
ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਇੱਕ ਵਾਰ ਫਿਰ ਕਾਨੂੰਨੀ ਮੁਸੀਬਤਾਂ ਵਿੱਚ ਫਸੇ ਹੋਏ ਦਿਖਾਈ ਦੇ ਰਹੇ ਹਨ। ਦਰਅਸਲ ਇਸ ਮਾਮਲੇ ਵਿੱਚ ਮੁੰਬਈ ਦੀ ਆਰਥਿਕ ਅਪਰਾਧ ਸ਼ਾਖਾ ਨੇ ਜੋੜੇ ਨੂੰ ਤਲਬ ਕੀਤਾ ਸੀ। ਸੋਮਵਾਰ ਨੂੰ ਰਾਜ ਕੁੰਦਰਾ ਨੂੰ ਮੁੰਬਈ ਪੁਲਸ ਦੀ EOW ਨੇ 60 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ਵਿੱਚ ਆਪਣਾ ਬਿਆਨ ਦਰਜ ਕਰਨ ਲਈ ਬੁਲਾਇਆ ਸੀ। ਸੂਤਰਾਂ ਅਨੁਸਾਰ ਰਾਜ ਕੁੰਦਰਾ ਦਾ ਬਿਆਨ ਦਰਜ ਕੀਤਾ ਗਿਆ ਹੈ। ਹੁਣ ਅਗਲੇ ਹਫ਼ਤੇ ਇਸ ਮਾਮਲੇ ਵਿੱਚ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਇਸ ਮਾਮਲੇ ਵਿੱਚ ਹੋਰ ਵੀ ਕਈ ਗਵਾਹਾਂ ਦੇ ਬਿਆਨਾਂ ਦੀ ਜਾਂਚ ਅਤੇ ਪੁਸ਼ਟੀ ਹੋਣੀ ਬਾਕੀ ਹੈ। EOW ਸੂਤਰਾਂ ਅਨੁਸਾਰ ਗਵਾਹਾਂ ਦੇ ਬਿਆਨਾਂ ਦੀ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਹੀ ਪੁੱਛਗਿੱਛ ਦਾ ਅਗਲਾ ਦੌਰ ਸ਼ੁਰੂ ਕੀਤਾ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਇਹ ਕਾਰਵਾਈ ਕਾਰੋਬਾਰੀ ਦੀਪਕ ਕੋਠਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸਾਲ 2015 ਤੋਂ 2023 ਦੇ ਵਿਚਕਾਰ, ਉਨ੍ਹਾਂ ਨੇ ਸ਼ੈੱਟੀ ਅਤੇ ਕੁੰਦਰਾ ਦੁਆਰਾ ਪ੍ਰਮੋਟ ਕੀਤੀ ਗਈ ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ ਕੰਪਨੀ ਵਿੱਚ ਕਾਰੋਬਾਰ ਦੇ ਵਿਸਥਾਰ ਲਈ 60.48 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਹਾਲਾਂਕਿ ਜਦੋਂ ਰਾਜ ਤੋਂ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ, ਤਾਂ ਉਨ੍ਹਾਂ ਨੇ ਕਿਹਾ- 'ਅਸੀਂ ਕੁਝ ਗਲਤ ਨਹੀਂ ਕੀਤਾ ਹੈ ਅਤੇ ਨਾ ਹੀ ਕਦੇ ਕਰਾਂਗੇ।'
ਕੰਮ ਦੀ ਗੱਲ ਕਰੀਏ ਤਾਂ ਇੱਕ ਕਾਰੋਬਾਰੀ ਹੋਣ ਤੋਂ ਇਲਾਵਾ ਰਾਜ ਕੁੰਦਰਾ ਹੁਣ ਇੱਕ ਅਦਾਕਾਰ ਬਣ ਗਏ ਹਨ। ਉਨ੍ਹਾਂ ਦੀ ਹਾਲ ਹੀ ਵਿੱਚ ਫਿਲਮ 'ਮੇਹਰ' ਰਿਲੀਜ਼ ਹੋਈ ਹੈ। ਜਿਸ ਵਿੱਚ ਉਹ ਅਦਾਕਾਰਾ ਗੀਤਾ ਬਸਰਾ ਨਾਲ ਨਜ਼ਰ ਆਏ ਸਨ।
Credit : www.jagbani.com