ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਕਾਸ ਬੱਗਾ ਕਤਲ ਕਾਂਡ 'ਚ ਸ਼ਾਮਲ ਇਕ ਹੋਰ ਗੁਰਗਾ ਗ੍ਰਿਫ਼ਤਾਰ, ਹੋਣਗੇ ਵੱਡੇ ਖ਼ੁਲਾਸੇ

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਕਾਸ ਬੱਗਾ ਕਤਲ ਕਾਂਡ 'ਚ ਸ਼ਾਮਲ ਇਕ ਹੋਰ ਗੁਰਗਾ ਗ੍ਰਿਫ਼ਤਾਰ, ਹੋਣਗੇ ਵੱਡੇ ਖ਼ੁਲਾਸੇ

ਨੰਗਲ-ਇਕ ਪਾਸੇ ਲਕਸ਼ਮੀ ਨਾਰਾਇਣ ਮੰਦਰ ਨੰਗਲ ਵਿਚ ਵਿਕਾਸ ਬੱਗਾ ਨੂੰ ਸਮਾਜ ਸੇਵੀ ਅਤੇ ਸਥਾਨਕ ਲੋਕਾਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਗੱਲ ਕਰੀਏ ਤਾਂ ਸ਼ਰਧਾਂਜਲ ਵਾਲੀ ਥਾਂ ਤੋਂ ਮਹਿਜ਼ ਇਕ ਕਿਲੋਮੀਟਰ ਦੂਰ ਵਿਕਾਸ ਬੱਗਾ ਦੇ ਕਾਤਲ ਨੰਗਲ ਪੁਲਸ ਦੀ ਗ੍ਰਿਫ਼ਤ ਵਿਚ ਹਨ। ਜਿਨ੍ਹਾਂ ਨੂੰ ਬੀਤੇ ਦਿਨ ਡੀ. ਐੱਸ. ਪੀ. ਮਨਜੀਤ ਸਿੰਘ ਅਤੇ ਐੱਸ. ਐੱਚ. ਓ. ਹਰਦੀਪ ਸਿੰਘ ਦੀ ਅਗਵਾਈ ’ਚ ਭਾਰੀ ਪੁਲਸ ਫੋਰਸ ਨੇ ਨੰਗਲ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਮਾਣਯੋਗ ਅਦਾਲਤ ਵੱਲੋਂ ਦੋਸ਼ੀਆਂ ਦਾ ਸੱਤ ਦਿਨ ਦਾ ਰਿਮਾਂਡ ਹੋਰ ਵਧਾ ਦਿੱਤਾ ਗਿਆ ਹੈ।

PunjabKesari

ਪੱਤਰਕਾਰਾਂ ਨਾਲ ਗੱਲ ਕਰਦਿਆਂ ਡੀ. ਐੱਸ. ਪੀ. ਮਨਜੀਤ ਸਿੰਘ ਨੇ ਕਿਹਾ ਕਿ ਵਿਕਾਸ ਬੱਗਾ ਦੇ ਕਾਤਲਾਂ ਦੀ ਗੈਂਗ ਦਾ ਇਕ ਹੋਰ ਗੁਰਗਾ ਜਿਸ ਦਾ ਨਾਂ ਗੁਰਮੀਤ ਸਿੰਘ ਉਰਫ਼ ਗੁਰਾ ਹੈ, ਜੋਕਿ ਨਵਾਂਸ਼ਹਿਰ ਦੇ ਪਿੰਡ ਪੰਨੂ ਮਾਜਰਾ ਦਾ ਰਹਿਣ ਵਾਲਾ ਹੈ, ਨੂੰ ਵੀ 32 ਬੋਰ ਦੇ ਰਿਵਾਲਵਰ ਅਤੇ ਸੱਤ ਕਾਰਤੂਸਾਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਵੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ, ਜਿੱਥੇ ਇਨ੍ਹਾਂ ਦੋਸ਼ੀਆਂ ਦਾ 7 ਦਿਨ ਦਾ ਰਿਮਾਂਡ ਹੋਰ ਵਧਾ ਦਿੱਤਾ ਗਿਆ ਹੈ ਅਤੇ 29 ਅਪ੍ਰੈਲ ਨੂੰ ਇਨ੍ਹਾਂ ਨੂੰ ਮੁੜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਉਕਤ ਕਥਿਤ ਹਮਲਾਵਰਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਬਹੁਤ ਜਲਦ ਹੋਰ ਵੀ ਵੱਡੇ ਖ਼ੁਲਾਸੇ ਹੋਣਗੇ, ਜੋ ਮੀਡੀਆ ਰਾਹੀਂ ਜਨਤਕ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਇਨ੍ਹਾਂ ਦੀਆਂ ਤਾਰਾਂ ਪੁਰਤਕਾਲ ’ਚ ਬੈਠੇ ਸਮਾਜ ਵਿਰੋਧੀ ਲੋਕਾਂ ਨਾਲ ਜੁੜੀਆਂ ਹੋਈਆਂ ਹਨ। ਇਹੋ ਕਾਰਨ ਹੈ ਕਿ ਇਹ ਸਲੀਪਰ ਸੈੱਲ ਦੀ ਤਰ੍ਹਾਂ ਸਿਰਫ਼ ਹੁਕਮ ਮੰਨਦੇ ਹਨ ਅਤੇ ਮਾੜੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।

PunjabKesari

ਜ਼ਿਕਰਯੋਗ ਹੈ ਕਿ ਬੀਤੀ 13 ਅਪ੍ਰੈਲ ਨੂੰ ਰੇਲਵੇ ਰੋਡ ਨੰਗਲ ਵਿਚ ਫੜੇ ਗਏ ਪਹਿਲੇ ਦੋ ਹਮਲਾਵਰਾਂ ਨੇ ਦਿਨ-ਦਿਹਾੜੇ ਹਿੰਦੂ ਨੇਤਾ ਵਿਕਾਸ ਬੱਗਾ ਦੀ ਸਿਰ ਵਿਚ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ ਪਰ ਪੰਜਾਬ ਪੁਲਸ ਨੇ ਇਨ੍ਹਾਂ ਹਮਲਵਾਰਾਂ ਨੂੰ 3 ਦਿਨ ਵਿਚ ਹੀ ਗ੍ਰਿਫ਼ਤਾਰ ਕਰ ਲਿਆ ਸੀ ਜੋ ਕਿ ਨਵਾਂਸ਼ਹਿਰ ਦੇ ਪਿੰਡ ਸਲੋ ਦੇ ਰਹਿਣ ਵਾਲੇ ਹਨ। ਸੂਤਰ ਦੱਸਦੇ ਹਨ ਕਿ ਉਕਤ ਪਿੰਡ ਦੇ ਬਹੁਤੇ ਨੌਜਵਾਨ ਸਿੰਥੈਟਿਕ ਨਸ਼ੇ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਮਾੜੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Credit : www.jagbani.com

  • TODAY TOP NEWS