ਤੇਹਰਾਨ/ਤੇਲ ਅਵੀਵ: ਮੱਧ ਪੂਰਬ 'ਚ ਤਣਾਅ ਚਰਮ ਸੀਮਾ 'ਤੇ ਪਹੁੰਚ ਗਿਆ ਹੈ ਕਿਉਂਕਿ ਪਿਛਲੇ ਤਿੰਨ ਦਿਨਾਂ ਤੋਂ ਇਜ਼ਰਾਈਲ, ਅਮਰੀਕਾ ਤੇ ਈਰਾਨ ਵਿਚਾਲੇ ਭਿਆਨਕ ਜੰਗ ਜਾਰੀ ਹੈ। ਸ਼ਨੀਵਾਰ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ 'ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਪੂਰੇ ਖੇਤਰ ਵਿੱਚ ਧਮਾਕਿਆਂ ਦੀ ਗੂੰਜ ਸੁਣਾਈ ਦੇ ਰਹੀ ਹੈ। ਜਵਾਬੀ ਕਾਰਵਾਈ ਕਰਦੇ ਹੋਏ ਈਰਾਨ ਨੇ ਇਜ਼ਰਾਈਲ ਅਤੇ ਅਮਰੀਕੀ ਫੌਜੀ ਟਿਕਾਣਿਆਂ ਵੱਲ ਮਿਜ਼ਾਈਲਾਂ ਅਤੇ ਡਰੋਨਾਂ ਦੀ ਬੌਛਾਰ ਕਰ ਦਿੱਤੀ ਹੈ।

ਈਰਾਨ 'ਚ ਭਾਰੀ ਤਬਾਹੀ, ਸਕੂਲ 'ਤੇ ਵੱਡਾ ਹਮਲਾ
ਈਰਾਨ 'ਚ ਹੁਣ ਤੱਕ 555 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਲੋਕ ਜ਼ਖਮੀ ਹਨ। ਸਭ ਤੋਂ ਦਰਦਨਾਕ ਘਟਨਾ ਦੱਖਣ-ਪੂਰਬੀ ਈਰਾਨ ਦੇ ਸ਼ਹਿਰ ਮਿਨਾਬ ਵਿੱਚ ਵਾਪਰੀ, ਜਿੱਥੇ ਇੱਕ ਪ੍ਰਾਇਮਰੀ ਗਰਲਜ਼ ਸਕੂਲ 'ਤੇ ਹੋਏ ਹਮਲੇ ਵਿੱਚ ਲਗਭਗ 180 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਹੈ। ਇਜ਼ਰਾਈਲੀ ਹਵਾਈ ਸੈਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਪਿਛਲੇ 24 ਘੰਟਿਆਂ 'ਚ ਈਰਾਨ ਦੇ 24 ਸੂਬਿਆਂ 'ਚ 1,200 ਤੋਂ ਵੱਧ ਗੋਲਾ ਬਾਰੂਦ-ਮਿਜ਼ਾਈਲਾਂ/ਡਰੋਨ ਸੁੱਟੇ ਹਨ।

ਇਜ਼ਰਾਈਲ ਤੇ ਅਮਰੀਕੀ ਫੌਜ ਦਾ ਨੁਕਸਾਨ
ਈਰਾਨੀ ਹਮਲਿਆਂ 'ਚ ਇਜ਼ਰਾਈਲ ਦੇ 10 ਲੋਕ ਮਾਰੇ ਗਏ ਹਨ, ਜਿਨ੍ਹਾਂ 'ਚ ਬੇਤ ਸ਼ੇਮੇਸ਼ 'ਚ ਹੋਏ ਬੈਲਿਸਟਿਕ ਮਿਜ਼ਾਈਲ ਹਮਲੇ ਵਿੱਚ ਮਾਰੇ ਗਏ 9 ਲੋਕ ਸ਼ਾਮਲ ਹਨ। ਤੇਲ ਅਵੀਵ 'ਚ ਵੀ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਦੂਜੇ ਪਾਸੇ, ਅਮਰੀਕੀ ਸੈਂਟਰਲ ਕਮਾਂਡ ਨੇ ਪੁਸ਼ਟੀ ਕੀਤੀ ਹੈ ਕਿ ਇਸ ਜੰਗ 'ਚ ਹੁਣ ਤੱਕ 4 ਅਮਰੀਕੀ ਸੈਨਿਕ ਹਲਾਕ ਹੋ ਚੁੱਕੇ ਹਨ, ਜਿਨ੍ਹਾਂ 'ਚੋਂ ਤਿੰਨ ਕੁਵੈਤ 'ਚ ਮਾਰੇ ਗਏ।

12 ਦੇਸ਼ਾਂ ਤੱਕ ਫੈਲੀ ਜੰਗ ਦੀ ਅੱਗ
ਇਹ ਟਕਰਾਅ ਸਿਰਫ਼ ਈਰਾਨ ਅਤੇ ਇਜ਼ਰਾਈਲ ਤੱਕ ਸੀਮਤ ਨਹੀਂ ਰਿਹਾ, ਸਗੋਂ 12 ਦੇਸ਼ ਇਸ ਦੀ ਲਪੇਟ ਵਿੱਚ ਆ ਚੁੱਕੇ ਹਨ।
ਲੇਬਨਾਨ: ਇਜ਼ਰਾਈਲੀ ਹਮਲਿਆਂ 'ਚ 31 ਲੋਕਾਂ ਦੀ ਮੌਤ ਹੋ ਗਈ ਹੈ।
ਸੰਯੁਕਤ ਅਰਬ ਅਮੀਰਾਤ (UAE): ਮਿਜ਼ਾਈਲਾਂ ਦੇ ਮਲਬੇ ਡਿੱਗਣ ਕਾਰਨ 3 ਲੋਕ ਮਾਰੇ ਗਏ ਹਨ।
ਇਰਾਕ: ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ 'ਚ 2 ਲੜਾਕੂ ਮਾਰੇ ਗਏ ਹਨ।
ਕਤਰ: ਸੁਰੱਖਿਆ ਦੇ ਮੱਦੇਨਜ਼ਰ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਹਵਾਈ ਉਡਾਣਾਂ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ।

ਈਰਾਨ ਦੇ ਇਸਲਾਮਿਕ ਰਿਵੋਲੂਸ਼ਨਰੀ ਗਾਰਡ ਕੋਰਪਸ (IRGC) ਨੇ ਕਿਹਾ ਹੈ ਕਿ ਉਨ੍ਹਾਂ ਨੇ ਮੱਧ ਪੂਰਬ ਵਿੱਚ ਸਥਿਤ 27 ਅਮਰੀਕੀ ਅਤੇ ਇਜ਼ਰਾਈਲੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕਾ ਦੇ ਇਸ ਖੇਤਰ ਵਿੱਚ ਲਗਭਗ 40,000 ਤੋਂ 50,000 ਸੈਨਿਕ ਤਾਇਨਾਤ ਹਨ, ਜੋ ਹੁਣ ਸਿੱਧੇ ਤੌਰ 'ਤੇ ਈਰਾਨ ਦੇ ਨਿਸ਼ਾਨੇ 'ਤੇ ਹਨ। ਸਥਿਤੀ ਤੇਜ਼ੀ ਨਾਲ ਵਿਗੜ ਰਹੀ ਹੈ ਅਤੇ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com