ਜਲੰਧਰ (ਸ਼ੋਰੀ) – ਨਸ਼ਾ ਸਮਾਜ ਲਈ ਜ਼ਹਿਰ ਬਣਦਾ ਜਾ ਰਿਹਾ ਹੈ। ਜਿਥੇ ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀ ਤੋਂ ਉਸ ਦੇ ਪਰਿਵਾਰਕ ਮੈਂਬਰ ਦੁਖੀ ਹੁੰਦੇ ਹਨ, ਉਥੇ ਹੀ ਨਸ਼ੇੜੀਆਂ ਕਾਰਨ ਲੋਕ ਵੀ ਪ੍ਰੇਸ਼ਾਨ ਹੋ ਰਹੇ ਹਨ। ਨਸ਼ੇ ਦੀ ਪੂਰਤੀ ਲਈ ਲੋਕਾਂ ਦੇ ਮੋਬਾਈਲ ਫੋਨ ਝਪਟਣ ਵਾਲੇ ਇਕ ਅਜਿਹੇ ਚੋਰ ਨੂੰ ਥਾਣਾ ਨੰਬਰ 2 ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਥਾਣਾ ਨੰਬਰ 2 ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਵਰਕਸ਼ਾਪ ਚੌਕ ਨੇੜੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਾਹਿਲ ਕੁਮਾਰ ਉਰਫ ਮੁਰਗੀ ਪੁੱਤਰ ਸਵ. ਅਮਰਜੀਤ ਸਿੰਘ ਨਿਵਾਸੀ ਬੈਕਸਾਈਡ ਸਰਕਾਰੀ ਸਕੂਲ ਪਿੰਡ ਨਾਗਰਾ, ਮੋਬਾਈਲ ਲੁੱਟਣ ਦਾ ਕੰਮ ਕਰਦਾ ਹੈ। ਉਹ ਇਸ ਸਮੇਂ ਜਲਵਾਯੂ ਕੁਆਰਟਰਾਂ ਨੇੜੇ ਝਾੜੀਆਂ ਕੋਲ ਖੜ੍ਹਾ ਹੈ ਅਤੇ ਗਾਹਕ ਦੀ ਉਡੀਕ ਕਰ ਰਿਹਾ ਹੈ। ਪੁਲਸ ਨੇ ਥਾਣਾ ਨੰਬਰ 2 ਵਿਚ ਤੁਰੰਤ ਕੇਸ ਦਰਜ ਕਰ ਕੇ ਛਾਪੇਮਾਰੀ ਕਰ ਕੇ ਸਾਹਿਲ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਮੁਲਜ਼ਮ ਤੋਂ 2 ਮੋਬਾਈਲ ਫੋਨ ਅਤੇ ਸਕੂਟਰੀ ਬਰਾਮਦ ਕੀਤੀ ਹੈ।
ਜਾਂਚ ਅਧਿਕਾਰੀ ਸਬ-ਇੰਸਪੈਕਟਰ ਰਘਬੀਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ 6 ਹੋਰ ਮੋਬਾਈਲ ਮੁਲਜ਼ਮ ਸਾਹਿਲ ਤੋਂ ਬਰਾਮਦ ਕੀਤੇ। ਸਾਹਿਲ ਨੇ 6 ਮੋਬਾਈਲ ਅਤੇ ਟੈਬਲੇਟ ਲਿਫਾਫੇ ਵਿਚ ਪਾ ਕੇ ਝਾੜੀਆਂ ਹੇਠਾਂ ਲੁਕੋ ਕੇ ਰੱਖੇ ਹੋਏ ਸਨ। ਜਾਂਚ ਵਿਚ ਪਤਾ ਲੱਗਾ ਹੈ ਕਿ ਨਸ਼ੇ (ਹੈਰੋਇਨ) ਦੀ ਪੂਰਤੀ ਲਈ ਸਾਹਿਲ ਲੋਕਾਂ ਦੇ ਮੋਬਾਈਲ ਫੋਨ ਸਕੂਟਰੀ ’ਤੇ ਸਵਾਰ ਹੋ ਕੇ ਝਪਟਦਾ ਸੀ। ਉਹ ਵਧੇਰੇ ਮਕਸੂਦਾਂ ਇਲਾਕੇ ਵਿਚ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
ਮੁਲਜ਼ਮ ਸਾਹਿਲ ਮੋਬਾਈਲ ਝਪਟਣ ਤੋਂ ਬਾਅਦ ਮਹਿੰਗੇ ਮੋਬਾਈਲ ਫੋਨ 1500 ਤੋਂ 2500 ਰੁਪਏ ਵਿਚ ਵੇਚ ਦਿੰਦਾ ਸੀ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ ਕਿ ਸਾਹਿਲ ਖ਼ਿਲਾਫ਼ ਕਿੰਨੇ ਕੇਸ ਦਰਜ ਹਨ ਅਤੇ ਕਿਹੜੇ ਲੋਕਾਂ ਨਾਲ ਉਸ ਦੇ ਲਿੰਕ ਹਨ।
Credit : www.jagbani.com