ਲੋਕ ਸਭਾ ਚੋਣਾਂ : ਲੁਧਿਆਣਾ ’ਚ 5 ਸਾਬਕਾ ਮੰਤਰੀਆਂ ਦੇ ਆਲੇ ਦੁਆਲੇ ਘੁੰਮ ਰਹੀ ਹੈ ਕਾਂਗਰਸ ਦੀ ਟਿਕਟ

ਲੋਕ ਸਭਾ ਚੋਣਾਂ : ਲੁਧਿਆਣਾ ’ਚ 5 ਸਾਬਕਾ ਮੰਤਰੀਆਂ ਦੇ ਆਲੇ ਦੁਆਲੇ ਘੁੰਮ ਰਹੀ ਹੈ ਕਾਂਗਰਸ ਦੀ ਟਿਕਟ

ਲੁਧਿਆਣਾ– ਮੌਜੂਦਾ ਐੱਮ. ਪੀ. ਰਵਨੀਤ ਬਿੱਟੂ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਵੀ ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ ’ਚ ਕਾਂਗਰਸ ਦੇ ਉਮੀਦਵਾਰ ਦੀ ਤਸਵੀਰ ਸਾਫ਼ ਨਹੀਂ ਹੋ ਸਕੀ ਹੈ।

ਇਸ ਮਾਮਲੇ ’ਚ ਇਕ ਤੋਂ ਬਾਅਦ ਇਕ ਨਵਾਂ ਨਾਂ ਸਾਹਮਣੇ ਆ ਰਿਹਾ ਹੈ, ਜਿਨ੍ਹਾਂ ’ਚ ਪਹਿਲਾਂ ਮਨੀਸ਼ ਤਿਵਾੜੀ ਵਲੋਂ ਦਾਅਵੇਦਾਰੀ ਜਤਾਈ ਗਈ ਪਰ ਪਾਰਟੀ ਨੇ ਉਨ੍ਹਾਂ ਨੂੰ ਅਨੰਦਪੁਰ ਸਾਹਿਬ ਤੋਂ ਚੰਡੀਗੜ੍ਹ ’ਚ ਸ਼ਿਫਟ ਕਰ ਦਿੱਤਾ ਹੈ। ਇਸ ਤੋਂ ਬਾਅਦ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੇ ਕਾਂਗਰਸ ’ਚ ਸ਼ਾਮਲ ਹੋਣ ਦੀ ਚਰਚਾ ਸੁਣਨ ਨੂੰ ਮਿਲੀ ਪਰ ਕਾਂਗਰਸੀ ਨੇਤਾਵਾਂ ਦੇ ਭਾਰੀ ਵਿਰੋਧ ਕਾਰਨ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ। ਜਿਥੋਂ ਤੱਕ ਲੋਕਲ ਦਾਅਦੇਵਾਰਾਂ ਦਾ ਸਵਾਲ ਹੈ, ਉਨ੍ਹਾਂ ’ਚ ਮੁੱਖ ਤੌਰ ’ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਜ਼ਿਲਾ ਪ੍ਰਧਾਨ ਸੰਜੇ ਤਲਵਾੜ ਦਾ ਨਾਂ ਸ਼ਾਮਲ ਹੈ।

ਇਹ ਖ਼ਬਰ ਵੀ ਪੜ੍ਹੋ : ‘ਚਮਕੀਲਾ’ ਫ਼ਿਲਮ ਨੂੰ ਲੈ ਕੇ ਵਿਦੇਸ਼ੀ ਸਿੱਖਾਂ ’ਚ ਰੋਸ, ਕਿਹਾ– ‘ਲੱਚਰਤਾ ਨੂੰ ਉਤਸ਼ਾਹਿਤ ਕਰਕੇ ਸਿੱਖਾਂ ਦੇ ਜ਼ਖ਼ਮਾਂ...’

ਇਸ ਤੋਂ ਇਲਾਵਾ ਕਈ ਦਿਨਾਂ ਤੋਂ ਸਾਬਕਾ ਮੰਤਰੀ ਪ੍ਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ’ਤੇ ਲੁਧਿਆਣਾ ਤੋਂ ਟਿਕਟ ਦੇਣ ਲਈ ਵਿਚਾਰ ਕੀਤਾ ਜਾ ਰਿਹਾ ਹੈ। ਹੁਣ ਸੰਗਰੂਰ ਤੋਂ ਟਿਕਟ ਨਾ ਮਿਲਣ ’ਤੇ ਵਿਜੇ ਇੰਦਰ ਸਿੰਗਲਾ ਤੇ ਸੁਖਵਿੰਦਰ ਸਰਕਾਰੀਆ ਦਾ ਨਾਂ ਵੀ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਬਣਾਉਣ ਲਈ ਬਣਾਈ ਗਈ ਦਾਅਵੇਦਾਰਾਂ ਦੀ ਲਿਸਟ ’ਚ ਸ਼ਾਮਲ ਹੋ ਗਿਆ ਹੈ।

ਇਸ ਨੂੰ ਲੈ ਕੇ ਸਾਬਕਾ ਵਿਧਾਇਕ ਦਾ ਫੀਡਬੈਕ ਲੈਣ ਲਈ ਨੇਤਾ ਵਿਰੋਧੀ ਧਿਰ ਪ੍ਰਤਾਪ ਬਾਜਵਾ ਤੇ ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ ਮੰਗਲਵਾਰ ਨੂੰ ਲੁਧਿਆਣਾ ’ਚ ਪੁੱਜੇ ਸਨ। ਮਿਲੀ ਜਾਣਕਾਰੀ ਮੁਤਾਬਕ ਉਕਤ ਨੇਤਾਵਾਂ ਨੇ ਆਪਣੀ ਰਿਪੋਰਟ ਹਾਈ ਕਮਾਨ ਨੂੰ ਭੇਜ ਦਿੱਤੀ ਹੈ, ਜਿਸ ’ਤੇ 20 ਅਪ੍ਰੈਲ ਤੋਂ ਪਹਿਲਾਂ ਫ਼ੈਸਲਾ ਲੈਣ ਦੀ ਗੱਲ ਆਖੀ ਜਾ ਰਹੀ ਹੈ।

ਬਾਜਵਾ ਦੇ ਸਾਹਮਣੇ ਬਿੱਟੂ ਦੀ ਹਾਰ ਨੂੰ ਲੈ ਕੇ ਦਿੱਤੀ ਗਈ ਚੁਣੌਤੀ ਪੂਰੀ ਕਰਨ ਦਾ ਚੈਲੇਂਜ
ਪ੍ਰਤਾਪ ਬਾਜਵਾ ਦੇ ਇਕਦਮ ਲੁਧਿਆਣਾ ਆਉਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ’ਚ ਮੁੱਖ ਰੂਪ ’ਚ ਉਨ੍ਹਾਂ ਵਲੋਂ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਐੱਮ. ਪੀ. ਬਿੱਟੂ ਦੀ ਜਿੱਤ ’ਤੇ ਰਾਜਨੀਤੀ ਛੱਡਣ ਬਾਰੇ ਦਿੱਤੀ ਗਈ ਚੁਣੌਤੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਬਾਜਵਾ ਨੇ ਸਾਰੇ ਕਾਂਗਰਸੀ ਨੇਤਾਵਾਂ ਨੂੰ ਇਹੀ ਪਾਠ ਪੜ੍ਹਾਇਆ ਹੈ ਕਿ ਕਾਂਗਰਸ ਦਾ ਉਮੀਦਵਾਰ ਚਾਹੇ ਕੋਈ ਵੀ ਹੋਵੇ, ਉਸ ਨੂੰ ਕਿਸੇ ਵੀ ਤਰ੍ਹਾਂ ਦੀ ਗੁੱਟਬਾਜ਼ੀ ਤੋਂ ਉੱਪਰ ਉੱਠ ਕੇ ਬਿੱਟੂ ਦੀ ਹਾਰ ਦੇ ਟਾਰਗੇਟ ਨੂੰ ਸਾਹਮਣੇ ਰੱਖ ਕੇ ਕੰਮ ਕਰਨਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS