੀ ਸਮੂਹ ਹੈ ਪਰ ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਕਮਜ਼ੋਰ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਆਰਥਿਕਤਾ ਬਰਬਾਦ ਹੋ ਚੁੱਕੀ ਹੈ।
ਇਰਾਨ ਦੇ ਸੰਸਦ ਮੈਂਬਰ ਨੇ ਅਰਬ ਦੇਸ਼ਾਂ ਨੂੰ ਧਮਕਾਇਆ
ਇਰਾਨ ਦੇ ਸੰਸਦ ਮੈਂਬਰ ਮਹਿਮੂਦ ਨਬਾਵੀਅਨ ਨੇ ਖੇਤਰ ਦੇ ਅਰਬ ਦੇਸ਼ਾਂ ਦੇ ਸ਼ਾਸਕਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਇਕ ਰੈਲੀ ਵਿਚ ਉਨ੍ਹਾਂ ਕਿਹਾ ਕਿ ਜੇ ਇਰਾਨ ਦੇ ਚੋਟੀ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ, ਤਾਂ ਅਰਬ ਦੇਸ਼ਾਂ ਦੇ ਰਾਜੇ ਅਤੇ ਉਨ੍ਹਾਂ ਦੇ ਮਹਿਲ ਸੁਰੱਖਿਅਤ ਨਹੀਂ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇਸ਼ਾਂ ਦੀਆਂ ਖੇਤਰੀ ਸਰਕਾਰਾਂ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੀ ਜ਼ਮੀਨ ਦੀ ਵਰਤੋਂ ਇਰਾਨ ਦੇ ਖਿਲਾਫ ਫੌਜੀ ਕਾਰਵਾਈ ਲਈ ਨਾ ਹੋਵੇ।
ਟਰੰਪ ਨੇ ਹੁਣ ਸਪੇਨ-ਇਟਲੀ ਤੋਂ ਫੌਜੀਆਂ ਨੂੰ ਹਟਾਉਣ ਦੀ ਧਮਕੀ ਦਿੱਤੀ
ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਟਲੀ ਅਤੇ ਸਪੇਨ ਵਿਚ ਤਾਇਨਾਤ ਅਮਰੀਕੀ ਫੌਜੀਆਂ ਦੀ ਗਿਣਤੀ ਘਟਾ ਸਕਦੇ ਹਨ। ਉਨ੍ਹਾਂ ਇਰਾਨ ਦੇ ਮੁੱਦੇ ’ਤੇ ਦੋਵਾਂ ਦੇਸ਼ਾਂ ਦੇ ਰੁਖ਼ ਦੀ ਆਲੋਚਨਾ ਕਰਦੇ ਹੋਏ ਇਹ ਸੰਕੇਤ ਦਿੱਤਾ। ਉਨ੍ਹਾਂ ਨੇ ਇਟਲੀ ਨੂੰ ਮਦਦ ਨਾ ਕਰਨ ਵਾਲਾ ਦੱਸਿਆ, ਜਦਕਿ ਸਪੇਨ ਨੂੰ ਇਕ ਖ਼ਰਾਬ ਦੇਸ਼ ਕਿਹਾ। ਟਰੰਪ ਇਕ ਦਿਨ ਪਹਿਲਾਂ ਜਰਮਨੀ ਵਿਚ ਵੀ ਫੌਜੀਆਂ ਦੀ ਗਿਣਤੀ ਘਟਾਉਣ ਦੀ ਗੱਲ ਕਰ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਟਿੱਪਣੀਆਂ ਨਾਲ ਨਾਟੋ ਦੇ ਪ੍ਰਮੁੱਖ ਸਹਿਯੋਗੀ ਦੇਸ਼ਾਂ ਨਾਲ ਰਿਸ਼ਤਿਆਂ ਵਿਚ ਤਣਾਅ ਵੱਧ ਸਕਦਾ ਹੈ, ਖ਼ਾਸ ਕਰ ਕੇ ਉਸ ਸਮੇਂ ਜਦੋਂ ਇਰਾਨ ਜੰਗ ਨੂੰ ਲੈ ਕੇ ਪਹਿਲਾਂ ਹੀ ਗੱਠਜੋੜ ਦੇ ਅੰਦਰ ਮੱਤਭੇਦ ਬਣੇ ਹੋਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com