ਐਂਟਰਟੇਨਮੈਂਟ ਡੈਸਕ- ਹਾਲ ਹੀ 'ਚ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਸ਼ਾਹਬਾਜ਼ ਅੰਸਾਰੀ ਫਰਾਰ ਹੋ ਗਿਆ ਹੈ। ਪਿਛਲੇ ਮਹੀਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਉਸ ਨੂੰ ਅੰਤਰਿਮ ਜ਼ਮਾਨਤ ਮਿਲੀ ਸੀ। ਮਈ 2022 'ਚ ਮੂਸੇਵਾਲਾ ਦੀ ਹੱਤਿਆ ਲਈ ਗੈਂਗਸਟਰ ਲਾਰੈਂਸ ਨੂੰ ਹਥਿਆਰ ਅਤੇ ਗੋਲਾ -ਬਾਰੂਦ ਦੇਣ ਦਾ ਉਸ 'ਤੇ ਦੋਸ਼ ਹੈ। ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਨਿਵਾਸੀ ਅੰਸਾਰੀ ਨੂੰ ਦਸੰਬਰ 2022 'ਚ ਗ੍ਰਿਫਤਾਰ ਕੀਤਾ ਗਿਆ ਸੀ। 18 ਜੂਨ ਨੂੰ ਵੇਕੇਸ਼ਨ ਜੱਜ ਨੇ ਉਸ ਦੀ ਪਤਨੀ ਦੀ ਸਪਾਇਨ ਡਿਕੰਪ੍ਰੈਸ਼ਨ ਸਰਜਰੀ ਦੇ ਲਈ ਇਕ ਮਹੀਨੇ ਦੀ ਅੰਤਰਿਮ ਜ਼ਮਾਨਤ ਦਿੱਤੀ ਸੀ। ਪਰ ਹੁਣ ਰਾਸ਼ਟਰੀ ਜਾਂਚ ਏਜੰਸੀ ਦਾ ਕਹਿਣਾ ਹੈ ਕਿ ਅੰਸਾਰੀ ਦਾ ਮੋਬਾਇਲ ਫੋਨ ਬੰਦ ਆ ਰਿਹਾ ਹੈ ਅਤੇ ਉਸ ਦੀ ਲੋਕੇਸ਼ਨ ਟਰੇਸ ਨਹੀਂ ਹੋ ਰਹੀ।

ਐੱਨਆਈਏ ਨੇ ਕੋਰਟ ਨੂੰ ਦੱਸਿਆ ਕਿ ਸ਼ਾਹਬਾਜ਼ ਅੰਸਾਰੀ ਵਲੋਂ ਦਿੱਤਾ ਗਿਆ ਫੋਨ ਨੰਬਰ ਅਸਮ ਦੇ ਇਕ ਵਿਅਕਤੀ ਦੇ ਨਾਂ ਤੋਂ ਰਜਿਸਟਰ ਹੈ। ਜ਼ਮਾਨਤ ਲਈ ਜ਼ਮਾਨਤਦਾਰ ਨੇ ਕਥਿਤ ਤੌਰ 'ਤੇ ਪੈਸੇ ਲੈ ਕੇ ਇਹ ਕੰਮ ਕੀਤਾ ਸੀ। ਇਸ ਤੋਂ ਇਲਾਵਾ ਅੰਸਾਰੀ ਨੇ ਜਿਸ ਗਾਜ਼ੀਆਬਾਦ ਦੇ ਐਮਐਮਜੀ ਹਸਪਤਾਲ ਦਾ ਹਵਾਲਾ ਦਿੱਤਾ, ਉਥੇ ਅਜਿਹੀ ਸਰਜਰੀ ਨਹੀਂ ਹੁੰਦੀ। ਇਨ੍ਹਾਂ ਖੁਲਾਸਿਆਂ ਤੋਂ ਬਾਅਨ ਐੱਨਆਈਏ ਨੇ ਵਿਸ਼ੇਸ਼ ਲੋਕ ਅਭਿਯੋਜਕ ਰਾਹੁਲ ਤਿਆਗੀ ਰਾਹੀਂ 8 ਜੁਲਾਈ ਨੂੰ ਜ਼ਮਾਨਤ ਰੱਦ ਕਰਵਾ ਦਿੱਤੀ। ਹਾਲਾਂਕਿ ਅੰਸਾਰੀ ਨੇ ਕੋਰਟ 'ਚ ਹਾਜ਼ਰ ਹੋਣ ਦੇ ਿਸ ਦੀ ਅਣਦੇਖੀ ਕੀਤੀ। ਉਸ ਤੋਂ ਬਾਅਦ ਵਕੀਲ ਅਮਿਤ ਸ਼੍ਰੀਵਾਸਤਵ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਆਪਣੇ ਮੁਵੱਕਿਲ ਦੇ ਠਿਕਾਣੇ ਦੀ ਜਾਣਕਾਰੀ ਨਹੀਂ ਹੈ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਹਾਲੇ ਤੱਕ ਵੀ ਇਨਸਾਫ ਨਹੀਂ ਮਿਲਿਆ। ਮੂਸੇਵਾਲਾ ਦਾ ਪਰਿਵਾਰ ਤੇ ਉਸ ਦੇ ਚਾਹੁਣ ਵਾਲੇ ਹਾਲੇ ਵੀ ਇਨਸਾਫ ਦੀ ਉਡੀਕ ਕਰ ਰਹੇ ਹਨ।
Credit : www.jagbani.com