ਜਲੰਧਰ/ਫਿਲੌਰ- ਸਮਾਜਸੇਵੀ ਨੂੰ ਕੁਝ ਦਿਨ ਪਹਿਲਾਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਬਾਅਦ ਉਸ ਨੂੰ ਬੀਤੇ ਹਫ਼ਤੇ ਮਾਰਨ ਦੀ ਨੀਅਤ ਨਾਲ ਪਹਿਲਾਂ ਰਾਹ ’ਚ ਘੇਰਣ ਦੀ ਕੋਸ਼ਿਸ਼ ਕੀਤੀ, ਜਦੋਂ ਸਮਾਜਸੇਵੀ ਬਚ ਕੇ ਨਿਕਲ ਗਿਆ ਤਾਂ ਗੈਂਗਸਟਰਾਂ ਨੇ ਪਿੱਛੋਂ ਉਸ ਦੀ ਕਾਰ ’ਤੇ ਗੋਲ਼ੀਆਂ ਚਲਾ ਕੇ ਇਹ ਸਾਬਿਤ ਕਰ ਦਿੱਤਾ ਕਿ ਉਨ੍ਹਾਂ ਨੂੰ ਸਥਾਨਕ ਪੁਲਸ ਦੀ ਕੋਈ ਪ੍ਰਵਾਹ ਨਹੀਂ। ਪੁਲਸ ਸਿਰਫ਼ ਮੁਕੱਦਮਾ ਦਰਜ ਕਰਕੇ ਹੱਥ ’ਤੇ ਹੱਥ ਧਰ ਕੇ ਬੈਠੀ ਸਿਰਫ਼ ਗੈਂਗਸਟਰਾਂ ਦੀ ਅਗਲੀ ਕਾਰਵਾਈ ਦਾ ਇੰਤਜ਼ਾਰ ਕਰ ਰਹੀ ਹੈ।

ਅੱਜ ਸਮਾਜਸੇਵੀ ਜਿਸ ਦਾ ਨਾਂ ਸੁਰੱਖਿਆ ਦੇ ਚਲਦੇ ਗੁਪਤ ਰੱਖਿਆ ਗਿਆ ਹੈ, ਨੇ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੂੰ ਪੱਤਰ ਲਿਖ ਕੇ ਦੱਸਿਆ ਕਿ ਉਸ ਨੇ ਨਸ਼ਾ ਅਤੇ ਹਥਿਆਰਾਂ ਦੇ ਸਮੱਗਲਰਾਂ ਦਾ ਵੱਡੇ ਪੱਧਰ ’ਤੇ ਪਰਦਾਫਾਸ਼ ਕੀਤਾ ਸੀ, ਜਿਸ ’ਚ ਪੁਲਸ ਨੇ ਮੁਕੱਦਮੇ ਦਰਜ ਕਰਕੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੀ ਸੀ. ਬੀ. ਆਈ. ਜਾਂਚ ਨੂੰ ਲੈ ਕੇ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਤੋਂ ਬਾਅਦ ਤੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ ਅਤੇ ਕੁਝ ਮਹੀਨੇ ਪਹਿਲਾਂ ਗੈਂਗਸਟਰ ਇਸ ਦੀ ਰੇਕੀ ਕਰਦੇ ਹੋਏ ਮਾਰਨ ਲਈ ਸੀ. ਆਈ. ਡੀ. ਅਧਿਕਾਰੀ ਬਣ ਕੇ ਉਸ ਦੇ ਘਰ ਦੇ ਬਾਹਰ ਆ ਗਏ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਘਰ ਨਹੀਂ ਹੈ ਤਾਂ ਉਹ ਵਾਪਸ ਚਲੇ ਗਏ। ਗੈਂਗਸਟਰਾਂ ਦੀ ਇਹ ਕਾਰਵਾਈ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ।

ਉਸ ਤੋਂ ਬਾਅਦ ਸਮਾਜਸੇਵੀ ਦੇ ਘਰ ’ਤੇ ਧਮਕੀ ਭਰਿਆ ਇਕ ਕੋਰੀਅਰ ਬਿਸ਼ਨੋਈ ਗੈਂਗ ਦੇ ਨਾਂ ’ਤੇ ਪਹੁੰਚਦਾ ਹੈ, ਜਿਸ ’ਚ ਏ. ਕੇ.-47 ਵਰਗੇ ਹਥਿਆਰਾਂ ਦੇ ਜ਼ਿੰਦਾ ਕਾਰਤੂਸਾਂ ਦੇ ਨਾਲ ਇਕ ਧਮਕੀ ਭਰਿਆ ਪੱਤਰ ਭੇਜਿਆ ਜਾਂਦਾ ਹੈ। ਸਥਾਨਕ ਪੁਲਸ ਨੇ ਉਸ ਦੀ ਜਾਂਚ ਕੀਤੀ ਤਾਂ ਉਸ ’ਚ ਵੀ ਬਿਸ਼ਨੋਈ ਗੈਂਗ ਦੇ ਇਕ ਹਮਲਾਵਰ ਦੀ ਸੀ. ਸੀ. ਟੀ. ਵੀ. ਕੈਮਰੇ ’ਚ ਪਛਾਣ ਹੋ ਗਈ। ਸਭ ਕੁਝ ਹੋਣ ਦੇ ਬਾਵਜੂਦ ਪੁਲਸ ਉਨ੍ਹਾਂ ਤੱਕ ਪੁੱਜਣ ’ਚ ਨਾ-ਕਾਮਯਾਬ ਰਹੀ ਅਤੇ ਆਪਣੀ ਨਾਕਾਮੀ ਲੁਕਾਉਣ ਲਈ ਸਿਰਫ਼ ਮੁਕੱਦਮਾ ਦਰਜ ਕਰਕੇ ਚੁੱਪ ਬੈਠ ਗਈ। ਹੁਣ ਹਾਲਾਤ ਇਹ ਹੋ ਗਏ ਹਨ ਕਿ ਸਮਾਜਸੇਵੀ ਨੂੰ ਪਾਕਿਸਤਾਨ ਦੇ ਮੋਬਾਇਲ ਨੰਬਰ ਜੋ ਆਸਿਫ ਭੱਟੀ ਦੇ ਨਾਂ ’ਤੇ ਰਜਿਸਟਰਡ ਹੈ, ਤੋਂ ਧਮਕੀ ਭਰੇ ਫੋਨ ਕਾਲਜ਼ ਆਉਂਦੀਆਂ ਹਨ।

ਬੀਤੇ ਹਫ਼ਤੇ ਸਮਾਜਸੇਵੀ ਜਦੋਂ ਜਲੰਧਰ ਤੋਂ ਫਿਲੌਰ ਆਪਣੀ ਕਾਰ ’ਚ ਘਰ ਜਾ ਰਿਹਾ ਸੀ ਤਾਂ ਨੈਸ਼ਨਲ ਹਾਈਵੇਅ ’ਤੇ ਮੋਟਰਸਾਈਕਲ ਸਵਾਰ 2 ਹਮਲਾਵਰ ਉਸ ਦੇ ਪਿੱਛੇ ਲੱਗ ਗਏ, ਜਿਨ੍ਹਾਂ ਨੇ ਉਨ੍ਹਾਂ ਦੀ ਕਾਰ ਅੱਗੇ ਮੋਟਰਸਾਈਕਲ ਲਗਾ ਕੇ ਰੋਕਣ ਦਾ ਇਸ਼ਾਰਾ ਕੀਤਾ। ਜਦੋਂ ਉਸ ਨੇ ਕਾਰ ਨਾ ਰੋਕੀ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੇ ਹਮਲਾਵਰ ਨੇ ਪਿਸਤੌਲ ਕੱਢ ਕੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਕਾਰ ਨੂੰ ਪਾੜ ਕੇ ਅੰਦਰ ਆ ਗਈ। ਹਮਲੇ ’ਚ ਸਮਾਜਸੇਵੀ ਵਾਲ-ਵਾਲ ਬਚਿਆ।
ਪੁਲਸ ਨੇ ਕਾਰ ’ਚ ਲੱਗੀਆਂ ਗੋਲੀਆਂ ਦੇ ਸ਼ੈੱਲ ਬਰਾਮਦ ਕਰਕੇ 2 ਅਣਪਛਾਤੇ ਹਮਲਾਵਰਾਂ ’ਤੇ ਮੁਕੱਦਮਾ ਦਰਜ ਕਰਕੇ ਹੁਣ ਫਿਰ ਤੋਂ ਇੰਤਜ਼ਾਰ ’ਚ ਬੈਠੀ ਹੈ ਕਿ ਹਮਲਾਵਰ ਹੁਣ ਫਿਰ ਕਦੋਂ ਹਮਲਾ ਕਰਨਗੇ। ਪੁਲਸ ਦੀ ਇਸ ਢਿੱਲੀ ਕਾਰਜਪ੍ਰਣਾਲੀ ਨੂੰ ਲੈ ਕੇ ਸਮਾਜਸੇਵੀ ਨੇ ਡੀ. ਜੀ. ਪੀ. ਨੂੰ ਪੱਤਰ ਲਿਖ ਕੇ ਉੱਚ ਪੱਧਰੀ ਜਾਂਚ ਦੀ ਮੰਗ ਦੇ ਨਾਲ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਗੁਹਾਰ ਲਗਾਉਂਦੇ ਹੋਏ ਇਹ ਵੀ ਦੱਸਿਆ ਕਿ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਉਹ ਇਕੱਲਾ ਨਹੀਂ ਹੈ, ਗੈਂਗਸਟਰ ਸਥਾਨਕ ਵੱਡੇ ਕਾਰੋਬਾਰੀਆਂ ਨੂੰ ਫੋਨ ਕਰਕੇ ਉਨ੍ਹਾਂ ਕੋਲੋਂ ਵੀ ਫਿਰੌਤੀ ਦੀ ਮੰਗ ਕਰ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com