ਇੰਟਰਨੈਸ਼ਨਲ ਡੈਸਕ- ਮੱਧ ਪੂਰਬ ਵਿੱਚ ਕਈ ਮੋਰਚਿਆਂ 'ਤੇ ਜੰਗ ਚੱਲ ਰਹੀ ਹੈ, ਜਿਸ ਵਿੱਚ ਇਜ਼ਰਾਈਲ ਦੀ ਸ਼ਮੂਲੀਅਤ ਲਗਭਗ ਹਰ ਮੋਰਚੇ 'ਤੇ ਦਿਖਾਈ ਦੇ ਰਹੀ ਹੈ। ਤਾਜ਼ਾ ਸਥਿਤੀ ਇਹ ਹੈ ਕਿ ਇਜ਼ਰਾਈਲ ਨੇ ਸੀਰੀਆ ਵਿੱਚ ਵੀ ਹਮਲੇ ਤੇਜ਼ ਕਰ ਦਿੱਤੇ ਹਨ। ਇਜ਼ਰਾਈਲੀ ਫੌਜ ਆਈਡੀਐੱਫ (ਇਜ਼ਰਾਈਲੀ ਡਿਫੈਂਸ ਫੋਰਸਿਜ਼) ਨੇ ਬੁੱਧਵਾਰ ਨੂੰ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਸੀਰੀਆਈ ਰੱਖਿਆ ਮੰਤਰਾਲੇ ਦੇ ਪ੍ਰਵੇਸ਼ ਦੁਆਰ 'ਤੇ ਹਮਲਾ ਕੀਤਾ। ਇਸ ਹਮਲੇ ਵਿਚ 5 ਲੋਕਾਂ ਦੀ ਮੌਤ ਦੀ ਖਬਰ ਹੈ। ਇਜ਼ਰਾਈਲ ਸੋਮਵਾਰ ਤੋਂ ਸੀਰੀਆ ਦੀ ਇਸਲਾਮੀ ਅਗਵਾਈ ਵਾਲੀ ਸਰਕਾਰ ਦੀ ਫੌਜ ਨੂੰ ਨਿਸ਼ਾਨਾ ਬਣਾ ਰਿਹਾ ਹੈ। ਦੱਖਣੀ ਸੀਰੀਆ ਦੇ ਸ਼ਹਿਰ ਸਵਾਈਦਾ ਵਿੱਚ ਸਥਾਨਕ ਸੁਰੱਖਿਆ ਬਲਾਂ ਅਤੇ ਡਰੂਜ਼ ਭਾਈਚਾਰੇ ਦੇ ਲੜਾਕਿਆਂ ਵਿਚਕਾਰ ਝੜਪਾਂ ਤੋਂ ਬਾਅਦ ਇਜ਼ਰਾਈਲ ਨੇ ਸੀਰੀਆਈ ਫੌਜਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।
ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਡਰੂਜ਼ ਘੱਟ ਗਿਣਤੀ ਨੂੰ ਸਥਾਨਕ ਫੌਜਾਂ ਦੇ ਹਮਲਿਆਂ ਤੋਂ ਬਚਾਉਣ ਲਈ ਇਹ ਹਮਲੇ ਕਰ ਰਿਹਾ ਹੈ। ਸੀਰੀਆ ਦੇ ਰੱਖਿਆ ਮੰਤਰਾਲੇ ਦੇ ਸੁਰੱਖਿਆ ਸੂਤਰਾਂ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਮੰਤਰਾਲੇ ਦੀ ਇਮਾਰਤ 'ਤੇ ਘੱਟੋ-ਘੱਟ ਦੋ ਡਰੋਨ ਹਮਲੇ ਹੋਏ ਹਨ ਅਤੇ ਅਧਿਕਾਰੀ ਬੇਸਮੈਂਟ ਵਿੱਚ ਲੁਕੇ ਹੋਏ ਸਨ। ਸੀਰੀਆ ਦੇ ਸਰਕਾਰੀ ਨਿਊਜ਼ ਚੈਨਲ ਏਲੇਕਬਾਰੀਆ ਟੀਵੀ ਨੇ ਰਿਪੋਰਟ ਦਿੱਤੀ ਹੈ ਕਿ ਇਜ਼ਰਾਈਲੀ ਹਮਲੇ ਵਿੱਚ ਦੋ ਨਾਗਰਿਕ ਜ਼ਖਮੀ ਹੋਏ ਹਨ।
ਇਜ਼ਰਾਈਲੀ ਫੌਜ ਨੇ ਕਿਹਾ, 'ਅਸੀਂ ਦਮਿਸ਼ਕ ਵਿੱਚ ਸੀਰੀਆਈ ਸ਼ਾਸਨ ਦੇ ਫੌਜੀ ਹੈੱਡਕੁਆਰਟਰ ਕੰਪਲੈਕਸ ਦੇ ਪ੍ਰਵੇਸ਼ ਦੁਆਰ 'ਤੇ ਹਮਲਾ ਕੀਤਾ ਹੈ। ਫੌਜ ਦੱਖਣੀ ਸੀਰੀਆ ਵਿੱਚ ਡਰੂਜ਼ ਨਾਗਰਿਕਾਂ ਵਿਰੁੱਧ ਕੀਤੀਆਂ ਜਾ ਰਹੀਆਂ ਕਾਰਵਾਈਆਂ 'ਤੇ ਨਜ਼ਰ ਰੱਖ ਰਹੀ ਹੈ।'
ਕਿਵੇਂ ਸ਼ੁਰੂ ਹੋਈ ਲੜਾਈ
ਸੀਰੀਆ ਦੇ ਸਰਕਾਰੀ ਮੀਡੀਆ ਨੇ ਰਿਪੋਰਟ ਦਿੱਤੀ ਕਿ ਇਜ਼ਰਾਈਲ ਨੇ ਬੁੱਧਵਾਰ ਨੂੰ ਮੁੱਖ ਤੌਰ 'ਤੇ ਸੁਵੈਦਾ ਸ਼ਹਿਰ ਨੂੰ ਨਿਸ਼ਾਨਾ ਬਣਾਇਆ। ਇਹ ਪੂਰਾ ਟਕਰਾਅ ਉਦੋਂ ਸ਼ੁਰੂ ਹੋਇਆ ਜਦੋਂ ਸਰਕਾਰੀ ਫੌਜਾਂ ਸੋਮਵਾਰ ਨੂੰ ਡਰੂਜ਼ ਲੜਾਕਿਆਂ ਅਤੇ ਬੇਦੂਇਨ ਹਥਿਆਰਬੰਦ ਸਮੂਹਾਂ ਵਿਚਕਾਰ ਲੜਾਈ ਨੂੰ ਦਬਾਉਣ ਲਈ ਸ਼ਹਿਰ ਵਿੱਚ ਦਾਖਲ ਹੋਈਆਂ। ਪਰ ਹੋਇਆ ਇਹ ਕਿ ਡਰੂਜ਼ ਲੜਾਕਿਆਂ ਅਤੇ ਸਰਕਾਰੀ ਫੌਜਾਂ ਵਿਚਕਾਰ ਲੜਾਈ ਸ਼ੁਰੂ ਹੋ ਗਈ। ਦੋਵਾਂ ਧਿਰਾਂ ਵਿਚਕਾਰ ਜੰਗਬੰਦੀ ਹੋਈ ਸੀ, ਪਰ ਇਸਦੀ ਵਾਰ-ਵਾਰ ਉਲੰਘਣਾ ਹੋ ਰਹੀ ਹੈ।
ਜਾਣਕਾਰੀ ਮੁਤਾਬਕ, Swaida ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਨੂੰ ਬੁੱਧਵਾਰ ਤੜਕੇ ਭਾਰੀ ਤੋਪਖਾਨੇ ਅਤੇ ਮੋਰਟਾਰ ਗੋਲੇ ਦਾਗ਼ੇ ਗਏ। ਸੀਰੀਆ ਦੇ ਰੱਖਿਆ ਮੰਤਰਾਲੇ ਨੇ ਸਰਕਾਰੀ ਨਿਊਜ਼ ਏਜੰਸੀ SANA ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ Swaida ਵਿੱਚ ਗੈਰ-ਕਾਨੂੰਨੀ ਸਮੂਹ ਜੰਗਬੰਦੀ ਦੀ ਉਲੰਘਣਾ ਕਰ ਰਹੇ ਹਨ।
Credit : www.jagbani.com