ਪਠਾਨਕੋਟ,- ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾਅਦ ਵਿਧਾਇਕ ਅਸ਼ਵਨੀ ਸ਼ਰਮਾ ਦਾ ਪਠਾਨਕੋਟ ਪਹੁੰਚਣ ’ਤੇ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਜ਼ਿਲਾ ਭਾਜਪਾ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਕੇ. ਡੀ. ਭੰਡਾਰੀ, ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਨਾਲ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸੰਸਥਾਵਾਂ ਦੇ ਅਹੁਦੇਦਾਰਾਂ ਵੱਲੋਂ ਅਸ਼ਵਨੀ ਸ਼ਰਮਾ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।
ਸਥਾਨਕ ਪੈਲੇਸ ਵਿਖੇ ਹੋਈ ਇਕ ਵਿਸ਼ੇਸ਼ ਮੀਟਿੰਗ ਦੌਰਾਨ ਵਿਧਾਇਕ ਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਸਨਮਾਨ ਉਨ੍ਹਾਂ ਨੂੰ ਦਿੱਤਾ ਗਿਆ ਹੈ, ਉਹ ਹਰ ਇਕ ਵਰਕਰ ਦਾ ਸਨਮਾਨ ਹੈ ਪਰ ਇਸ ਦੇ ਨਾਲ-ਨਾਲ ਹੁਣ ਉਨ੍ਹਾਂ ’ਤੇ ਜ਼ਿੰਮੇਵਾਰੀ ਹੋਰ ਵੱਧ ਗਈ ਹੈ, ਜਿਸ ਨੂੰ ਨਿਭਾਉਣ ਲਈ ਹਰ ਭਾਜਪਾ ਵਰਕਰ ਨੂੰ ਆਪਣਾ ਯੋਗਦਾਨ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਪੰਜਾਬ ਨੂੰ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋੜ ਹੈ। ਉਨ੍ਹਾਂ ਪੰਜਾਬ ਦੀ ਮੌਜੂਦਾ ਸਿਆਸੀ ਹਾਲਤ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਾਡੇੇ 3 ਸਾਲ ਤੋਂ ਪੰਜਾਬ ਵਿਚ ਕੋਈ ‘ਸਰਕਾਰ’ ਨਹੀਂ ਚੱਲ ਰਹੀ ਹੈ।
ਇਸ ਮੌਕੇ ਪ੍ਰਦੇਸ਼ ਸਕੱਤਰ ਰਾਕੇਸ਼ ਸ਼ਰਮਾ, ਜ਼ਿਲਾ ਪ੍ਰਧਾਨ ਵਿਜੇ ਸ਼ਰਮਾ, ਸਾਬਕਾ ਵਿਧਾਇਕਾ ਸੀਮਾ ਦੇਵੀ, ਸਾਬਕਾ ਮੇਅਰ ਅਨਿਲ ਵਾਸੁਦੇਵਾ, ਸਾਬਕਾ ਨਗਰ ਕੌਂਸਲ ਪ੍ਰਧਾਨ ਸਤੀਸ਼ ਮਹਾਜਨ, ਜ਼ਿਲਾ ਮਹਾਮੰਤਰੀ ਸੁਰੇਸ਼ ਸ਼ਰਮਾ, ਵਿਨੋਦ ਧੀਮਾਨ, ਮੰਡਲ ਪ੍ਰਧਾਨ ਸੀ. ਏ. ਨਿਪੁਣ ਗੁਪਤਾ, ਅਮਨ ਸ਼ਰਮਾ, ਸਾਬਕਾ ਬਾਰ ਕੌਂਸਲ ਪ੍ਰਧਾਨ ਠਾਕੁਰ ਰਵਿੰਦਰ ਸਿੰਘ, ਰੋਹਿਤ ਪੁਰੀ, ਠਾਕੁਰ ਸ਼ਮਸ਼ੇਰ ਸਿੰਘ, ਰੋਮੀ ਵਡੈਹਰਾ, ਵਿਪਨ ਮਹਾਜਨ, ਰਾਹੁਲ ਸੈਣੀ, ਸਾਬਕਾ ਟਰਸਟ ਚੇਅਰਮੈਨ ਐਡਵੋਕੇਟ ਜਤਿੰਦਰ ਦੇਵ ਸ਼ਰਮਾ ਆਦਿ ਮੌਜੂਦ ਸਨ।
Credit : www.jagbani.com