ਅੰਮ੍ਰਿਤਸਰ (ਸੰਜੀਵ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਲਗਾਤਾਰ ਈਮੇਲ ਭੇਜ ਕੇ ਕਿਸੇ ਵਿਅਕਤੀ ਵਲੋਂ ਸ੍ਰੀ ਦਰਬਾਰ ਸਾਹਿਬ ਨੂੰ ਆਰਡੀਐੱਕਸ ਨਾਲ ਉੱਡਾਉਣ ਦੀਆਂ ਧਮਕੀਆਂ ਦੇਣ ਵਾਲਾ ਵਿਅਕਤੀ ਫੜ੍ਹ ਲਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਿਅਕਤੀ ਨੂੰ ਤਾਮਿਲਨਾਡੂ ਤੋਂ ਰਾਊਂਡ ਅੱਪ ਕੀਤਾ ਗਿਆ ਹੈ। ਥੌੜੀ ਦੇਰ ਵਿੱਚ ਅੰਮ੍ਰਿਤਸਰ ਪੁਲਸ ਵਲੋਂ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਕੀਤਾ ਜਾ ਸਕਦਾ ਹੈ।
ਪੰਜਾਬ ਪੁਲਸ ਦੀ ਵਿਸ਼ੇਸ਼ ਟੀਮ ਪਿਛਲੇ ਦੋ ਦਿਨਾਂ ਤੋਂ ਤਾਮਿਲਨਾਡੂ ਵਿਚ ਜਾਂਚ ਕਰ ਰਹੀ ਸੀ ਅਤੇ ਦੋਵਾਂ ਨੂੰ ਉੱਥੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਹਾਲਾਂਕਿ ਪੰਜਾਬ ਪੁਲਸ ਅਤੇ ਸਰਕਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ, ਜਦੋਂ ਕਿ ਸੂਤਰਾਂ ਅਨੁਸਾਰ ਪੁਲਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬ ਹੋ ਗਈ ਹੈ।
ਦੱਸ ਦਈਏ ਕਿ ਹੁਣ ਤਕ ਐੱਸ.ਜੀ.ਪੀ.ਸੀ. ਨੂੰ ਧਮਕੀ ਭਰੇ 5 ਈਮੇਲ ਆਈਆਂ ਸਨ। ਜਿਨ੍ਹਾਂ ਰਾਹੀਂ ਆਰਡੀਐੱਕਸ ਧਮਾਕੇ ਕਰਨ ਦੀ ਗੱਲ ਕੀਤੀ ਗਈ ਸੀ। ਇਨ੍ਹਾਂ ਹੀ ਨਹੀਂ ਇਨ੍ਹਾਂ ਈਮੇਲਜ਼ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਨੂੰ ਵੀ ਧਮਕੀ ਦਿੱਤੀ ਗਈ ਸੀ। ਇਨ੍ਹਾਂ ਧਮਕੀਆਂ ਪਿੱਛੋਂ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਸੀ। ਪੁਲਸ, ਅਰਧ ਸੈਨਿਕ ਬਲ ਅਤੇ ਟਾਸਕ ਫੋਰਸ ਲਗਾਤਾਰ ਸ੍ਰੀ ਹਰਿਮੰਦਰ ਸਾਹਿਬ ਅਤੇ ਇਸਦੇ ਆਲੇ ਦੁਆਲੇ ਦੇ ਇਲਾਕਿਆਂ ਦੀ ਜਾਂਚ ਕਰਦੀ ਰਹੀ।
Credit : www.jagbani.com