ਜਲੰਧਰ : ਮੰਗਲਵਾਰ ਦੇਰ ਸ਼ਾਮ 8 ਵਜੇ ਦੇ ਆਸ-ਪਾਸ ਰੂਟੀਨ ਦੀ ਤਰ੍ਹਾਂ ਜਲੰਧਰ ਚੌਕ ’ਤੇ ਕਮਿਸ਼ਨਰੇਟ ਪੁਲਸ ਦਾ ਨਾਕਾ ਲੱਗਾ ਸੀ। ਬੀ. ਐੱਸ. ਐੱਫ. ਦੇ ਹੈੱਡਕੁਆਰਟਰ ਦੇ ਬਾਹਰ ਵੀ ਜਵਾਨ ਮੁਸਤੈਦ ਸਨ। ਸਭ ਕੁਝ ਰੂਟੀਨ ਦੀ ਤਰ੍ਹਾਂ ਹੋ ਰਿਹਾ ਸੀ। ਇਸੇ ਦੌਰਾਨ ਐਕਟਿਵਾ ਸਵਾਰ 2 ਨੌਜਵਾਨ ਬੀ. ਐੱਸ. ਐੱਫ. ਕੈਂਪਸ ’ਚ ਪਾਰਸਲ ਡਿਲੀਵਰੀ ਦੇਣ ਆਏ। ਕਰੀਬ ਸਵਾ 8 ਵਜੇ ਉਨ੍ਹਾਂ ਦੇ ਬਾਹਰ ਆਉਂਦੇ ਹੀ ਐਕਟਿਵਾ ’ਚ ਜ਼ੋਰਦਾਰ ਧਮਾਕਾ ਹੋਇਆ। ਬੀ. ਐੱਸ. ਐੱਫ. ਕੈਂਪਸ ਦੀਆਂ ਦੀਵਾਰਾਂ ਕੰਬ ਗਈਆਂ ਅਤੇ ਦੀਵਾਰਾਂ ’ਤੇ ਲੱਗੇ ਬੋਰਡ ਤੱਕ ਲਟਕ ਗਏ। ਧਮਾਕੇ ਤੋਂ ਬਾਅਦ 40 ਫੁੱਟ ਉੱਚੀਆਂ ਅੱਗ ਦੀਆਂ ਲਪਟਾਂ ਉੱਠੀਆਂ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਸੜਕ ਤੋਂ ਗੁਜ਼ਰ ਰਹੀਆਂ ਕਈ ਗੱਡੀਆਂ ਦੇ ਏਅਰਬੈਗ ਖੁੱਲ੍ਹ ਗਏ ਅਤੇ ਕਾਰ ਸਵਾਰ ਦਹਿਸ਼ਤ ’ਚ ਆ ਕੇ ਤੁਰੰਤ ਗੱਡੀ ਰੋਕ ਬਾਹਰ ਵੱਲ ਭੱਜੇ।
ਬੀ. ਐੱਸ. ਐੱਫ. ਦੇ ਜਵਾਨਾਂ ਨੇ ਤੁਰੰਤ ਐਕਟਿਵਾ ’ਤੇ ਆਏ ਦੋਵਾਂ ਨੌਜਵਾਨਾਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਕੈਂਪਸ ’ਚ ਲੈ ਗਏ। ਜਾਂਚ ’ਚ ਪਤਾ ਲੱਗਾ ਕਿ 2 ’ਚੋਂ ਇਕ ਨੌਜਵਾਨ ਬੀ. ਐੱਸ. ਐੱਫ. ਦੇ ਸਾਬਕਾ ਕੁੱਕ ਦਾ ਬੇਟਾ ਹੈ ਅਤੇ ਉਹ ਬੀ. ਐੱਸ. ਐੱਫ. ਕੈਂਪਸ ’ਚ ਪਿਛਲੇ 3 ਮਹੀਨਿਆਂ ਤੋਂ ਪਾਰਸਲ ਡਿਲੀਵਰ ਕਰਨ ਲਈ ਆ ਰਿਹਾ ਸੀ। ਉੱਥੇ ਹੀ ਧਮਾਕੇ ਦੀ ਗੂੰਜ ਪੀ. ਏ. ਪੀ. ਚੌਕ ਤੋਂ ਲੈ ਕੇ ਗੁਰੂ ਨਾਨਕਪੁਰਾ ਅਤੇ ਥਾਣਾ ਨਵੀਂ ਬਾਰਾਦਰੀ ਤੱਕ ਸੁਣਾਈ ਦਿੱਤੀ।
ਬਲਾਸਟ ਦੀ ਆਵਾਜ਼ ਸੁਣ ਕੇ ਬੀ. ਐੱਸ. ਐੱਫ. ਦੇ ਜਵਾਨ ਤੁਰੰਤ ਅਲਰਟ ਹੋ ਗਏ। ਕਈ ਬੀ. ਐੱਸ. ਐੱਫ. ਅਤੇ ਕਮਿਸ਼ਨਰੇਟ ਪੁਲਸ ਦੇ ਉੱਚ ਅਧਿਕਾਰੀ ਵੀ ਪਹੁੰਚ ਕੇ ਜਾਂਚ ’ਚ ਜੁਟੇ ਰਹੇ। ਕੁਝ ਮਿੰਟਾਂ ’ਚ ਐਕਟਿਵਾ ਨੂੰ ਲੱਗੀ ਅੱਗ ਬੁਝਾ ਦਿੱਤੀ ਗਈ ਸੀ ਅਤੇ ਫ਼ੋਰੈਂਸਿਕ ਟੀਮਾਂ ਸਬੂਤ ਜੁਟਾਉਣ ਲੱਗ ਗਈਆਂ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਐਕਟਿਵਾ ਇਲੈਕਟ੍ਰਾਨਿਕ ਸੀ ਲੇਕਿਨ ਬਾਅਦ ’ਚ ਕਲੀਅਰ ਹੋਇਆ ਕਿ ਉਹ ਪੈਟਰੋਲ ਵਾਲੀ ਸੀ। ਕੁਝ ਅਧਿਕਾਰੀਆਂ ਨੇ ਕਿਹਾ ਕਿ ਐਕਟਿਵਾ ਦੀ ਡਿੱਗੀ ’ਚ ਪਾਵਰ ਬੈਂਕ ਹੋਵੇਗਾ ਜੋ ਹੀਟ ਦੇ ਕਾਰਨ ਫਟ ਗਿਆ ਅਤੇ ਪੈਟਰੋਲ ਦੀ ਰੇਂਜ ’ਚ ਆਉਣ ਨਾਲ ਐਕਟਿਵਾ ਨੂੰ ਅੱਗ ਲੱਗ ਗਈ।
ਚਸ਼ਮਦੀਦਾਂ ਦੀ ਮੰਨੀਏ ਤਾਂ ਇਹ ਆਮ ਧਮਾਕਾ ਨਹੀਂ ਸੀ। ਇਸ ਦੀ ਧਮਕ ਬਹੁਤ ਜ਼ੋਰਦਾਰ ਸੀ ਅਤੇ ਇਕ ਤੋਂ ਡੇਢ ਕਿਲੋਮੀਟਰ ਤੱਕ ਸੁਣਾਈ ਦਿੱਤੀ।
ਸੀ. ਸੀ. ਟੀ. ਵੀ. ’ਚ ਇਕ ਸ਼ੱਕੀ ਬਾਈਕ ਦਿਸੀ, ਪੁਲਸ ਕੈਮਰੇ ਛਾਣਨ ਵਿਚ ਲੱਗੀ
ਪੁਲਸ ਦੀ ਜਾਂਚ ਵਿਚ ਧਮਾਕੇ ਤੋਂ ਠੀਕ ਪਹਿਲਾਂ ਇਕ ਸ਼ੱਕੀ ਬਾਈਕ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈ ਦਿਸੀ। ਉਹ ਬਾਈਕ ਕੁਝ ਸੈਕਿੰਡ ਰੁਕੀ ਅਤੇ ਫਿਰ ਉੱਥੋਂ ਨਿਕਲ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ’ਤੇ ਦੋ ਨੌਜਵਾਨ ਸਵਾਰ ਸਨ। ਉਧਰ ਦੇਰ ਰਾਤ ਗੁਰਪ੍ਰੀਤ ਦੇ ਪਿਤਾ ਕਸ਼ਮੀਰਾ ਲਾਲ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਆਪਣੇ ਬੇਟੇ ਨਾਲ ਗੱਲ ਕੀਤੀ ਤਾਂ ਉਸ ਨੇ ਵੀ ਦੱਸਿਆ ਕਿ ਜਦੋਂ ਉਹ ਐਕਟਿਵਾ ਵੱਲ ਆ ਰਿਹਾ ਸੀ ਤਾਂ ਇਕ ਬਾਈਕ ਐਕਟਿਵਾ ਕੋਲ ਆ ਕੇ ਰੁਕੀ, ਜਿਸ ’ਤੇ ਸਵਾਰ ਦੋ ਨੌਜਵਾਨਾਂ ਵਿਚੋਂ ਇਕ ਨੇ ਉਤਰ ਕੇ ਉਸ ਦੀ ਐਕਟਿਵਾ ’ਤੇ ਕੁਝ ਰੱਖਿਆ ਅਤੇ ਫਿਰ ਧਮਾਕਾ ਹੋ ਗਿਆ। ਉਧਰ ਦੇਰ ਰਾਤ ਤੱਕ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ ਸੀ। ਸੂਤਰਾਂ ਦੀ ਮੰਨੀਏ ਤਾਂ ਫੋਰੈਂਸਿਕ ਟੀਮ ਨੇ ਦੋ ਪਾਵਰ ਬੈਂਕ ਵਰਗੇ ਦਿਸਣ ਵਾਲੇ ਡਿਵਾਈਸ ਬਰਾਮਦ ਕੀਤੇ ਹਨ, ਪਰ ਇਸ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ।
ਹੈਲਮੇਟ ਨਾ ਹੋਣ ਕਾਰਨ ਬੀ. ਐੱਸ. ਐੱਫ. ਨੇ ਐਕਟਿਵਾ ਨੂੰ ਐਂਟਰੀ ਨਹੀਂ ਦਿੱਤੀ ਤਾਂ ਬਾਹਰ ਖੜ੍ਹੀ ਕੀਤੀ
ਦੱਸਿਆ ਜਾ ਰਿਹਾ ਹੈ ਕਿ ਗੜ੍ਹਾ ਦਾ ਰਹਿਣ ਵਾਲਾ ਗੁਰਪ੍ਰੀਤ ਸਾਰੀਆਂ ਕੰਪਨੀਆਂ ਦੇ ਪਾਰਸਲ ਡਲਿਵਰ ਕਰਨ ਦਾ ਕੰਮ ਕਰਦਾ ਹੈ। ਬੀ. ਐੱਸ. ਐੱਫ. ਸਕੂਲ ਵਿਚ ਪੜ੍ਹਾਈ ਕਰਨ ਦੇ ਬਾਅਦ ਤੋਂ ਹੀ ਉਹ ਇਹ ਕੰਮ ਕਰ ਰਿਹਾ ਹੈ ਅਤੇ ਹੁਣ ਤਿੰਨ ਮਹੀਨਿਆਂ ਤੋਂ ਉਹ ਬੀ. ਐੱਸ. ਐੱਫ. ਹੈੱਡਕੁਆਰਟਰ ਵਿਚ ਪਾਰਸਲ ਦੇਣ ਆਉਂਦਾ ਸੀ। ਮੰਗਲਵਾਰ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਪਾਰਸਲ ਦੇਣ ਬੀ. ਐੱਸ. ਐੱਫ. ਹੈੱਡਕੁਆਰਟਰ ਆਇਆ, ਪਰ ਉਸ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ, ਜਿਸ ਕਾਰਨ ਬੀ. ਐੱਸ. ਐੱਫ. ਦੇ ਜਵਾਨਾਂ ਨੇ ਐਕਟਿਵਾ ਨੂੰ ਅੰਦਰ ਭੇਜਣ ਤੋਂ ਮਨ੍ਹਾ ਕਰ ਦਿੱਤਾ। ਗੁਰਪ੍ਰੀਤ ਨੇ ਐਕਟਿਵਾ ਗੇਟ ਤੋਂ ਕੁਝ ਦੂਰੀ ’ਤੇ ਸਾਈਡ ’ਤੇ ਖੜ੍ਹੀ ਕਰ ਦਿੱਤੀ ਅਤੇ ਅੰਦਰ ਚਲਾ ਗਿਆ।
ਜਿਵੇਂ ਹੀ ਉਹ ਬਾਹਰ ਆਇਆ ਤਾਂ ਜ਼ੋਰਦਾਰ ਧਮਾਕੇ ਤੋਂ ਬਾਅਦ ਐਕਟਿਵਾ ਨੂੰ ਅੱਗ ਲੱਗ ਗਈ। ਗੁਰਪ੍ਰੀਤ ਕੁਝ ਜ਼ਖਮੀ ਵੀ ਹੋਇਆ ਹੈ ਪਰ ਸੁਰੱਖਿਅਤ ਹੈ। ਅੱਗ ਲੱਗਣ ਤੋਂ ਬਾਅਦ ਗੁਰਪ੍ਰੀਤ ਨੇ ਤੁਰੰਤ ਆਪਣੇ ਪਿਤਾ ਨੂੰ ਫ਼ੋਨ ’ਤੇ ਜਾਣਕਾਰੀ ਦਿੱਤੀ ਤਾਂ ਉਸ ਦੇ ਪਿਤਾ ਕਸ਼ਮੀਰਾ ਲਾਲ ਵੀ ਮੌਕੇ ’ਤੇ ਪਹੁੰਚ ਗਏ। ਕੁਝ ਸਮੇਂ ਬਾਅਦ ਕਸ਼ਮੀਰਾ ਲਾਲ ਦੀ ਉਨ੍ਹਾਂ ਦੇ ਬੇਟੇ ਨਾਲ ਮੁਲਾਕਾਤ ਕਰਵਾ ਦਿੱਤੀ ਗਈ। ਹਾਲਾਂਕਿ ਗੁਰਪ੍ਰੀਤ ਅਤੇ ਉਸ ਦੇ ਸਾਥੀ ਤੋਂ ਦੇਰ ਰਾਤ ਤੱਕ ਪੁੱਛਗਿੱਛ ਕੀਤੀ ਜਾ ਰਹੀ ਸੀ। ਸੀ. ਪੀ. ਨੇ ਕਿਹਾ ਕਿ ਦੋਵੇਂ ਨੌਜਵਾਨ ਪੁੱਛਗਿੱਛ ਵਿਚ ਸਹਿਯੋਗ ਕਰ ਰਹੇ ਹਨ।
ਪਲਾਨਿੰਗ ਜਾਂ ਫਿਰ ਹਾਦਸਾ!
ਇਸ ਧਮਾਕੇ ਨੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ ਕਿ ਇਹ ਇਕ ਪਲਾਨਿੰਗ ਸੀ ਜਾਂ ਫਿਰ ਹਾਦਸਾ। ਜੇਕਰ ਹਾਦਸਾ ਹੁੰਦਾ ਤਾਂ ਪੁਲਸ ਅਧਿਕਾਰੀ ਤੁਰੰਤ ਪੁਸ਼ਟੀ ਕਰ ਦਿੰਦੇ। ਇਸੇ ਤਰ੍ਹਾਂ ਜਲੰਧਰ ਦੇ ਚਿਕ-ਚਿਕ ਚੌਕ ਵਿਚ ਇਕ ਐਕਟਿਵਾ ਨੂੰ ਅੱਗ ਲੱਗੀ ਸੀ, ਪਰ ਉਹ ਕੁਝ ਨੌਜਵਾਨਾਂ ਵੱਲੋਂ ਲਾਈਟਰ ਨਾਲ ਲਾਈ ਗਈ ਸੀ ਅਤੇ ਉਸ ਵਿਚ ਕੋਈ ਧਮਾਕਾ ਨਹੀਂ ਹੋਇਆ ਸੀ।
ਆਲੇ-ਦੁਆਲੇ ਛੱਰਿਆਂ ਦੇ ਵੀ ਨਿਸ਼ਾਨ ਨਹੀਂ ਹਨ, ਪਰ ਜਿਸ ਤਰ੍ਹਾਂ ਐਕਟਿਵਾ ਦੇ ਬਾਡੀ ਪਾਰਟਸ ਮਿਲੇ ਹਨ, ਉਹ ਇਕ ਸਾਜ਼ਿਸ਼ ਵੱਲ ਇਸ਼ਾਰਾ ਕਰ ਰਹੇ ਹਨ। ਚਰਚਾ ਹੈ ਕਿ ਜਿਸ ਤਰ੍ਹਾਂ ਗੁਰਪ੍ਰੀਤ ਰੁਟੀਨ ਵਿਚ ਬੀ. ਐੱਸ. ਐੱਫ. ਕੈਂਪਸ ਵਿਚ ਪਾਰਸਲ ਦੇਣ ਜਾਂਦਾ ਸੀ, ਤਾਂ ਉਸ ਦੀ ਸਾਰੀ ਟਾਈਮਿੰਗ ਦੀ ਜਾਣਕਾਰੀ ਲੈ ਕੇ ਐਕਟਿਵਾ ’ਤੇ ਕੁਝ ਲਾਇਆ ਗਿਆ ਹੋਵੇਗਾ, ਜਿਸ ਨਾਲ ਇਹ ਧਮਾਕਾ ਹੋਇਆ। ਖੁਸ਼ਕਿਸਮਤੀ ਇਹ ਰਹੀ ਕਿ ਬੀ. ਐੱਸ. ਐੱਫ. ਦੇ ਜਵਾਨਾਂ ਨੇ ਚੌਕਸੀ ਵਰਤਦਿਆਂ ਐਕਟਿਵਾ ਨੂੰ ਅੰਦਰ ਨਹੀਂ ਜਾਣ ਦਿੱਤਾ, ਨਹੀਂ ਤਾਂ ਕੈਂਪਸ ਵਿਚ ਧਮਾਕਾ ਹੋਣ ’ਤੇ ਵੱਡਾ ਨੁਕਸਾਨ ਵੀ ਹੋ ਸਕਦਾ ਸੀ।
ਪੁਲਸ ਕਮਿਸ਼ਨਰ ਨੇ ਕੀ ਕਿਹਾ
ਸੀ. ਪੀ. ਧਨਪ੍ਰੀਤ ਕੌਰ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਨਾਕੇ ’ਤੇ ਖੜ੍ਹੀ ਪੁਲਸ ਟੀਮ ਦੀ ਐਕਟਿਵਾ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਤੁਰੰਤ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਐਕਟਿਵਾ ’ਤੇ ਆਏ ਦੋਵੇਂ ਨੌਜਵਾਨ ਉਨ੍ਹਾਂ ਕੋਲ ਹਨ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਹ ਸਹਿਯੋਗ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਤੇ ਬੀ. ਐੱਸ. ਐੱਫ. ਨਾਲ ਵੀ ਤੱਥ ਸਾਂਝੇ ਕੀਤੇ ਜਾ ਰਹੇ ਹਨ। ਸੀ. ਪੀ. ਨੇ ਕਿਹਾ ਕਿ ਅੱਤਵਾਦੀ ਹਮਲੇ ਨੂੰ ਲੈ ਕੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਜੇ ਜਾਂਚ ਜਾਰੀ ਹੈ ਅਤੇ ਜਾਂਚ ਵਿਚ ਜੋ ਵੀ ਇਨਪੁੱਟ ਮਿਲੇ, ਉਹ ਸਾਹਮਣੇ ਰੱਖੇ ਜਾਣਗੇ।
Credit : www.jagbani.com