ਅੰਮ੍ਰਿਤਸਰ, (ਸਰਬਜੀਤ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਰ.ਡੀ.ਐਕਸ. ਨਾਲ ਬੰਮ ਧਮਾਕੇ ਕਰਨ ਸੰਬੰਧੀ ਧਮਕੀ ਭਰੀਆ ਈ-ਮੇਲ ਭੇਜਣ ਵਾਲੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉੱਥੇ ਹੀ ਦੂਜੇ ਪਾਸੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀਆਂ ਈਮੇਲਾਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਮੁੜ ਛੇਵੀਂ ਧਮਕੀ ਭਰੀ ਈਮੇਲ ਮਿਲੀ ਹੈ, ਜਿਸ ਨਾਲ ਪੰਜਾਬ ਤੋਂ ਇਲਾਵਾ ਦੂਸਰੇ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਵੀ ਚਿੰਤਾ ਦੀ ਲਹਿਰ ਫੈਲ ਗਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਵਿਰੋਧੀ ਧੀਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਅਤੇ ਸਕੱਤਰ ਪ੍ਰਤਾਪ ਸਿੰਘ ਨਾਲ ਮੁਲਾਕਾਤ ਕਰਦਿਆਂ ਕੀਤਾ।
ਕਾਫੀ ਲੰਬਾ ਸਮਾਂ ਐੱਸਜੀਪੀਸੀ ਸਕੱਤਰਾ ਨਾਲ ਇਸ ਚਰਚਾ ਤੇ ਗੱਲਬਾਤ ਕਰਨ ਉਪਰੰਤ ਬਾਜਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੂਹਾਨੀਅਤ ਦੇ ਇਸ ਕੇਂਦਰ ਵਿਖੇ ਇਸ ਤਰ੍ਹਾਂ ਦੀਆਂ ਧਮਕੀਆਂ ਭਰੀਆਂ ਈਮੇਲਾਂ 14 ਜੁਲਾਈ ਤੋਂ ਆ ਰਹੀਆਂ ਹਨ ਜੋ ਕਿ ਬਹੁਤ ਵੱਡੀ ਨਿੰਦਾ ਦਾ ਵਿਸ਼ਾ ਹੈ ਪਰ ਅਜੇ ਤੱਕ ਇਸ ਤੇ ਕੋਈ ਵੱਡੀ ਕਿਉਂ ਨਹੀਂ ਕੀਤੀ ਗਈ। ਉਹਨਾਂ ਆਖਿਆ ਕਿ ਸ਼ੁੱਕਰਵਾਰ ਨੂੰ ਚਾਹੇ ਇਸ ਸਬੰਧੀ ਇੱਕ ਵਿਅਕਤੀ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਹੈ ਪਰ ਉਸਦੇ ਬਾਵਜੂਦ ਵੀ ਇਹ ਧਮਕੀ ਭਰੀਆਂ ਈਮੇਲਾਂ ਦਾ ਸਿਲਸਿਲਾ ਜਾਰੀ ਰਹਿਣਾ ਸੂਬਾ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਤੇ ਬਹੁਤ ਹੀ ਵੱਡਾ ਸਵਾਲੀਆ ਚਿੰਨ੍ਹ ਖੜਾ ਕਰਦਾ ਹੈ।
ਬਾਜਵਾ ਨੇ ਅੱਗੇ ਇਹ ਵੀ ਆਖਿਆ ਕਿ ਭਾਵੇਂ ਇੱਕ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਪਰ ਅਜੇ ਤੱਕ ਉਸ ਦੀ ਕੋਈ ਸ਼ਾਨਬੀਨ ਨਹੀਂ ਹੋਈ ਤੇ ਇਹ ਧਮਕੀ ਭਰੀਆਂ ਈਮੇਲਾਂ ਦਾ ਸਿਲਸਿਲਾ ਫਿਰ ਸ਼ੁਰੂ ਹੋ ਗਿਆ ਹੈ। ਇਸ ਮੌਕੇ ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਕਾਂਗਰਸੀ ਆਗੂ ਜੋਗਿੰਦਰ ਪਾਲ ਢੀਗਰਾ, ਕੌਂਸਲਰ ਵਿਕਾਸ ਸੋਨੀ ,ਪਰਮਜੀਤ ਚੋਪੜਾ, ਬਲਦੇਵ ਸਿੰਘ ਸੰਧੂ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਹਾਜ਼ਰ ਸਨ।
Credit : www.jagbani.com