ਅਹਿਮ ਖ਼ਬਰ: ਮਹਿੰਗਾ ਹੋ ਸਕਦੈ ਰੇਲ ਸਫ਼ਰ ਦੌਰਾਨ ਖਾਣਾ-ਪੀਣਾ, ਵਿਭਾਗ ਵੱਲੋਂ ਰੇਟ ਵਧਾਉਣ ਦੀ ਤਿਆਰੀ

ਅਹਿਮ ਖ਼ਬਰ: ਮਹਿੰਗਾ ਹੋ ਸਕਦੈ ਰੇਲ ਸਫ਼ਰ ਦੌਰਾਨ ਖਾਣਾ-ਪੀਣਾ, ਵਿਭਾਗ ਵੱਲੋਂ ਰੇਟ ਵਧਾਉਣ ਦੀ ਤਿਆਰੀ

ਲੁਧਿਆਣਾ : ਲਗਾਤਾਰ ਵੱਧ ਰਹੀ ਮਹਿੰਗਾਈ ਕਾਰਨ ਆਉਣ ਵਾਲੇ ਸਮੇਂ 'ਚ ਰੇਲ ਯਾਤਰੀਆਂ ਨੂੰ ਸਫ਼ਰ ਦੌਰਾਨ ਖਾਣ-ਪੀਣ ਦੀਆਂ ਵਸਤੂਆਂ ਦੀ ਵੱਧ ਕੀਮਤ ਚੁਕਾਉਣੀ ਪੈ ਸਕਦੀ ਹੈ। ਉੱਤਰੀ ਰੇਲਵੇ ਵੱਲੋਂ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਧਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੇ ਲਈ ਉੱਤਰੀ ਰੇਲਵੇ 'ਚ ਜ਼ੋਨ ਪੱਧਰ 'ਤੇ ਸਾਰੀਆਂ ਡਵੀਜ਼ਨਾਂ ਦੇ ਅਧਿਕਾਰੀਆਂ ਨੂੰ ਮਾਰਕੀਟ ਰੇਟਾਂ ਬਾਰੇ ਸਰਵੇਖਣ ਕਰਨ ਲਈ ਕਿਹਾ ਗਿਆ ਹੈ। ਰੇਲਵੇ ਬੋਰਡ ਵੱਲੋਂ ਸਾਰੀਆਂ ਡਵੀਜ਼ਨਾਂ ਦੀ ਸਰਵੇ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ। ਅਧਿਕਾਰਤ ਸੂਤਰਾਂ ਮੁਤਾਬਕ ਇਹ ਫੈਸਲਾ ਨਵੇਂ ਸਾਲ 'ਚ ਲਾਗੂ ਹੋ ਸਕਦਾ ਹੈ। ਰੇਲਵੇ ਨਿਯਮਾਂ ਮੁਤਾਬਕ ਖਾਣ-ਪੀਣ ਦੀਆਂ ਵਸਤਾਂ ਦੇ ਰੇਟ ਹਰ 10 ਸਾਲ ਬਾਅਦ ਵਧਾ ਦਿੱਤੇ ਜਾਂਦੇ ਹਨ।

ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਮਹਿੰਗਾਈ ਦਾ ਗ੍ਰਾਫ ਵਧਿਆ ਹੈ, ਉਸ ਤੋਂ ਲੱਗਦਾ ਹੈ ਕਿ ਰੇਲਵੇ ਵਿਭਾਗ ਵੱਲੋਂ ਅਨਾਜ ਦੀਆਂ ਕੀਮਤਾਂ ਜ਼ਿਆਦਾ ਤੈਅ ਕੀਤੀਆਂ ਜਾ ਸਕਦੀਆਂ ਹਨ ਪਰ ਕੀਮਤ ਵਧਾਉਣ ਦੇ ਨਾਲ-ਨਾਲ ਵਿਭਾਗ ਨੂੰ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ, ਰੇਲ ਗੱਡੀ 'ਚ ਸਫ਼ਰ ਕਰਨ ਵਾਲੇ ਲੋਕਾਂ ਦੀ ਆਮਦਨ, ਸਟਾਲ ਧਾਰਕਾਂ ਦੇ ਖਰਚੇ, ਰੇਲਵੇ ਵਿਭਾਗ ਵੱਲੋਂ ਵਸੂਲੀ ਜਾਣ ਵਾਲੀ ਫੀਸ ਅਤੇ ਖੇਤਰਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤਾਂ ਜੋ ਰੇਲਵੇ ਮੁਸਾਫਰਾਂ ਦੀ ਜੇਬ 'ਤੇ ਜ਼ਿਆਦਾ ਬੋਝ ਨਾ ਪਵੇ।

"ਰੇਲਵੇ ਨਿਯਮਾਂ ਮੁਤਾਬਕ ਹਰ 10 ਸਾਲ ਬਾਅਦ ਬਾਜ਼ਾਰ 'ਚ ਖਾਣ-ਪੀਣ ਦੀਆਂ ਵਸਤਾਂ ਦੇ ਰੇਟਾਂ ਬਾਰੇ ਸਰਵੇਖਣ ਕੀਤਾ ਜਾਂਦਾ ਹੈ। ਇਸ ਸਰਵੇਖਣ ਦੀ ਰਿਪੋਰਟ ਰੇਲਵੇ ਬੋਰਡ ਨੂੰ ਭੇਜੀ ਜਾਂਦੀ ਹੈ, ਜਿਸ ਦੇ ਆਧਾਰ 'ਤੇ ਰੇਟ ਤੈਅ ਕੀਤੇ ਜਾਂਦੇ ਹਨ। ਫਿਰੋਜ਼ਪੁਰ ਡਵੀਜ਼ਨ ਵਿੱਚ ਵੀ ਸਰਵੇ ਕੀਤਾ ਜਾ ਰਿਹਾ ਹੈ, ਹਰੇਕ ਸਟੇਸ਼ਨ ਅਨੁਸਾਰ ਬਾਜ਼ਾਰ 'ਚ ਟੀਮਾਂ ਸਰਵੇ ਕਰ ਰਹੀਆਂ ਹਨ, ਜਿਸ ਦੀ ਰਿਪੋਰਟ ਜਲਦ ਹੀ ਰੇਲਵੇ ਬੋਰਡ ਨੂੰ ਭੇਜ ਦਿੱਤੀ ਜਾਵੇਗੀ।"

-ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ, ਫਿਰੋਜ਼ਪੁਰ

Credit : www.jagbani.com

  • TODAY TOP NEWS