ਨਵੀਂ ਦਿੱਲੀ (ਭਾਸ਼ਾ) - ਐਲਨ ਮਸਕ ਦੀ ਕੰਪਨੀ ਸਪੇਸਐਕਸ ਅਗਲੇ ਸਾਲ ਭਾਵ 2026 ’ਚ ਆਪਣਾ ਆਈ. ਪੀ. ਓ. ਲਿਆਉਣ ਜਾ ਰਹੀ ਹੈ। ਬਲੂਮਬਰਗ ਦੀ ਇਕ ਰਿਪੋਰਟ ’ਚ ਇਸ ਦਾ ਖੁਲਾਸਾ ਹੋਇਆ ਹੈ।
ਕੰਪਨੀ ਨੇ ਹਾਲ ਹੀ ’ਚ ਆਪਣੇ ਇਨਸਾਈਡਰ ਸ਼ੇਅਰ ਸੇਲ ਨੂੰ ਵੀ ਮਨਜ਼ੂਰੀ ਦਿੱਤੀ ਹੈ, ਜਿਸ ਨਾਲ ਇਸ ਦੇ ਅਗਲੇ ਸਾਲ ਤੱਕ ਆਈ. ਪੀ. ਓ. ਲਿਆਉਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
ਇਸ ਇਨਸਾਈਡਰ ਸ਼ੇਅਰ ਟਰੇਡਿੰਗ ਕਾਰਨ ਕੰਪਨੀ ਦਾ ਮੁੱਲਾਂਕਣ ਹੁਣ ਵਧ ਕੇ 800 ਬਿਲੀਅਨ ਡਾਲਰ ਹੋ ਗਿਆ ਹੈ। ਕੰਪਨੀ ਦੇ ਮੁੱਖ ਵਿੱਤੀ ਅਧਿਕਾਰੀ (ਸੀ. ਐੱਫ. ਓ.) ਬਰੇਟ ਜਾਨਸਨ ਨੇ ਮੈਮੋਰੰਡਮ ਭੇਜ ਕੇ ਸ਼ੇਅਰਹੋਲਡਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।
ਬਰੇਟ ਨੇ ਲੈਟਰ ’ਚ ਹੋਰ ਕੀ ਕਿਹਾ?
ਰਿਪੋਰਟ ਅਨੁਸਾਰ ਕੰਪਨੀ ਤਾਜ਼ਾ ਸੈਕੰਡਰੀ ਪੇਸ਼ਕਸ਼ ’ਚ ਇਨਸਾਈਡਰਜ਼ ਨੂੰ 421 ਡਾਲਰ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਦੇ ਰਹੀ ਹੈ, ਕਿਉਂਕਿ ਇਸ ਦੀ ਪਲਾਣਾ ਸੰਭਾਵੀ ਤੌਰ ’ਤੇ 2026 ’ਚ ਆਈ. ਪੀ. ਓ. ਲਾਂਚ ਕਰਨ ਦੀ ਹੈ।
ਨਿਊਯਾਰਕ ਟਾਈਮਜ਼ ਨੇ ਦੱਸਿਆ ਕਿ ਸੀ. ਐੱਫ. ਓ. ਬਰੇਟ ਜਾਨਸਨ ਦੇ ਭੇਜੇ ਗਏ ਪੱਤਰ ’ਚ ਦੱਸਿਆ ਗਿਆ ਕਿ ਕੰਪਨੀ ਸ਼ੇਅਰਹੋਲਡਰਾਂ ਤੋਂ 421 ਡਾਲਰ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ 2.56 ਬਿਲੀਅਨ ਡਾਲਰ ਦੇ ਸ਼ੇਅਰ ਵਾਪਸ ਖਰੀਦਣ ਦੀ ਯੋਜਨਾ ਬਣਾ ਰਹੀ ਹੈ।
ਜਾਨਸਨ ਨੇ ਕਿਹਾ, ‘‘ਇਹ ਅਸਲ ’ਚ ਹੋਵੇਗਾ ਜਾਂ ਨਹੀਂ, ਕਦੋਂ ਹੋਵੇਗਾ ਅਤੇ ਕਿਸ ਵੈਲਿਊਏਸ਼ਨ ’ਤੇ ਹੋਵੇਗਾ, ਇਹ ਅਜੇ ਵੀ ਵੱਡੀ ਬੇਭਰੋਸਗੀ ਹੈ ਪਰ ਯੋਜਨਾ ਇਹੀ ਹੈ ਕਿ ਜੇ ਅਸੀਂ ਸਹੀ ਤਰੀਕੇ ਨਾਲ ਕੰਮ ਕਰਦੇ ਹਾਂ ਅਤੇ ਮਾਰਕੀਟ ਵੀ ਸਾਥ ਦਿੰਦੀ ਹੈ, ਤਾਂ ਪਬਲਿਕ ਆਫਰਿੰਗ ਨਾਲ ਕਾਫ਼ੀ ਪੂੰਜੀ ਜੁਟਾਈ ਜਾ ਸਕਦੀ ਹੈ।
ਇਹ ਇਕ ਪ੍ਰਕਿਰਿਆ ਹੈ, ਜਿਸ ਰਾਹੀਂ ਕੰਪਨੀਆਂ ਆਮ ਤੌਰ ’ਤੇ ਆਈ. ਪੀ. ਓ. ਤੋਂ ਪਹਿਲਾਂ ਕਰਮਚਾਰੀ ਜਾਂ ਸ਼ੁਰੂਆਤੀ ਨਿਵੇਸ਼ਕਾਂ ਨੂੰ ਆਪਣੇ ਹਿੱਸੇ ਦਾ ਸ਼ੇਅਰ ਵੇਚਣ ਦਾ ਮੌਕਾ ਦਿੰਦੀ ਹੈ।
ਭਾਰਤੀ ਨਿਵਾਸੀ ਆਰ. ਬੀ. ਆਈ. ਦੀ ਐੱਲ. ਆਰ. ਐੱਸ. ਦੇ ਤਹਿਤ ਕਰ ਸਕਦੇ ਹਨ ਨਿਵੇਸ਼
ਭਾਰਤੀ ਨਿਵਾਸੀ ਆਰ. ਬੀ. ਆਈ. ਦੀ ਲਿਬਰਲਾਈਜ਼ਡ ਰੈਮੀਟੈਂਸ ਸਕੀਮ (ਐੱਲ. ਆਰ. ਐੱਸ.) ਦੇ ਤਹਿਤ ਇਸ ਅਮਰੀਕੀ ਆਈ. ਪੀ. ਓ. ’ਚ ਨਿਵੇਸ਼ ਕਰ ਸਕਦੇ ਹਨ, ਜਿਸ ਤਹਿਤ ਹਰ ਸਾਲ 2,50,000 ਡਾਲਰ ਤੱਕ ਵਿਦੇਸ਼ ’ਚ ਨਿਵੇਸ਼ ਲਈ ਭੇਜੇ ਜਾ ਸਕਦੇ ਹਨ।
ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਕ ਬ੍ਰੋਕਰ ਚੁਣਨਾ ਪਵੇਗਾ। ਕਿਸੇ ਅਜਿਹੇ ਭਾਰਤੀ ਪਲੇਟਫਾਰਮ ਨਾਲ ਗਲੋਬਲ ਟਰੇਡਿੰਗ ਅਕਾਊਂਟ ਖੋਲ੍ਹੋ, ਜੋ ਅਮਰੀਕਾ ’ਚ ਨਿਵੇਸ਼ ਦੀ ਪੇਸ਼ਕਸ਼ ਕਰਦਾ ਹੋਵੇ ਜਾਂ ਸਿੱਧੇ ਅਮਰੀਕੀ ਬਰੋਕਰ ਨਾਲ ਆਈ. ਪੀ. ਓ. ਐਕਸੈੱਸ ਦਿੰਦਾ ਹੋਵੇ। ਸਾਰੇ ਬ੍ਰੋਕਰ ਆਈ. ਪੀ. ਓ. ਐਪਲੀਕੇਸ਼ਨ ਦੀ ਆਗਿਆ ਨਹੀਂ ਦਿੰਦੇ ਹਨ, ਇਸ ਲਈ ਇਸ ਨੂੰ ਪਹਿਲਾਂ ਤੋਂ ਚੈੱਕ ਕਰਨਾ ਪਵੇਗਾ।
ਹੁਣ ਆਪਣਾ ਕੇ. ਵਾਈ. ਸੀ. ਪੂਰਾ ਕਰੋ। ਇਸ ਦੇ ਲਈ ਪੈਨ ਅਤੇ ਪਾਸਪੋਰਟ ਵਰਗੇ ਬੇਸਿਕ ਦਸਤਾਵੇਜ਼ ਦਾਖ਼ਲ ਕਰੋ। ਇਹ ਪ੍ਰਕਿਰਿਆ ਆਨਲਾਈਨ ਹੈ ਅਤੇ ਆਮ ਤੌਰ ’ਤੇ ਘੱਟ ਸਮੇਂ ’ਚ ਪੂਰਾ ਹੋ ਜਾਂਦੀ ਹੈ।
ਇਸ ਤੋਂ ਬਾਅਦ ਐੱਲ. ਆਰ. ਐੱਸ. ਰੂਟ ਰਾਹੀਂ ਆਪਣੇ ਬੈਂਕ ਤੋਂ ਅਮਰੀਕੀ ਡਾਲਰ ’ਚ ਪੈਸੇ ਟਰਾਂਸਫਰ ਕਰੋ ਅਤੇ ਬ੍ਰੋਕਰ ਦੇ ਪਲੇਟਫਾਰਮ ਰਹੀਂ ਆਈ. ਪੀ. ਓ. ਲਈ ਅਪਲਾਈ ਕਰੋ। ਹਾਲਾਂਕਿ, ਅਲਾਟਮੈਂਟ ਦੀ ਕੋਈ ਗਾਰੰਟੀ ਨਹੀਂ ਹੈ।
Credit : www.jagbani.com