SGPC ਨੂੰ ਮਿਲੀਆਂ ਧਮਕੀ ਭਰੀਆਂ 5 ਈ-ਮੇਲ, CM ਮਾਨ ਤੇ ਗੁਰਜੀਤ ਔਜਲਾ ਦਾ ਵੀ ਜ਼ਿਕਰ

SGPC ਨੂੰ ਮਿਲੀਆਂ ਧਮਕੀ ਭਰੀਆਂ 5 ਈ-ਮੇਲ, CM ਮਾਨ ਤੇ ਗੁਰਜੀਤ ਔਜਲਾ ਦਾ ਵੀ ਜ਼ਿਕਰ

ਜਲੰਧਰ/ਅੰਮ੍ਰਿਤਸਰ- ਸ੍ਰੀ ਦਰਬਾਰ ਸਾਹਿਬ ਨੂੰ ਤੀਜੀ ਵਾਰ ਈ-ਮੇਲ ਜ਼ਰੀਏ ਧਮਕੀ ਮਿਲਣ 'ਤੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫ਼ੰਰਸ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 14 ਜੁਲਾਈ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਅੱਜ ਲਗਾਤਾਰ ਤੀਜੇ ਦਿਨ ਸ੍ਰੀ ਦਰਬਾਰ ਸਾਹਿਬ ਲਈ ਬਲਾਸਟ ਵਾਲੀ ਧਮਕੀ ਮਿਲੀ ਹੈ। ਉਨ੍ਹਾਂ ਕਿਹਾ ਕਿ 14 ਜੁਲਾਈ ਨੂੰ ਪਹਿਲੀ ਈ-ਮੇਲ ਐੱਸ. ਜੀ. ਪੀ. ਸੀ. ਦੀ ਮੇਲ 'ਤੇ ਆਈ ਸੀ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਕੁਝ ਗੱਲਾਂ ਲਿਖੀਆਂ ਗਈਆਂ ਸਨ।

ਇਸ ਦੇ ਬਾਰੇ ਸਾਡੇ ਵੱਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਕਿਹਾ ਗਿਆ ਕਿ ਇਹ ਪਤਾ ਕੀਤਾ ਜਾਵੇ ਕਿ ਕਿਹੜੇ ਸਰਵਰ ਜ਼ਰੀਏ ਅਜਿਹਾ ਕੰਮ ਕੀਤਾ ਜਾ ਰਿਹਾ ਸੀ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਇਸ ਦੇ ਬਾਅਦ 15 ਤਾਰੀਖ਼ ਨੂੰ ਫਿਰ ਦੂਜੀ ਈ-ਮੇਲ ਆਈ ਜੋਕਿ ਇਕੱਲੀ ਐੱਸ. ਜੀ. ਪੀ. ਸੀ. ਲਈ ਨਹੀਂ ਸਗੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਲਈ ਸੀ। ਅੱਜ ਫਿਰ ਸ੍ਰੀ ਦਰਬਾਰ ਸਾਹਿਬ ਲਈ ਧਮਕੀ ਭਰੀ ਈ-ਮੇਲ ਭੇਜੀ ਗਈ ਹੈ। ਧਾਮੀ ਨੇ ਕਿਹਾ ਕਿ ਲਗਾਤਾਰ ਮਿਲ ਰਹੀਆਂ ਧਮਕੀਆਂ ਦੌਰਾਨ ਕੁੱਲ੍ਹ 5 ਈ-ਮੇਲ ਮਿਲੀਆਂ ਹਨ। 5ਵੀਂ ਈ-ਮੇਲ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਧਮਕੀ ਦਿੱਤੀ ਗਈ ਹੈ। ਈ-ਮੇਲ ਵਿਚ ਲਿਖਿਆ ਗਿਆ ਹੈ ਕਿ ਆਰ. ਡੀ. ਐੱਸ. ਪਾਈਪ ਵਿਚ ਹੈ। 

ਉਥੇ ਹੀ ਇਸ ਦੌਰਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ 'ਤੇ ਵੀ ਤੰਜ ਕੱਸੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਸਰਕਾਰ ਚੁੱਪ ਕਿਉਂ ਹੈ। ਸਾਰੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕਿਤੇ ਸੰਗਤ ਨੂੰ ਘਟਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ? ਉਨ੍ਹਾਂ ਬੇਨਤੀ ਕੀਤੀ ਕਿ ਤੁਰੰਤ ਪਤਾ ਲਗਾਇਆ ਜਾਵੇ ਕਿ ਇਸ ਦੇ ਪਿੱਛੇ ਕਿਸ ਦੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਧਮਕੀਆਂ ਨੂੰ ਲਗਾਤਾਰ ਤਿੰਨ ਦਿਨ ਹੋ ਗਏ, ਜਿਸ ਦਾ ਮੈਨੂੰ ਲੱਗਦਾ ਹੈ ਕਿ ਮਜ਼ਾਕ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਆਸਥਾ ਦਾ ਕੇਂਦਰ ਹੈ ਅਤੇ ਇਥੇ ਮਨੁੱਖਾਂ ਦੇ ਦੁੱਖ਼ ਦੂਰ ਕੀਤੇ ਜਾਂਦੇ ਹਨ। ਮੈਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਦਾ ਹਾਂ ਕਿ ਇਸ ਦੀ ਅਸਲੀਅਤ ਸਾਹਮਣੇ ਲਿਆਂਦੀ ਜਾਵੇ।  ਜ਼ਿਕਰਯੋਗ ਹੈ ਕਿ ਲਗਾਤਾਰ ਮਿਲ ਰਹੀਆਂ ਧਮਕੀਆਂ ਮਗਰੋਂ ਸ੍ਰੀ ਦਰਬਾਰ ਸਾਹਿਬ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਉਥੇ ਹੀ ਚੱਪੇ-ਚੱਪੇ 'ਤੇ ਐੱਸ. ਜੀ. ਪੀ. ਸੀ. ਟਾਸਕ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੇ ਇਲਾਵਾ ਬੀ. ਐੱਸ. ਐੱਫ਼. ਨੇ ਦਰਬਾਰ ਸਾਹਿਬ ਵਿਚ ਤਲਾਸ਼ੀ ਮੁਹਿੰਮ ਵੀ ਚਲਾਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS