ਲੰਡਨ– ਖੱਬੇ ਹੱਥ ਦੇ ਸਪਿੰਨਰ ਲਿਆਮ ਡਾਸਨ ਨੇ 8 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਮੰਗਲਵਾਰ ਨੂੰ ਇੰਗਲੈਂਡ ਦੀ ਟੈਸਟ ਟੀਮ ਵਿਚ ਵਾਪਸੀ ਕੀਤੀ। ਉਸ ਨੂੰ ਭਾਰਤ ਵਿਰੁੱਧ 23 ਜੁਲਾਈ ਤੋਂ ਮਾਨਚੈਸਟਰ ਵਿਚ ਸ਼ੁਰੂ ਹੋਣ ਵਾਲੇ ਚੌਥੇ ਟੈਸਟ ਮੈਚ ਲਈ ਜ਼ਖ਼ਮੀ ਸ਼ੋਏਬ ਬਸ਼ੀਰ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਤੀਜੇ ਟੈਸਟ ਮੈਚ ਵਿਚ ਭਾਰਤ ਦੀ ਪਹਿਲੀ ਪਾਰੀ ਦੌਰਾਨ ਆਪਣੀ ਹੀ ਗੇਂਦ ’ਤੇ ਫੀਲਡਿੰਗ ਕਰਦੇ ਸਮੇਂ ਬਸ਼ੀਰ ਦੇ ਖੱਬੇ ਹੱਥ ’ਚ ਫ੍ਰੈਕਚਰ ਹੋ ਗਿਆ ਸੀ। ਇਹ ਮੈਚ ਇੰਗਲੈਂਡ ਨੇ 22 ਦੌੜਾਂ ਨਾਲ ਜਿੱਤਿਆ ਸੀ। ਸੱਟ ਦੇ ਬਾਵਜੂਦ ਬਸ਼ੀਰ ਨੇ ਭਾਰਤ ਦੀ ਦੂਜੀ ਪਾਰੀ ਵਿਚ ਗੇਂਦਬਾਜ਼ੀ ਕੀਤੀ ਤੇ ਮੁਹੰਮਦ ਸਿਰਾਜ ਨੂੰ ਆਊਟ ਕਰ ਕੇ ਆਪਣੀ ਟੀਮ ਨੂੰ ਰੋਮਾਂਚਕ ਜਿੱਤ ਦਿਵਾਉਣ ਵਿਚ ਮਦਦ ਕੀਤੀ।
35 ਸਾਲਾ ਡਾਸਨ ਨੇ ਆਪਣੇ 3 ਟੈਸਟ ਮੈਚਾਂ ਵਿਚੋਂ ਆਖਰੀ ਟੈਸਟ 2017 ਵਿਚ ਦੱਖਣੀ ਅਫਰੀਕਾ ਵਿਰੁੱਧ ਖੇਡਿਆ ਸੀ। ਉਸ ਨੇ 7 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਉਸ ਨੇ ਇੰਗਲੈਂਡ ਵੱਲੋਂ 6 ਵਨ ਡੇ ਤੇ 14 ਟੀ-20 ਕੌਮਾਂਤਰੀ ਮੈਚ ਵੀ ਖੇਡੇ ਹਨ। ਉਹ ਕਈ ਸਾਲਾਂ ਤੋਂ ਹੈਂਪਸ਼ਾਇਰ ਲਈ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਤੇ ਉਸ ਨੂੰ 2023 ਤੇ 2024 ਵਿਚ ਪੀ. ਸੀ. ਏ. ਪਲੇਅਰ ਆਫ ਦਿ ਯੀਅਰ ਚੁਣਿਆ ਗਿਆ ਸੀ। ਡਾਸਨ ਨੇ ਹੁਣ ਤੱਕ 212 ਪਹਿਲੀ ਸ਼੍ਰੇਣੀ ਮੈਚਾਂ ਵਿਚ 371 ਵਿਕਟਾਂ ਲਈਆਂ ਹਨ। ਉਹ ਹੇਠਲੇ ਮੱਧਕ੍ਰਮ ਦਾ ਉਪਯੋਗੀ ਬੱਲੇਬਾਜ਼ ਵੀ ਹੈ। ਉਸ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ 10 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚ 18 ਸੈਂਕੜੇ ਵੀ ਸ਼ਾਮਲ ਹਨ।
ਇੰਗਲੈਂਡ ਦੇ ਚੋਣਕਾਰ ਲਿਊਕ ਰਾਈਟ ਨੇ ਕਿਹਾ, ‘‘ਲਿਆਮ ਡਾਸਨ ਟੀਮ ਵਿਚ ਸ਼ਾਮਲ ਹੋਣ ਦਾ ਹੱਕਦਾਰ ਸੀ। ਕਾਊਂਟੀ ਚੈਂਪੀਅਨਸ਼ਿਪ ਵਿਚ ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਤੇ ਉਸ ਨੇ ਹੈਂਪਸ਼ਾਇਰ ਵੱਲੋਂ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ।’’
ਇਸ ਵਿਚਾਲੇ ਤੇਜ਼ ਗੇਂਦਬਾਜ਼ ਸੈਮ ਕੁੱਕ ਤੇ ਜੈਮੀ ਓਵਰਟੋਨ ਆਪਣੀਆਂ ਕਾਊਂਟੀ ਟੀਮਾਂ ਨਾਲ ਜੁੜ ਗਏ ਹਨ।
ਇੰਗਲੈਂਡ ਦੀ ਟੈਸਟ ਟੀਮ : ਬੇਨ ਸਟੋਕਸ (ਕਪਤਾਨ), ਜੋਫ੍ਰਾ ਆਰਚਰ, ਗਸ ਐਟਕਿੰਸਨ, ਜੈਕੇਬ ਬੈਥੇਲ, ਹੈਰੀ ਬਰੂਕ, ਬ੍ਰਾਇਡਨ ਕਾਰਸ, ਜੈਕ ਕਰਾਓਲੇ, ਲਿਆਮ ਡਾਸਨ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੈਮੀ ਸਮਿਥ, ਜੋਸ਼ ਟੰਗ, ਕ੍ਰਿਸ ਵੋਕਸ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com