ਜਲੰਧਰ- ਬੀ. ਐੱਸ. ਐੱਫ਼. ਦੇ ਮੁੱਖ ਦਫ਼ਤਰ ਦੇ ਬਾਹਰ ਧਮਾਕਾ ਮਾਮਲੇ ਵਿਚ ਗ੍ਰਿਫ਼ਤਾਰ ਅੱਤਵਾਦੀ ਮੁਨੀਰ ਖ਼ਾਨ ਉਰਫ਼ ਮਿੱਠੂ ਅੰਮ੍ਰਿਤਸਰ ਤੋਂ ਆਈ. ਈ. ਡੀ. ਲੈ ਕੇ ਆਇਆ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖ਼ੁਲਾਸਾ ਕੀਤਾ ਕਿ ਉਹ ਲੰਮੇ ਸਮੇਂ ਤੋਂ ਸ਼ਹਿਜ਼ਾਦ ਭੱਟੀ ਦੇ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਵਿਚ ਸੀ ਅਤੇ ਉਨ੍ਹਾਂ ਦੀ ਕਈ ਵਾਰ ਇੰਟਰਨੈੱਟ ਕਾਲ ’ਤੇ ਗੱਲਬਾਤ ਵੀ ਹੋ ਚੁੱਕੀ ਸੀ।
ਡਰਾਈਵਰੀ ਦਾ ਕੰਮ ਕਰਨ ਵਾਲੇ ਮੁਨੀਰ ਖ਼ਾਨ ਨੇ ਪੁਲਸ ਪੁੱਛਗਿੱਛ ਵਿਚ ਮੰਨਿਆ ਕਿ ਵਾਰਦਾਤ ਤੋਂ ਪਹਿਲਾਂ ਉਹ ਅੰਮ੍ਰਿਤਸਰ ਗਿਆ ਸੀ। ਸ਼ਹਿਜ਼ਾਦ ਭੱਟੀ ਵੱਲੋਂ ਦੱਸੀ ਗਈ ਲੋਕੇਸ਼ਨ ’ਤੇ ਪਹੁੰਚਣ ਤੋਂ ਬਾਅਦ ਉਸ ਨੇ ਆਪਣੇ ਕੱਪੜਿਆਂ ਦਾ ਰੰਗ ਅਤੇ ਕਾਰ ਨੰਬਰ ਪਹਿਲਾਂ ਹੀ ਸਾਂਝਾ ਕਰ ਦਿੱਤਾ ਸੀ। ਇਸ ਤੋਂ ਬਾਅਦ ਭੱਟੀ ਦਾ ਇਕ ਜਾਣਕਾਰ ਉੱਥੇ ਆਇਆ ਅਤੇ ਉਸ ਨੂੰ ਇਕ ਪੈਕੇਟ ਦੇ ਕੇ ਚਲਾ ਗਿਆ। ਉਸੇ ਪੈਕੇਟ ਵਿਚ ਆਈ. ਈ. ਡੀ. ਸੀ, ਜਿਸ ਨੂੰ ਲੈ ਕੇ ਮੁਨੀਰ ਖ਼ਾਨ ਜਲੰਧਰ ਪਹੁੰਚਿਆ।
ਸੂਤਰਾਂ ਅਨੁਸਾਰ ਮੁਲਜ਼ਮ ਧਮਾਕਾ ਹੋਣ ਤੱਕ ਆਪਣੀ ਗੱਡੀ ਵਿਚ ਬੈਠਾ ਰਿਹਾ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਧਮਾਕੇ ਲਈ ਵਰਤੀ ਗਈ ਰਕਮ ਉਸ ਨੂੰ ਕਿੱਥੇ ਸੌਂਪੀ ਗਈ ਪਰ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਸ ਨੂੰ ਲਗਭਗ 70 ਹਜ਼ਾਰ ਰੁਪਏ ਨਕਦੀ ਦਿੱਤੇ ਗਏ ਸਨ, ਇਲ ਦੇ ਨਾਲ ਹੀ ਸ਼ਹਿਜ਼ਾਦ ਭੱਟੀ ਨੇ ਵਾਰਦਾਤ ਨੂੰ ਅੰਜਾਮ ਦੇਣ ਬਦਲੇ ਨਵੀਂ ਕਾਰ ਦਿਵਾਉਣ ਦਾ ਵੀ ਲਾਲਚ ਦਿੱਤਾ ਸੀ।

ਇਸ ਮਾਮਲੇ ਵਿਚ ਗ੍ਰਿਫ਼ਤਾਰ ਦੂਜਾ ਮੁਲਜ਼ਮ ਅਨਿਲ ਸ਼ਰਮਾ ਮਜ਼ਦੂਰੀ ਕਰਦਾ ਹੈ। ਅਨਿਲ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਹ ਵੀ ਸੋਸ਼ਲ ਮੀਡੀਆ ਰਾਹੀਂ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿਚ ਸੀ। ਉਸ ਨੂੰ ਸਿਰਫ਼ ਬੀ. ਐੱਸ. ਐੱਫ਼. ਚੌਕ ਵਿਚ ਪਹੁੰਚ ਕੇ ਵੀਡੀਓ ਕਾਲ ਕਰਨ ਲਈ ਕਿਹਾ ਗਿਆ ਸੀ। ਸੂਤਰਾਂ ਦਾ ਦਾਅਵਾ ਹੈ ਕਿ ਅਨਿਲ ਨੂੰ ਧਮਾਕੇ ਦੀ ਜਾਣਕਾਰੀ ਨਹੀਂ ਸੀ ਪਰ ਜਿਵੇਂ ਹੀ ਧਮਾਕਾ ਹੋਇਆ, ਉਸ ਨੇ ਵੀਡੀਓ ਕਾਲ ਕੱਟੀ ਅਤੇ ਉੱਥੋਂ ਫਰਾਰ ਹੋ ਗਿਆ।
ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਨੀਰ ਖ਼ਾਨ ਅਤੇ ਅਨਿਲ ਸ਼ਰਮਾ ਇਕ-ਦੂਜੇ ਨੂੰ ਨਹੀਂ ਜਾਣਦੇ ਸਨ। ਦੋਵਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸ਼ਹਿਜ਼ਾਦ ਭੱਟੀ ਵੱਲੋਂ ਕੰਮ ਸੌਂਪਿਆ ਗਿਆ ਸੀ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ। ਪੁਲਸ ਮੁਨੀਰ ਖ਼ਾਨ ਨੂੰ ਉਸ ਸਥਾਨ ’ਤੇ ਵੀ ਲੈ ਕੇ ਗਈ, ਜਿੱਥੋਂ ਉਸ ਨੇ ਆਈ. ਈ. ਡੀ. ਪ੍ਰਾਪਤ ਕੀਤਾ ਸੀ। ਹੁਣ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਛਾਣੀ ਜਾ ਰਹੀ ਹੈ ਤਾਂ ਜੋ ਉਸ ਵਿਅਕਤੀ ਦੀ ਪਛਾਣ ਹੋ ਸਕੇ, ਜਿਸ ਨੇ ਆਈ. ਈ. ਡੀ. ਪਹੁੰਚਾਈ ਸੀ। ਮੁੱਢਲੀ ਜਾਂਚ ਵਿਚ ਇਹ ਵੀ ਸਪੱਸ਼ਟ ਹੋਇਆ ਹੈ ਕਿ ਆਈ. ਈ. ਡੀ. ਡਰੋਨ ਰਾਹੀਂ ਭਾਰਤ ਭੇਜੀ ਗਈ ਸੀ। ਮਾਮਲੇ ਨੂੰ ਲੈ ਕੇ ਡੀ. ਜੀ. ਪੀ. ਗੌਰਵ ਯਾਦਵ ਦੀ ਜਲੰਧਰ ਵਿਚ ਪ੍ਰੈੱਸ ਕਾਨਫ਼ਰੰਸ ਪ੍ਰਸਤਾਵਿਤ ਸੀ, ਹਾਲਾਂਕਿ ਉਹ ਤੈਅ ਪ੍ਰੋਗਰਾਮ ਅਨੁਸਾਰ ਨਹੀਂ ਪਹੁੰਚ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com