ਸ਼੍ਰੋਮਣੀ ਕਮੇਟੀ ਮੱਧ ਪ੍ਰਦੇਸ਼ ਦੇ ਉੱਜੈਨ ਵਿਖੇ ਖੋਲ੍ਹੇਗੀ ਸਿੱਖ ਮਿਸ਼ਨ : ਬੀਬੀ ਜਗੀਰ ਕੌਰ

ਸ਼੍ਰੋਮਣੀ ਕਮੇਟੀ ਮੱਧ ਪ੍ਰਦੇਸ਼ ਦੇ ਉੱਜੈਨ ਵਿਖੇ ਖੋਲ੍ਹੇਗੀ ਸਿੱਖ ਮਿਸ਼ਨ : ਬੀਬੀ ਜਗੀਰ ਕੌਰ

ਅੰਮ੍ਰਿਤਸਰ (ਦੀਪਕ ਸ਼ਰਮਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੱਧ ਪ੍ਰਦੇਸ਼ ਵਿਖੇ ਸਿੱਖ ਧਰਮ ਦੇ ਪ੍ਰਚਾਰ ਲਈ ਪਹਿਲੇ ਪਾਤਸ਼ਾਹ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉੱਜੈਨ ਵਿਖੇ ਸਿੱਖ ਮਿਸ਼ਨ ਸਥਾਪਿਤ ਕਰੇਗੀ। ਬੀਤੇ ਦੋ ਦਿਨ ਪਹਿਲਾਂ ਮੱਧ ਪ੍ਰਦੇਸ਼ ਛੱਤੀਸਗੜ੍ਹ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਰਹੇ ਸਵਰਗੀ ਗੁਰਦੀਪ ਸਿੰਘ ਭਾਟੀਆ ਦੀ ਯਾਦ ਵਿਚ ਕਰਵਾਏ ਗਏ ਸਮਾਗਮ ਮੌਕੇ ਇੰਦੌਰ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਉੱਜੈਨ ਦੀਆਂ ਸੰਗਤਾਂ ਨੇ ਮੁਲਾਕਾਤ ਕੀਤੀ ਅਤੇ ਉਥੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਸਾਹਿਬ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਕਿ ਉੱਜੈਨ ਵਿਖੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਰਾਹੀਂ ਸਿੱਖ ਮਿਸ਼ਨ ਸਥਾਪਿਤ ਕਰਕੇ ਇਲਾਕੇ ’ਚ ਪ੍ਰਚਾਰਕ ਜਥੇ ਭੇਜੇ ਜਾਣਗੇ। ਇਹ ਸਿੱਖ ਮਿਸ਼ਨ ਮੱਧ ਪ੍ਰਦੇਸ਼ ਦੇ ਨਾਲ-ਨਾਲ ਗੁਜਰਾਤ, ਮਹਾਰਾਸ਼ਟਰ, ਰਾਜਸਥਾਨ ਅਤੇ ਛੱਤੀਸਗੜ੍ਹ ਦੀਆਂ ਸਰਹੱਦਾਂ ਨੇੜਲੇ ਇਲਾਕਿਆਂ ’ਚ ਸਿੱਖੀ ਪ੍ਰਚਾਰ ਲਈ ਕਾਰਜ ਕਰੇਗਾ। ਇਸ ਮੌਕੇ ਉੱਜੈਨ ਸਿੱਖ ਸਮਾਜ ਦੇ ਆਗੂ ਸੁਰਿੰਦਰ ਸਿੰਘ, ਸਿੱਖ ਆਗੂ ਹਰਪਾਲ ਸਿੰਘ ਭਾਟੀਆ ਅਤੇ ਹੋਰ ਪ੍ਰਮੁੱਖ ਸਿੱਖ ਆਗੂਆਂ ਨੇ ਬੀਬੀ ਜਗੀਰ ਕੌਰ ਨੂੰ ਜਾਣਕਾਰੀ ਦਿੱਤੀ ਕਿ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਹਾਰਾਸ਼ਟਰ ’ਚ ਸਿੱਖਾਂ ਨੇ ਸਖ਼ਤ ਮਿਹਨਤ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਕਾਮਯਾਬੀ ਦੀਆਂ ਬੁਲੰਦੀਆਂ ਛੂਹੀਆਂ ਹਨ।

ਉਨ੍ਹਾਂ ਕਿਹਾ ਕਿ ਇਸ ਇਲਾਕੇ ’ਚ ਉੱਜੈਨ ਵਿਖੇ ਪਹਿਲੇ ਪਾਤਸ਼ਾਹ ਜੀ ਨਾਲ ਸਬੰਧਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਹੇਠ ਕਾਰਜਸ਼ੀਲ ਹੈ, ਜਿਸ ਦੀ ਸੇਵਾ-ਸੰਭਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਰਾਹੀਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਅਸਥਾਨ ਵਿਖੇ ਕਾਰਸੇਵਾ ਰਾਹੀਂ ਕਈ ਕਾਰਜ ਆਰੰਭੇ ਗਏ ਹਨ, ਜਿਨ੍ਹਾਂ ਨੂੰ ਮੁਕੰਮਲ ਕਰਦਿਆਂ ਇਥੇ ਸਿੱਖੀ ਪ੍ਰਚਾਰ ਦਾ ਕੇਂਦਰ ਸਥਾਪਿਤ ਕੀਤਾ ਜਾਵੇ। ਬੀਬੀ ਜਗੀਰ ਕੌਰ ਨੇ ਸਿੱਖ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਇਥੇ ਸਿੱਖ ਮਿਸ਼ਨ ਕਾਰਜਸ਼ੀਲ ਕੀਤਾ ਜਾਵੇਗਾ ਅਤੇ ਪ੍ਰਚਾਰਕ, ਰਾਗੀ ਤੇ ਢਾਡੀ ਜਥੇ ਤਾਇਨਾਤ ਕਰ ਕੇ ਇਲਾਕੇ ’ਚ ਸਰਗਰਮ ਧਰਮ ਪ੍ਰਚਾਰ ਲਹਿਰ ਆਰੰਭੀ ਜਾਵੇਗੀ। ਇਸੇ ਦੌਰਾਨ ਉੱਜੈਨ ਦੀ ਸੰਗਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 21 ਨਵੰਬਰ ਨੂੰ ਕਰਵਾਏ ਜਾਣ ਵਾਲੇ ਗੁਰਮਤਿ ਸਮਾਗਮ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸੱਦਾ ਵੀ ਦਿੱਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਮੈਂਬਰ ਜਰਨੈਲ ਸਿੰਘ ਡੋਗਰਾਂਵਾਲਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਰਣਜੀਤ ਕੌਰ, ਓ.ਐੱਸ.ਡੀ. ਡਾ. ਅਮਰੀਕ ਸਿੰਘ ਲਤੀਫਪੁਰ ਹੋਰ ਅਤੇ ਮੌਜੂਦ ਸਨ।

Credit : www.jagbani.com

  • TODAY TOP NEWS