ਪੰਜਾਬ ’ਚ ਸਰਕਾਰੀ ਸਕੂਲ ਨੂੰ ਲੈ ਕੇ ਵੱਡੀ ਵਾਰਦਾਤ, ਚੱਲੀ ਗੋਲ਼ੀ

ਪੰਜਾਬ ’ਚ ਸਰਕਾਰੀ ਸਕੂਲ ਨੂੰ ਲੈ ਕੇ ਵੱਡੀ ਵਾਰਦਾਤ, ਚੱਲੀ ਗੋਲ਼ੀ

ਮਲੋਟ : ਪਿੰਡ ਰਾਮ ਨਗਰ ਵਿਖੇ ਸਕੂਲ ਦੀ ਕਮੇਟੀ ਨੂੰ ਲੈ ਕੇ ਚੱਲ ਰਹੀ ਤਕਰਾਰ ਨੇ ਅੱਜ ਗੰਭੀਰ ਰੂਪ ਧਾਰਨ ਕਰ ਲਿਆ। ਇਸ ਸਬੰਧੀ ਮੌਜੂਦਾ ਸਰਪੰਚ ਅਤੇ ਦੂਜੀ ਧਿਰ ਦਰਮਿਆਨ ਮਾਮਲਾ ਹੱਥੋ ਪਾਈ ਤੱਕ ਪੁੱਜ ਗਿਆ। ਹਾਲਾਂਕਿ ਇਸ ਮਾਮਲੇ ਵਿਚ ਇਕ ਧਿਰ ਨੇ ਸਰਪੰਚ ਧਿਰ ਉਪਰ ਚੋਣ ਵਿਚ ਦਖਲ ਅੰਦਾਜ਼ੀ ਅਤੇ ਫਾਇਰਿੰਗ ਕਰਨ ਦੇ ਵੀ ਦੋਸ਼ ਲਾਏ ਹਨ। ਉਧਰ ਮੌਜੂਦਾ ਸਰਪੰਚ ਦੇ ਪਤੀ ਅਤੇ ਆਮ ਆਦਮੀ ਪਾਰਟੀ ਆਗੂ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਸਕੂਲ ਨੂੰ ਨੰਬਰ ਵਨ ਸਕੂਲ ਬਨਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਵਿਰੋਧੀ ਧਿਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ਇਸ ਕਰਕੇ ਉਸ ਉਪਰ ਹਮਲਾ ਕਰ ਦਿੱਤਾ।

ਉਧਰ ਇਸ ਘਟਨਾ ਦਾ ਪਤਾ ਲੱਗਣ ਸਾਰ ਪੁਲਸ ਮੌਕੇ 'ਤੇ ਪੁੱਜ ਗਈ। ਇਸ ਸਬੰਧੀ ਦੋਵੇਂ ਧਿਰਾਂ ਦੇ ਆਪਸ ਵਿਚ ਹੱਥੋਪਾਈ ਹੋਣ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸਕੂਲਾਂ ਦਾ ਪ੍ਰਬੰਧ ਯੋਗ ਤਰੀਕੇ ਨਾਲ ਚਲਾਉਣ ਲਈ ਹਰ ਦੋ ਸਾਲਾਂ ਪਿੱਛੋਂ ਸਕੂਲ ਮੈਨੇਜਮੈਂਟ ਕਮੇਟੀਆਂ ਬਣਦੀਆਂ ਹਨ। ਜਿਨ੍ਹਾਂ ਵਿਚ ਪੰਚਾਇਤ, ਬੱਚਿਆਂ ਦੇ ਮਾਂ-ਪਿਓ ਸਮੇਤ ਵੱਖ-ਵੱਖ ਕੈਟਾਗਿਰੀ ਨਾਲ ਸਬੰਧਤ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਦੀ ਇਸ ਕਮੇਟੀ ਦੀ ਚੋਣ ਪ੍ਰਕਿਰਿਆ ਦੌਰਾਨ ਹੀ ਰੱਫ਼ੜ ਵੱਧ ਗਿਆ। ਇਸ ਸਬੰਧੀ ਪਿੰਡ ਦੇ ਮੈਂਬਰ ਪੰਚਾਇਤ ਗੁਰਸੇਵਕ ਸਿੰਘ ਅਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਕੱਲ ਮਿਡਲ ਸਕੂਲ ਦੀ ਚੋਣ ਮੌਕੇ ਇਨ੍ਹਾਂ ਕਿਹਾ ਸੀ ਕਿ ਇਸ ਸਕੂਲ ਦੀ ਕਮੇਟੀ ਅਸੀਂ ਆਪਣੀ ਮਰਜ਼ੀ ਨਾਲ ਬਣਾ ਰਹੇ ਹਾਂ ਅਤੇ ਪ੍ਰਾਇਮਰੀ ਸਕੂਲ ਵਿਚ ਤੁਸੀ ਆਪਣੀ ਕਮੇਟੀ ਬਣਾ ਲਿਓ। ਅੱਜ ਜਦੋਂ ਅਸੀਂ ਸਕੂਲ ਵਿਚ ਕਮੇਟੀ ਬਣਾ ਰਹੇ ਸੀ ਤਾਂ ਸਰਪੰਚ ਦੇ ਪਤੀ ਭੁਪਿੰਦਰ ਸਿੰਘ ਅਤੇ ਬੇਟੇ ਤੇ ਹੋਰ ਵਿਅਕਤੀਆਂ ਨੇ ਉਨਾਂ ਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਅਤੇ ਮਾਰਕੁੱਟ ਕੀਤੀ। ਬਾਅਦ ਵਿਚ ਸਕੂਲ ਤੋਂ ਬਾਹਰ ਆਕੇ ਉਨ੍ਹਾਂ ਨੇ ਰਿਵਾਲਵਰ ਨਾਲ ਫਾਇਰ ਵੀ ਕੀਤਾ। 

ਕੀ ਕਹਿਣਾ ਹੈ ਸਾਬਕਾ ਸਰਪੰਚ ਭੁਪਿੰਦਰ ਸਿੰਘ ਦਾ

ਉਧਰ ਇਸ ਮਾਮਲੇ 'ਤੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਰਾਮ ਨਗਰ ਦਾ ਕਹਿਣਾ ਹੈ ਕਿ ਉਹ ਹੁਣ ਵੀ ਸਕੂਲ ਦੀ ਕਮੇਟੀ ਦੇ ਚੇਅਰਮੈਨ ਹਨ। ਉਨ੍ਹਾਂ ਪਿੰਡ ਦੇ ਸਰਕਾਰੀ ਸਕੂਲ ਵਿਚ ਏ. ਸੀ. ਲਾਏ ਹਨ। ਇਹ ਵਿਅਕਤੀ ਪਹਿਲਾਂ ਪੰਚਾਇਤ ਦਾ ਮਤਾ ਨਹੀਂ ਪੈਣ ਦਿੰਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਰਾਏ ਵਿਕਾਸ ਅਕਾਲੀ ਦਲ ਅਤੇ ਕਾਂਗਰਸ ਦੇ ਕੁਝ ਵਿਅਕਤੀਆਂ ਨੂੰ ਰਾਸ ਨਹੀਂ ਆ ਰਹੇ ਹਨ। ਉਹ ਜਦੋਂ ਸਕੂਲ ਪੁੱਜੇ ਤਾਂ ਉਕਤ ਵਿਅਕਤੀ ਪਹਿਲਾਂ ਹੀ ਮਸ਼ਵਰਾ ਕਰਕੇ ਬੈਠੇ ਸੀ ਅਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗ ਪਏ ਜਿਸ 'ਤੇ ਦੋਵੇਂ ਪਾਸੇ ਹੱਥੋ ਪਾਈ ਹੋ ਗਏ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਬਾਅਦ ਵਿਚ ਉਕਤ ਵਿਅਕਤੀਆਂ ਨੇ ਉਸਦਾ ਇਕ ਸਾਥੀ ਜਗਸੀਰ ਸਿੰਘ ਜੱਜ ਦੇ ਘਰ ਜਾ ਕੇ ਹਮਲਾ ਕੀਤਾ ਹੈ ਜਿਹੜਾ ਗੰਭੀਰ ਜ਼ਖ਼ਮੀ ਹੈ ਅਤੇ ਹਸਪਤਾਲ ਵਿਚ ਭਰਤੀ ਹੈ। ਉਨ੍ਹਾਂ ਜਾਤੀ ਸੂਚਕ ਸ਼ਬਦਾਵਲੀ ਅਤੇ ਫਾਇਰ ਕਰਨ ਦੇ ਦੋਸ਼ਾਂ ਨੂੰ ਗਲਤ ਦੱਸਿਆ। 

ਇਸ ਮਾਮਲੇ 'ਤੇ ਮੁੱਖ ਅਧਿਆਪਕ ਜਗਮੀਤ ਸਿੰਘ ਦਾ ਕਹਿਣਾ ਸੀ ਕਿ ਕਮੇਟੀ ਦੀ ਚੋਣ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਤਕਰਾਰ ਹੋਇਆ । ਇਕ ਪਾਸੇ ਮੌਜੂਦਾ ਸਰਪੰਚ ਸੀ ਜਦ ਕਿ ਦੂਜੇ ਪਾਸੇ ਬੱਚਿਆਂ ਦੇ ਮਾਪੇ ਹਨ। ਜਿਸ ਦੀ ਚੋਣ ਮੌਕੇ ਨਾਵਾਂ ਨੂੰ ਲੈਕੇ ਕਿੰਤੂ ਪ੍ਰੰਤੂ ਚੱਲ ਪਿਆ ਅਤੇ ਬਾਅਦ ਵਿਚ ਮਾਮਲਾ ਹੱਥੋਪਾਈ ਤੱਕ ਪੁੱਜ ਗਿਆ। ਇਸ ਸਬੰਧੀ ਉਨ੍ਹਾਂ ਡੀ. ਈ. ਓ. ਨੂੰ ਜਾਣਕਾਰੀ ਦਿੱਤੀ ਹੈ। ਉਧਰ ਐੱਸ. ਐੱਸ. ਓ. ਦਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪੁੱਜੇ ਹਨ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS