ਪੰਜਾਬ 'ਚ ਵੱਡਾ ਹਾਦਸਾ, ਭਾਖੜਾ ਨਹਿਰ 'ਚ ਰੁੜੇ ਜੀਜਾ-ਸਾਲਾ

ਪੰਜਾਬ 'ਚ ਵੱਡਾ ਹਾਦਸਾ, ਭਾਖੜਾ ਨਹਿਰ 'ਚ ਰੁੜੇ ਜੀਜਾ-ਸਾਲਾ

ਸ੍ਰੀ ਕੀਰਤਪੁਰ ਸਾਹਿਬ (ਬਾਲੀ/ਰਾਜਬੀਰ) : ਅੱਜ ਸਵੇਰੇ ਸ੍ਰੀ ਕੀਰਤਪੁਰ ਸਾਹਿਬ ਦੇ ਨੇੜੇ ਪਿੰਡ ਪ੍ਰਿਥੀਪੁਰ ਬੂੰਗਾ ਵਿਖੇ ਭਾਖੜਾ ਨਹਿਰ ਵਿਚ ਨਹਾਉਂਦੇ ਸਮੇਂ 2 ਨੌਜਵਾਨਾਂ ਦੇ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਜਾਣ ਦੀ ਸੂਚਨਾ ਪ੍ਰਾਪਤ ਮਿਲੀ ਹੈ। ਮੌਕੇ 'ਤੇ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਫਤਿਹਪੁਰ ਬੂੰਗਾ ਦੇ ਸਾਬਕਾ ਸਰਪੰਚ ਬਾਲੀ ਦੇ ਘਰ ਬੀਤੀ ਰਾਤ ਜਗਰਾਤਾ ਸੀ ਜਿਸ ਵਿਚ ਸ਼ਾਮਲ ਹੋਣ ਲਈ ਉਸਦੇ ਰਿਸ਼ਤੇਦਾਰ ਆਏ ਹੋਏ ਸਨ, ਅੱਜ ਸਵੇਰੇ ਕਰੀਬ 11.30 ਵਜੇ ਸਾਬਕਾ ਸਰਪੰਚ ਬਾਲੀ ਦਾ ਦੋਹਤਾ ਹਨੀਫ ਉਰਫ ਵਿੱਕੀ ਉਮਰ ਕਰੀਬ 32 ਸਾਲ ਪੁੱਤਰ ਗੁਲਜਾਰ ਵਾਸੀ ਪਿੰਡ ਢਿਲਵਾਂ ਜ਼ਿਲ੍ਹਾ ਜਲੰਧਰ ਅਤੇ ਉਸ ਦਾ ਸਾਲਾ ਦਿਲਸਾਦ ਉਰਫ ਵਿੱਕੀ (27) ਪੁੱਤਰ ਸੁਲਤਾਨ ਵਾਸੀ ਪਿੰਡ ਮਲੋਆ ਚੰਡੀਗੜ੍ਹ ਅਤੇ ਮੁਸਤਾਕ ਪੁੱਤਰ ਮੁਖਤਿਆਰ ਵਾਸੀ ਪਿੰਡ ਢਿੱਲਵਾਂ ਪਿੰਡ ਫਤਿਹਪੁਰ ਬੂੰਗਾ ਦੇ ਨਜ਼ਦੀਕ ਹੀ ਪਿੰਡ ਪ੍ਰਿਥੀਪੁਰ ਵਿਖੇ ਭਾਖੜਾ ਨਹਿਰ ਵਿਚ ਨਹਾਉਣ ਲਈ ਚਲੇ ਗਏ।

ਸਵੇਰੇ ਕਰੀਬ 11.50 'ਤੇ ਮੁਸਤਾਕ ਨਹਿਰ ਦੇ ਬਾਹਰ ਆਪਣਾ ਮੋਟਰਸਾਈਕਲ ਧੋਣ ਲੱਗ ਪਿਆ ਜਦਕਿ ਹਨੀਫ ਅਤੇ ਦਿਲਸਾਦ ਭਾਖੜਾ ਨਹਿਰ ਦੇ ਕੰਢੇ ਪੌੜੀਆਂ ਉੱਪਰ ਬੈਠ ਕੇ ਨਹਾਉਣ ਲੱਗ ਪਏ। ਇਸ ਦੌਰਾਨ ਦਿਲਸਾਦ ਦਾ ਪੈਰ ਸਲਿਪ ਹੋ ਗਿਆ ਅਤੇ ਉਹ ਨਹਿਰ ਦੇ ਪਾਣੀ ਵਿੱਚ ਰੁੜ ਗਿਆ, ਜਿਸ ਨੂੰ ਬਚਾਉਣ ਲਈ ਹਨੀਫ ਜਿਸ ਨੂੰ ਕਿ ਤੈਰਨਾ ਆਉਂਦਾ ਸੀ ਨੇ ਵੀ ਨਹਿਰ ਵਿਚ ਉਤਰ ਕੇ ਦਿਲਸਾਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਚਾਉਣ ਲਈ ਗਏ ਹਨੀਫ ਨੂੰ ਦਿਲਸਾਦ ਨੇ ਫੜ ਲਿਆ ਜਿਸ ਕਰਕੇ ਉਹ ਤਾਰੀ ਨਹੀਂ ਪਾ ਸਕਿਆ ਅਤੇ ਦੋਵੇਂ ਨਹਿਰ ਦੇ ਪਾਣੀ ਦੇ ਹੇਠਾਂ ਚਲੇ ਗਏ। ਇਸ ਦੌਰਾਨ ਨਹਿਰ ਦੇ ਕੰਢੇ ਉੱਪਰ ਆਪਣਾ ਮੋਟਰਸਾਈਕਲ ਧੋ ਰਹੇ ਮੁਸਤਾਕ ਨੇ ਨਹਿਰ ਵਿੱਚ ਡੁੱਬ ਰਹੇ ਆਪਣੇ ਦੋਵੇਂ ਰਿਸ਼ਤੇਦਾਰਾਂ ਨੂੰ ਬਚਾਉਣ ਲਈ ਜਦੋਂ ਲੋਕਾਂ ਦੀ ਸਹਾਇਤਾ ਨਾਲ ਰੱਸੇ ਦਾ ਪ੍ਰਬੰਧ ਕੀਤਾ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਹਨੀਫ ਅਤੇ ਦਿਲਸਾਦ ਭਾਖੜਾ ਨਹਿਰ ਦੇ ਪਾਣੀ ਦੇ ਹੇਠਾਂ ਜਾ ਕੇ ਅੱਗੇ ਨੂੰ ਰੁੜ ਚੁੱਕੇ ਸਨ। 

ਸੂਚਨਾ ਮਿਲਣ ਤੋਂ ਬਾਅਦ ਪਿੰਡ ਪ੍ਰਿਥੀਪੁਰ ਅਤੇ ਫਤਿਹਪੁਰ ਬੂੰਗਾ ਦੇ ਵਸਨੀਕ ਮੌਕੇ ਉੱਪਰ ਇਕੱਠੇ ਹੋ ਗਏ ਅਤੇ ਇਸ ਸਬੰਧੀ ਸੂਚਨਾ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸਐੱਚਓ ਇੰਸਪੈਕਟਰ ਜਤਿਨ ਕਪੂਰ ਅਤੇ ਐੱਸ. ਆਈ ਬਲਵੀਰ ਚੰਦ ਪੁਲਸ ਪਾਰਟੀ ਨਾਲ ਘਟਨਾ ਸਥਾਨ 'ਤੇ ਪੁੱਜੇ ਅਤੇ ਉਨ੍ਹਾਂ ਨੇ ਹਾਦਸੇ ਬਾਰੇ ਲੋਕਾਂ ਤੋਂ ਜਾਣਕਾਰੀ ਹਾਸਿਲ ਕੀਤੀ ਅਤੇ ਨਹਿਰ ਵਿਚ ਰੁੜੇ ਵਿਅਕਤੀਆਂ ਦੇ ਨਾਮ ਕਰਕੇ ਉਨ੍ਹਾਂ ਬਾਰੇ ਸੂਚਨਾ ਵੱਖ-ਵੱਖ ਪੁਲਸ ਥਾਣਿਆਂ ਨੂੰ ਦਿੱਤੀ ਗਈ। ਇਸ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਨੀਫ ਉਰਫ ਵਿੱਕੀ ਵਿਆਹਿਆ ਹੋਇਆ ਸੀ, ਉਸ ਦੇ ਦੋ ਬੱਚੇ ਤਿੰਨ ਸਾਲ ਦੀ ਲੜਕੀ ਅਤੇ ਪੰਜ ਸਾਲ ਦਾ ਲੜਕਾ ਹੈ। ਜਦਕਿ ਦਿਲਸਾਦ ਦਾ ਕਰੀਬ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੇ ਡੇਢ ਮਹੀਨੇ ਦੀ ਇਕ ਬੱਚੀ ਹੈ। ਇਸ ਦਰਦਨਾਕ ਘਟਨਾ ਕਾਰਨ ਪਿੰਡ ਫਤਿਹਪੁਰ ਬੁੰਗਾ ਵਿਖੇ ਸੋਗ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਐੱਸਐੱਚਓ ਇੰਸਪੈਕਟਰ ਜਤਨ ਕਪੂਰ ਨਾਲ ਦੱਸਿਆ ਕਿ ਪੁਲਸ ਵੱਲੋਂ ਭਾਖੜਾ ਨਹਿਰ ਵਿਚ ਰੁੜੇ ਵਿਅਕਤੀ ਦੇ ਨਾਮ ਕਰ ਲਏ ਗਏ ਹਨ ਅਤੇ ਇਸ ਬਾਰੇ ਵੱਖ-ਵੱਖ ਥਾਣਿਆਂ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਭਾਖੜਾ ਨਹਿਰ ਵਿਚੋਂ ਉਕਤ ਵਿਅਕਤੀਆਂ ਦੀ ਤਲਾਸ਼ ਲਈ ਗੋਤਾਖੋਰਾਂ ਦੀ ਟੀਮ ਵੀ ਬੁਲਾਈ ਗਈ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS