ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਐਕਸਪੈਰੀਮੈਂਟਸ ਪਿੱਛੋਂ ਕੀ ਹਿੰਦੂ ਵੋਟ ਬੈਂਕ ਵੱਲ ਵਾਪਸ ਮੁੜਨ ਲੱਗੀ ਹੈ ਭਾਜਪਾ

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਐਕਸਪੈਰੀਮੈਂਟਸ ਪਿੱਛੋਂ ਕੀ ਹਿੰਦੂ ਵੋਟ ਬੈਂਕ ਵੱਲ ਵਾਪਸ ਮੁੜਨ ਲੱਗੀ ਹੈ ਭਾਜਪਾ

ਜਲੰਧਰ–ਪੰਜਾਬ ’ਚ ਭਾਰਤੀ ਜਨਤਾ ਪਾਰਟੀ ਨੇ ਆਪਣੀ ਸੱਤਾ ਦਾ ਆਨੰਦ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਿਲ ਕੇ ਮਾਣਿਆ ਸੀ। ਅਕਾਲੀ ਦਲ ਨਾਲੋਂ ਵੱਖ ਹੋਣ ਤੋਂ ਬਾਅਦ ਪਾਰਟੀ ਲਗਾਤਾਰ ਸੱਤਾ ਤੋਂ ਬਾਹਰ ਹੈ ਅਤੇ ਸੱਤਾ ਵਿਚ ਵਾਪਸ ਆਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਸ ਨੂੰ ਸਫ਼ਲਤਾ ਨਹੀਂ ਮਿਲ ਰਹੀ, ਜਿਸ ਦੇ ਲਈ ਪਾਰਟੀ ਨੇ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਵੀ ਕਰਕੇ ਵੇਖ ਲਏ ਹਨ। ਬ੍ਰਾਹਮਣ-ਬਾਣੀਆ ਵੋਟ ਤੋਂ ਲੈ ਕੇ ਜਾਟ ਸਿੱਖ ਵੋਟ ਤਕ ਯਾਤਰਾ ਕਰਨ ਤੋਂ ਬਾਅਦ ਹੁਣ ਸ਼ਾਇਦ ਭਾਜਪਾ ਹਿੰਦੂ ਵੋਟ ਵੱਲ ਵਾਪਸ ਮੁੜਨ ਲੱਗੀ ਹੈ, ਜਿਸ ਦਾ ਅੰਦਾਜ਼ਾ ਅਸ਼ਵਨੀ ਸ਼ਰਮਾ ਦੀ ਕਾਰਜਕਾਰੀ ਪ੍ਰਧਾਨ ਵਜੋਂ ਤਾਜਪੋਸ਼ੀ ਤੋਂ ਲਾਇਆ ਜਾ ਸਕਦਾ ਹੈ।

ਕੈਪਟਨ ਤੋਂ ਲੈ ਕੇ ਬਿੱਟੂ ਤਕ, ਕਿਸੇ ਨਾਲ ਨਹੀਂ ਬਣੀ ਗੱਲ
ਉਂਝ ਭਾਜਪਾ ਹਮੇਸ਼ਾ ਹਿੰਦੂ ਵੋਟ ਲਈ ਹੀ ਜਾਣੀ ਜਾਂਦੀ ਹੈ ਪਰ ਕੁਝ ਸਮੇਂ ਤੋਂ ਪੰਜਾਬ ਵਿਚ ਪਾਰਟੀ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਇਕ ਨਵਾਂ ਸ਼ੌਕ ਚੜ੍ਹਿਆ ਸੀ। ਉਂਝ ਇਹ ਸ਼ੌਕ ਸ਼ਾਇਦ ਪਾਰਟੀ ਦਾ ਆਪਣਾ ਨਹੀਂ ਸੀ, ਸਗੋਂ ਦੂਜੀਆਂ ਪਾਰਟੀਆਂ ’ਚੋਂ ਆਏ ਕੁਝ ਆਗੂਆਂ ਨੇ ਪਾਰਟੀ ਹਾਈ ਕਮਾਂਡ ਨੂੰ ਇਹ ਸ਼ੌਕ ਪਾ ਦਿੱਤਾ ਸੀ। ਕਾਂਗਰਸ ਵਿਚ ਮੁੱਖ ਮੰਤਰੀ ਵਜੋਂ ਸੱਤਾ ਦਾ ਆਨੰਦ ਲੈ ਕੇ ਭਾਜਪਾ ਵਿਚ ਆਏ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਪਾਰਟੀ ਬੇਹੱਦ ਉਤਸ਼ਾਹਤ ਸੀ। ਕੈਪਟਨ ਦੇ ਨਾਲ-ਨਾਲ ਸੁਨੀਲ ਜਾਖੜ, ਰਵਨੀਤ ਬਿੱਟੂ ਅਤੇ ਪਤਾ ਨਹੀਂ ਕਿੰਨੇ ਆਗੂ ਭਾਜਪਾ ਵਿਚ ਆਏ। ਇਨ੍ਹਾਂ ਵਿਚੋਂ ਹੀ ਸ਼ਾਇਦ ਕੁਝ ਲੋਕਾਂ ਨੇ ਪਾਰਟੀ ਨੂੰ ਹਿੰਦੂ ਵੋਟ ਛੱਡ ਕੇ ਪੰਜਾਬ ਵਿਚ ਸਿੱਖ ਵੋਟ ਦੀ ਅਹਿਮੀਅਤ ਗਲਤ ਢੰਗ ਨਾਲ ਬਿਆਨ ਕਰ ਦਿੱਤੀ, ਜਿਸ ਦਾ ਅਸਰ ਇਹ ਹੋਇਆ ਕਿ ਪਾਰਟੀ ਆਪਣਾ ਪੱਕਾ ਵੋਟ ਬੈਂਕ ਛੱਡ ਕੇ ਦੂਜੇ ਵੋਟ ਬੈਂਕ ਦੇ ਪਿੱਛੇ ਭੱਜਣ ਲੱਗੀ।

ਵੋਟ ਫ਼ੀਸਦੀ ’ਤੇ ਤਾੜੀ ਪਰ ਸੀਟਾਂ ਨੂੰ ਲੈ ਕੇ ਹੱਥ ਖਾਲੀ
ਜਾਟ ਸਿੱਖ ਵੋਟ ਨੂੰ ਕੈਸ਼ ਕਰਨ ਦੀ ਪਾਰਟੀ ਨੂੰ ਸ਼ਾਇਦ ਇਸ ਲਈ ਲੋੜ ਪਈ ਕਿਉਂਕਿ ਪੰਜਾਬ ਵਿਚ ਅਕਾਲੀ ਦਲ ਦਾ ਸਾਥ ਛੱਡਣ ਤੋਂ ਬਾਅਦ ਪਿੰਡਾਂ ਵਿਚ ਜਾਣ ਲਈ ਉਸ ਨੂੰ ਉਸ ਤਰ੍ਹਾਂ ਦੇ ਚਿਹਰੇ ਚਾਹੀਦੇ ਸਨ। ਇਸ ਐਕਸਪੈਰੀਮੈਂਟ ਲਈ ਪਾਰਟੀ ਨੇ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ। ਇਥੋਂ ਤਕ ਕਿ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਇਆ ਅਤੇ ਰਵਨੀਤ ਬਿੱਟੂ ਨੂੰ ਸੂਬਾ ਮੰਤਰੀ ਦਾ ਦਰਜਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੂਬੇ ਵਿਚ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਪਰ ਪਾਰਟੀ ਦਾ ਵੋਟ ਬੈਂਕ ਜਿਸ ਪੱਧਰ ’ਤੇ ਜਾਣਾ ਚਾਹੀਦਾ ਸੀ, ਉੱਥੇ ਨਹੀਂ ਗਿਆ। ਪਾਰਟੀ ਦੇ ਨੇਤਾ 18 ਫ਼ੀਸਦੀ ਵੋਟ ਬੈਂਕ ਦੀਆਂ ਗੱਲਾਂ ਤਾਂ ਬਹੁਤ ਕਰਦੇ ਸਨ ਪਰ ਇਹ ਲੋਕ ਇਸ ਗੱਲ ਨੂੰ ਸਮਝ ਨਹੀਂ ਸਕੇ ਕਿ ਇਹ ਵੋਟ ਬੈਂਕ ਸੀਟਾਂ ’ਚ ਨਹੀਂ ਬਦਲ ਰਿਹਾ ਅਤੇ ਜਦੋਂ ਤਕ ਵੋਟ ਬੈਂਕ ਸੀਟਾਂ ਵਿਚ ਨਹੀਂ ਬਦਲਦਾ, ਸੂਬੇ ਵਿਚ ਸਰਕਾਰ ਬਣਾਉਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।

ਅਸ਼ਵਨੀ ਸ਼ਰਮਾ ਦੀ ਵਾਪਸੀ ਨੇ ਜ਼ਾਹਰ ਕੀਤੀਆਂ ਕਈ ਸੰਭਾਵਨਾਵਾਂ
ਸਾਲ 2017 ਤੋਂ ਭਾਜਪਾ ਪੰਜਾਬ ਦੀ ਸੱਤਾ ’ਚੋਂ ਬਾਹਰ ਹੈ ਅਤੇ ਉਸ ਵੇਲੇ ਪੰਜਾਬ ਦੇ ਭਾਜਪਾ ਪ੍ਰਧਾਨ ਦੀ ਡੋਰ ਹਿੰਦੂ ਨੇਤਾ ਦੇ ਹੱਥਾਂ ਵਿਚ ਸੀ। ਕਈ ਐਕਸਪੈਰੀਮੈਂਟ ਕਰਨ ਮਗਰੋਂ ਸ਼ਾਇਦ ਭਾਜਪਾ ਨੂੰ ਹੁਣ ਲੱਗਦਾ ਹੈ ਕਿ ਆਪਣਾ ਪੱਕਾ ਹਿੰਦੂ ਵੋਟ ਬੈਂਕ ਹੀ ਉਸ ਨੂੰ ਸੂਬੇ ਦੀ ਸੱਤਾ ਦੀ ਚਾਬੀ ਦੇ ਸਕਦਾ ਹੈ। ਸ਼ਾਇਦ ਇਸੇ ਕਾਰਨ ਪਾਰਟੀ ਨੇ ਅਸ਼ਵਨੀ ਸ਼ਰਮਾ ਨੂੰ ਇਕ ਵਾਰ ਮੁੜ ਸੂਬੇ ਵਿਚ ਅਹਿਮ ਜ਼ਿੰਮੇਵਾਰੀ ਦਿੱਤੀ ਹੈ ਪਰ ਇਹ ਗੱਲ ਤਾਂ ਸਪਸ਼ਟ ਹੈ ਕਿ ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਤੋਂ ਬਾਅਦ ਸੂਬੇ ਵਿਚ ਕੁਝ ਹੋਰ ਤਬਦੀਲੀਆਂ ਵੀ ਵੇਖਣ ਨੂੰ ਮਿਲ ਸਕਦੀਆਂ ਹਨ ਕਿਉਂਕਿ ਜਿੰਨੇ ਵੀ ਇੰਪੋਰਟਿਡ ਆਗੂਆਂ ਨੂੰ ਪਾਰਟੀ ਨੇ ਅਹਿਮੀਅਤ ਦਿੱਤੀ, ਉਨ੍ਹਾਂ ਵਿਚੋਂ ਕੋਈ ਵੀ ਸੂਬੇ ਵਿਚ ਪਾਰਟੀ ਦੀ 'ਅਹਿਮੀਅਤ' ਨਹੀਂ ਬਣਾ ਸਕਿਆ। ਉਲਟਾ ਪਾਰਟੀ ਨੂੰ ਨੁਕਸਾਨ ਹੀ ਹੋਇਆ ਕਿਉਂਕਿ ਪਾਰਟੀ ਦਾ ਆਪਣਾ ਕੇਡਰ ਜੋ ਸਾਲਾਂ ਤੋਂ ਦਰੀਆਂ ਵਿਛਾਉਣ ਤੋਂ ਲੈ ਕੇ ਚਾਹ ਪਿਲਾਉਣ ਤਕ ਦਾ ਕੰਮ ਕਰ ਰਿਹਾ ਸੀ ਅਤੇ ਜਿਸ ਨੂੰ ਪਾਰਟੀ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਸੀ, ਉਹ ਵੀ ਪਾਰਟੀ ਤੋਂ ਦੂਰ ਹੋ ਗਿਆ। ਬੇਸ਼ੱਕ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕਾਂ ਨੇ ਕਿਸੇ ਹੋਰ ਪਾਰਟੀ ਦਾ ਹਿੱਸਾ ਬਣਨ ਨਾਲੋਂ ਚੁੱਪ ਰਹਿ ਕੇ 'ਤੇਲ ਦੀ ਧਾਰ' ਵੇਖਣ ਦਾ ਹੀ ਫ਼ੈਸਲਾ ਕੀਤਾ।

Credit : www.jagbani.com

  • TODAY TOP NEWS