ਨਵੀਂ ਦਿੱਲੀ, (ਭਾਸ਼ਾ)- ਕੀਮਤਾਂ ’ਚ ਭਾਰੀ ਵਾਧੇ ਦੇ ਬਾਵਜੂਦ ਸੋਨੇ ਅਤੇ ਚਾਂਦੀ ਦੀ ਜ਼ਬਰਦਸਤ ਖਰੀਦਦਾਰੀ ਕਾਰਨ ਇਸ ਸਾਲ ਧਨਤੇਰਸ ’ਤੇ ਭਾਰਤੀਆਂ ਨੇ ਅੰਦਾਜ਼ਨ 1 ਲੱਖ ਕਰੋੜ ਰੁਪਏ ਖਰਚ ਕੀਤੇ। ਵਪਾਰੀਆਂ ਦੇ ਪ੍ਰਮੁੱਖ ਸੰਗਠਨ ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਇਹ ਜਾਣਕਾਰੀ ਦਿੱਤੀ।
ਉਸ ਦੇ ਮੁਤਾਬਕ ਇਕੱਲੇ ਸੋਨੇ ਅਤੇ ਚਾਂਦੀ ਦੀ ਵਿਕਰੀ ਕੁੱਲ ਵਿਕਰੀ ਦਾ 60,000 ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਦੇ ਮੁਕਾਬਲੇ 25 ਫ਼ੀਸਦੀ ਦੀ ਵਾਧਾ ਦਰਸਾਉਂਦੀ ਹੈ। ਸੋਨੇ ਦੀਆਂ ਕੀਮਤਾਂ ਸਾਲਾਨਾ ਆਧਾਰ ’ਤੇ 60 ਫ਼ੀਸਦੀ ਵਧ ਕੇ 1,30,000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਚੁੱਕੀਆਂ ਹਨ। ਇਸ ਦੇ ਬਾਵਜੂਦ ਖਰੀਦਦਾਰ ਸਰਾਫਾ ਬਾਜ਼ਾਰਾਂ ’ਚ ਉਮੜ ਪਏ।
ਗਹਿਣਾ ਬਾਜ਼ਾਰਾਂ ’ਚ ਉਮੜੀ ਭੀੜ
ਕੈਟ ਦੇ ਗਹਿਣਾ ਸੈਕਸ਼ਨ- ਆਲ ਇੰਡੀਆ ਜਿਊਲਰੀ ਐਂਡ ਗੋਲਡਸਮਿਥ ਫੈੱਡਰੇਸ਼ਨ ਦੇ ਕੌਮੀ ਪ੍ਰਧਾਨ ਪੰਕਜ ਅਰੋੜਾ ਨੇ ਕਿਹਾ, ‘‘ਪਿਛਲੇ 2 ਦਿਨਾਂ ’ਚ ਗਹਿਣਾ ਬਾਜ਼ਾਰਾਂ ’ਚ ਬੇਮਿਸਾਲ ਭੀੜ ਵੇਖੀ ਗਈ ਹੈ। ਉਨ੍ਹਾਂ ਇਕ ਬਿਆਨ ’ਚ ਕਿਹਾ ਕਿ ਦਿੱਲੀ ਦੇ ਸਰਾਫਾ ਬਾਜ਼ਾਰਾਂ ’ਚ 10,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿਕਰੀ ਦਰਜ ਕੀਤੀ ਗਈ। ਕੱਤਕ ਮਹੀਨੇ ਦੀ ਤ੍ਰਿਓਦਸ਼ੀ ਤਰੀਕ ਨੂੰ ਮਨਾਇਆ ਜਾਣ ਵਾਲਾ ਧਨਤੇਰਸ ਦਾ ਤਿਉਹਾਰ ਸੋਨਾ, ਚਾਂਦੀ, ਬਰਤਨ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੋਰ ਵਸਤਾਂ ਦੀ ਖਰੀਦਦਾਰੀ ਲਈ ਇਕ ਸ਼ੁਭ ਦਿਨ ਮੰਨਿਆ ਜਾਂਦਾ ਹੈ। ਇਹ ਪੰਜ ਦਿਨਾ ਦਿਵਾਲੀ ਉਤਸਵ ਦੀ ਸ਼ੁਰੂਆਤ ਦਾ ਪ੍ਰਤੀਕ ਹੈ।
ਸੋਨੇ-ਚਾਂਦੀ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਮੰਗ ਵਧੀ
ਕੈਟ ਨੇ ਕਿਹਾ ਕਿ ਚਾਂਦੀ ਦੀਆਂ ਕੀਮਤਾਂ ਵੀ ਪਿਛਲੇ ਸਾਲ ਦੇ 98,000 ਰੁਪਏ ਤੋਂ ਲੱਗਭਗ 55 ਫ਼ੀਸਦੀ ਵਧ ਕੇ 1,80,000 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਆਸਪਾਸ ਹੋ ਗਈਆਂ। ਇਸ ਤੋਂ ਬਾਅਦ ਵੀ ਗਾਹਕਾਂ ਦੀ ਮਜ਼ਬੂਤ ਮੰਗ ਬਣੀ ਰਹੀ।
ਵਾਧੇ ਦਾ ਸਿਹਰਾ ਚੀਜ਼ ਅਤੇ ਸੇਵਾ ਕਰ ਦੀਆਂ ਦਰਾਂ ’ਚ ਕਟੌਤੀ ਨੂੰ
ਵਪਾਰੀਆਂ ਦੇ ਸੰਗਠਨ ਅਨੁਸਾਰ ਸਰਾਫਾ ਤੋਂ ਇਲਾਵਾ ਧਨਤੇਰਸ ਦੇ ਦਿਨ ਭਾਡਿਆਂ ਅਤੇ ਰਸੋਈ ਉਪਕਰਣਾਂ ਦੀ ਵਿਕਰੀ ਤੋਂ 15,000 ਕਰੋੜ ਰੁਪਏ, ਇਲੈਕਟ੍ਰਾਨਿਕਸ ਅਤੇ ਬਿਜਲੀ ਦੇ ਸਾਮਾਨਾਂ ਤੋਂ 10,000 ਕਰੋੜ ਅਤੇ ਸਜਾਵਟੀ ਵਸਤਾਂ ਅਤੇ ਧਾਰਮਿਕ ਉਪਕਰਣਾਂ ਤੋਂ 3,000 ਕਰੋੜ ਰੁਪਏ ਦੀ ਕਮਾਈ ਹੋਈ। ਕੈਟ ਦੇ ਜਨਰਲ ਸਕੱਤਰ ਅਤੇ ਭਾਜਪਾ ਮੈਂਬਰ ਪ੍ਰਵੀਣ ਖੰਡੇਲਵਾਲ ਨੇ ਇਸ ਵਾਧੇ ਦਾ ਸਿਹਰਾ ਚੀਜ਼ ਅਤੇ ਸੇਵਾ ਕਰ (ਜੀ. ਐੱਸ. ਟੀ.) ਦੀਆਂ ਦਰਾਂ ’ਚ ਕਟੌਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਥਾਨਕ ਪੱਧਰ ’ਤੇ ਤਿਆਰ ਉਤਪਾਦਾਂ ਨੂੰ ਉਤਸ਼ਾਹ ਦੇਣ ਨੂੰ ਦਿੱਤਾ। ਖੰਡੇਲਵਾਲ ਨੇ ਦੱਸਿਆ ਕਿ ਧਨਤੇਰਸ ’ਤੇ ਤਾਂਬਾ, ਚਾਂਦੀ ਜਾਂ ਸਟੀਲ ਦੇ ਨਵੇਂ ਬਰਤਨ ਖਰੀਦਣਾ, ਰਸੋਈ ਦਾ ਹੋਰ ਸਾਮਾਨ ਅਤੇ ਉਪਕਰਣ ਲੈਣਾ ਸ਼ੁੱਭ ਮੰਨਿਆ ਜਾਂਦਾ ਹੈ, ਜੋ ਖੁਸ਼ਹਾਲੀ ਅਤੇ ਸ਼ੁੱਧਤਾ ਦਾ ਪ੍ਰਤੀਕ ਹੈ। ਵਾਸਤੂ ਸ਼ਾਸਤਰ ਅਨੁਸਾਰ ਧਨਤੇਰਸ ’ਤੇ ਝਾੜੂ ਖਰੀਦਣਾ ਗਰੀਬੀ ਨੂੰ ਦੂਰ ਕਰਦਾ ਹੈ ਅਤੇ ਘਰ ’ਚ ਸਕਾਰਾਤਮਕ ਊਰਜਾ ਅਤੇ ਮਾਂ ਲਕਸ਼ਮੀ ਦਾ ਆਗਮਨ ਯਕੀਨੀ ਬਣਾਉਂਦਾ ਹੈ।
Credit : www.jagbani.com