ਮਾਛੀਵਾੜਾ ਸਾਹਿਬ (ਟੱਕਰ) : ਸਰਕਾਰੀ ਸਕੂਲਾਂ ਵਿਚ ਕੁਝ ਹੀ ਦਿਨਾਂ ਬਾਅਦ ਵਿਦਿਆਰਥੀਆਂ ਦੀਆਂ ਸਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਇਨ੍ਹਾਂ ਦਿਨਾਂ ਵਿਚ ਬੱਚਿਆਂ ਨੂੰ ਪੜ੍ਹਾਈ ਦੀ ਬੇਹੱਦ ਜ਼ਰੂਰਤ ਹੁੰਦੀ ਹੈ ਪਰ ਮਾਛੀਵਾੜਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਗੱਲ ਕਰੀਏ ਤਾਂ ਇੱਥੇ ਸਰਕਾਰ ਵਲੋਂ ਬੱਚਿਆਂ ਦੀ ਪੜ੍ਹਾਈ ਛੁਡਵਾ ਅਧਿਆਪਕਾਂ ਨੂੰ ਸੈਮੀਨਾਰਾਂ ’ਤੇ ਭੇਜ ਦਿੱਤਾ ਗਿਆ ਹੈ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਕਰੀਬ 900 ਵਿਦਿਆਰਥਣਾਂ ਹਨ ਜਿੱਥੇ ਕਿ ਪਹਿਲਾਂ ਹੀ ਸਟਾਫ਼ ਦੀ ਘਾਟ ਹੈ ਅਤੇ ਸਿਰਫ 31 ਅਧਿਆਪਕ ਤੇ ਲੈਕਚਰਾਰ ਤਾਇਨਾਤ ਹਨ। ਜਾਣਕਾਰੀ ਅਨੁਸਾਰ ਇਨ੍ਹਾਂ 31 ’ਚੋਂ ਸਰਕਾਰ ਨੇ 13 ਅਧਿਆਪਕਾਂ ਦੀ ਡਿਊਟੀ ਸਰਕਾਰ ਨੇ ਸੈਮੀਨਾਰ ਵਿਚ ਲਗਾ ਦਿੱਤੀ ਹੈ ਜਦਕਿ ਬੋਰਡ ਪ੍ਰੀਖਿਆ ਕੇਂਦਰ ਵਿਚ 8 ਅਧਿਆਪਕਾਂ ਦੀ ਡਿਊਟੀ ਲੱਗੀ ਹੋਈ ਹੈ।
ਇਕ ਅਧਿਆਪਕ ਐੱਸ.ਡੀ.ਐੱਮ. ਦਫ਼ਤਰ ’ਚ ਬੀ.ਐੱਲ.ਓ. ਵਜੋਂ ਡਿਊਟੀ ਨਿਭਾਅ ਰਿਹਾ ਹੈ ਜਦਕਿ 4 ਅਧਿਆਪਕ ਛੁੱਟੀ ’ਤੇ ਹਨ। ਹੁਣ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸੈਂਕੜੇ ਬੱਚਿਆਂ ਨੂੰ ਅੱਜ ਸਕੂਲ ਵਿਚ ਮੌਜੂਦ 5 ਅਧਿਆਪਕ ਕਿਵੇਂ ਪੜ੍ਹਾ ਸਕਣਗੇ ਅਤੇ ਉਨ੍ਹਾਂ ਦੀ ਪੜ੍ਹਾਈ ਦੇ ਹੋਰ ਰਹੇ ਨੁਕਸਾਨ ਲਈ ਕੌਣ ਜ਼ਿੰਮੇਵਾਰ ਹੈ। ਅੱਜ ਕਲਾਸਾਂ ਵਿਚ ਵਿਦਿਆਰਥੀ ਬਿਨਾਂ ਅਧਿਆਪਕਾਂ ਤੋਂ ਆਪਣੇ ਤੌਰ ’ਤੇ ਬੇਸ਼ੱਕ ਪੜ੍ਹਾਈ ਕਰਨ ਲੱਗੇ ਹੋਏ ਦਿਖਾਈ ਦਿੱਤੇ। ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਸਿਰ ’ਤੇ ਹੋਣ ਅਤੇ ਉਨ੍ਹਾਂ ਨੂੰ ਪੜ੍ਹਾਉਣ ਲਈ ਅਧਿਆਪਕ ਮੌਜੂਦ ਨਾ ਹੋਣ ਤਾਂ ਫਿਰ ਨਤੀਜੇ ਕਿਵੇਂ ਵਧੀਆ ਆਉਣਗੇ। ਇਸ ਮੌਕੇ ਮੌਜੂਦ ਅੱਜ ਸਕੂਲ ਦੀ ਇੰਚਾਰਜ ਮਨਦੀਪ ਕੌਰ ਨੇ ਦੱਸਿਆ ਕਿ ਸਾਡੇ ਸਰਕਾਰੀ ਕੰਨਿਆ ਸਕੂਲ ਵਿਚ ਅਧਿਆਪਕਾਂ ਦੀ ਪਹਿਲਾਂ ਹੀ ਘਾਟ ਹੈ ਅਤੇ ਜੋ ਤਾਇਨਾਤ ਹਨ ਉਨ੍ਹਾਂ ਦੀ ਡਿਊਟੀ ਸੈਮੀਨਾਰ ਵਿਚ ਲਗਾਈ ਗਈ ਹੈ ਜਿੱਥੇ ਜਾਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸਕੂਲ ਦਾ ਸਮੂਹ ਸਟਾਫ਼ ਘਾਟ ਦੇ ਬਾਵਜੂਦ ਵੀ ਬੱਚਿਆਂ ਨੂੰ ਪੜ੍ਹਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਦਾ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਨਹਿਰੀ ਬਣ ਸਕੇ।
Credit : www.jagbani.com