ਨਵੀਂ ਦਿੱਲੀ  - ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਅਧਿਕਾਰੀਆਂ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ (ਅਪ੍ਰੈਲ-ਜੂਨ) ਤਿਮਾਹੀ ’ਚ 15,851 ਕਰੋੜ ਰੁਪਏ ਦੇ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦਾਅਵਿਆਂ ਦਾ ਪਤਾ ਲਾਇਆ ਹੈ। ਇਹ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ 29 ਫੀਸਦੀ ਜ਼ਿਆਦਾ ਹੈ। ਹਾਲਾਂਕਿ, ਜਾਅਲੀ ਕੰਪਨੀਆਂ ਦੀ ਗਿਣਤੀ ’ਚ ਸਾਲਾਨਾ ਆਧਾਰ ’ਤੇ ਕਮੀ ਆਈ ਹੈ।
ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਦੌਰਾਨ ਕੇਂਦਰੀ ਅਤੇ ਸੂਬਾ ਜੀ. ਐੱਸ. ਟੀ. ਅਧਿਕਾਰੀਆਂ ਵੱਲੋਂ ਫੜੀਆਂ ਗਈਆਂ ਫਰਜ਼ੀ ਕੰਪਨੀਆਂ ਦੀ ਕੁਲ ਗਿਣਤੀ 3,558 ਰਹੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਦੇ ਅੰਕੜੇ 3,840 ਤੋਂ ਘੱਟ ਹਨ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਦੀ ਪ੍ਰਧਾਨਗੀ ’ਚ ਸੂਬਿਆਂ ਦੇ ਵਿੱਤ ਮੰਤਰੀਆਂ ਦੀ ਇਕ ਕਮੇਟੀ ਮੌਜੂਦਾ ਸਮੇਂ ’ਚ ਵਿਸ਼ੇਸ਼ ਖੇਤਰਾਂ ’ਚ ਟੈਕਸ ਚੋਰੀ ਦਾ ਅਧਿਐਨ ਕਰ ਰਹੀ ਹੈ ਅਤੇ ਆਈ. ਟੀ. ਸੀ. ਧੋਖਾਦੇਹੀ ਨੂੰ ਰੋਕਣ ਦੇ ਤਰੀਕਿਆਂ ’ਤੇ ਵਿਚਾਰ ਕਰ ਰਹੀ ਹੈ। ਇਕ ਅਧਿਕਾਰੀ ਨੇ ਕਿਹਾ,‘‘ਔਸਤਨ, ਹਰ ਮਹੀਨੇ ਲੱਗਭਗ 1,200 ਫਰਜ਼ੀ ਕੰਪਨੀਆਂ ਪਕੜ ’ਚ ਆ ਰਹੀਆਂ ਹਨ। ਅਪ੍ਰੈਲ-ਜੂਨ ਦੀ ਮਿਆਦ ’ਚ ਫਰਜ਼ੀ ਕੰਪਨੀਆਂ ਦੀ ਗਿਣਤੀ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ ਘੱਟ ਹੈ, ਜੋ ਦਰਸਾਉਂਦਾ ਹੈ ਕਿ ਫਰਜ਼ੀ ਜੀ. ਐੱਸ. ਟੀ. ਰਜਿਸਟ੍ਰੇਸ਼ਨ ਖਿਲਾਫ ਅਭਿਆਨ ਕਾਰਗਰ ਰਿਹਾ ਹੈ।
659 ਕਰੋੜ ਰੁਪਏ ਕੀਤੇ ਬਰਾਮਦ
ਚਾਲੂ ਵਿੱਤੀ ਸਾਲ ਦੀ ਜੂਨ ਤਿਮਾਹੀ ਦੌਰਾਨ ਕੇਂਦਰੀ ਅਤੇ ਸੂਬਾ ਜੀ. ਐੱਸ. ਟੀ. ਅਧਿਕਾਰੀਆਂ ਵੱਲੋਂ ਫੜੀਆਂ ਗਈਆਂ ਫਰਜ਼ੀ ਕੰਪਨੀਆਂ ਅਤੇ ਆਈ. ਟੀ. ਸੀ. ਧੋਖਾਦੇਹੀ ਦੇ ਅੰਕੜਿਆਂ ਅਨੁਸਾਰ 3,558 ਫਰਜ਼ੀ ਫਰਮਾਂ ਨਾਲ ਜੁਡ਼ੇ 15,851 ਕਰੋਡ਼ ਰੁਪਏ ਦਾ ਆਈ. ਟੀ. ਸੀ. ਧੋਖਾਦੇਹੀ ਨਾਲ ਲਿਆ ਗਿਆ। ਇਸ ਮਿਆਦ ਦੌਰਾਨ, ਜੀ. ਐੱਸ. ਟੀ. ਅਧਿਕਾਰੀਆਂ ਨੇ 53 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ 659 ਕਰੋੜ ਰੁਪਏ ਬਰਾਮਦ ਕੀਤੇ ਗਏ। ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ’ਚ, ਜੀ. ਐੱਸ. ਟੀ. ਅਧਿਕਾਰੀਆਂ ਨੇ 3,840 ਫਰਜ਼ੀ ਕੰਪਨੀਆਂ ਨਾਲ ਜੁੜੇ 12,304 ਕਰੋੜ ਰੁਪਏ ਦੇ ਫਰਜ਼ੀ ਆਈ. ਟੀ. ਸੀ. ਦਾ ਪਤਾ ਲਾਇਆ ਸੀ। 549 ਕਰੋੜ ਰੁਪਏ ਬਰਾਮਦ ਕੀਤੇ ਗਏ ਸਨ ਅਤੇ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਟੈਕਸ ਦੇਣਦਾਰੀ ਦਾ ਭੁਗਤਾਨ ਕਰਦੇ ਸਮੇਂ ਇਸ ਟੈਕਸ ਦਾ ਦਾਅਵਾ ਕ੍ਰੈਡਿਟ ਜਾਂ ਕਟੌਤੀ ਦੇ ਰੂਪ ’ਚ ਕੀਤਾ ਜਾ ਸਕਦਾ ਹੈ।
ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਲਈ ਬਣਾਉਂਦੇ ਹਨ ਫਰਜ਼ੀ ਕੰਪਨੀਆਂ
ਫਰਜ਼ੀ ਆਈ. ਟੀ. ਸੀ. ਨਾਲ ਨਜਿੱਠਣਾ ਜੀ. ਐੱਸ. ਟੀ. ਪ੍ਰਸ਼ਾਸਨ ਲਈ ਇਕ ਵੱਡੀ ਚੁਣੌਤੀ ਰਹੀ ਹੈ ਕਿਉਂਕਿ ਬੇਈਮਾਨ ਤੱਤ ਸਿਰਫ ਆਈ. ਟੀ. ਸੀ. ਦਾ ਦਾਅਵਾ ਕਰਨ ਅਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਲਈ ਫਰਜ਼ੀ ਕੰਪਨੀਆਂ ਬਣਾ ਲੈਂਦੇ ਹਨ। ਸਾਲ 2024-25 ਦੌਰਾਨ ਜੀ. ਐੱਸ. ਟੀ. ਅਧਿਕਾਰੀਆਂ ਨੇ 61,545 ਕਰੋੜ ਰੁਪਏ ਦੀ ਆਈ. ਟੀ. ਸੀ. ਧੋਖਾਦੇਹੀ ’ਚ ਸ਼ਾਮਲ 25,009 ਫਰਜ਼ੀ ਕੰਪਨੀਆਂ ਦਾ ਪਤਾ ਲਾਇਆ ਸੀ। ਜੀ. ਐੱਸ. ਟੀ. ਅਧਿਕਾਰੀਆਂ ਨੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਤਹਿਤ ਫਰਜ਼ੀ ਰਜਿਸਟ੍ਰੇਸ਼ਨ ਖਿਲਾਫ 2 ਆਲ ਇੰਡੀਆ ਅਭਿਆਨ ਚਲਾਏ ਹਨ। 16 ਮਈ, 2023 ਤੋਂ 15 ਜੁਲਾਈ, 2023 ਵਿਚਾਲੇ ਫਰਜ਼ੀ ਰਜਿਸਟ੍ਰੇਸ਼ਨ ਖਿਲਾਫ ਪਹਿਲੇ ਅਭਿਆਨ ’ਚ, ਜੀ. ਐੱਸ. ਟੀ. ਰਜਿਸਟ੍ਰੇਸ਼ਨ ਵਾਲੀਆਂ ਕੁਲ 21,791 ਇਕਾਈਆਂ ਦੀ ਹੋਂਦ ਨਹੀਂ ਮਿਲੀ ਸੀ। ਪਹਿਲੇ ਵਿਸ਼ੇਸ਼ ਅਭਿਆਨ ਦੌਰਾਨ 24,010 ਕਰੋਡ਼ ਰੁਪਏ ਦੀ ਸ਼ੱਕੀ ਟੈਕਸ ਚੋਰੀ ਦਾ ਪਤਾ ਚਲਿਆ ਸੀ। ਇਸੇ ਤਰ੍ਹਾਂ 16 ਅਪ੍ਰੈਲ ਤੋਂ 30 ਅਕਤੂਬਰ, 2024 ਵਿਚਾਲੇ ਦੂਜੇ ਅਭਿਆਨ ’ਚ, ਜੀ. ਐੱਸ. ਟੀ. ਅਧਿਕਾਰੀਆਂ ਨੇ ਜੀ. ਐੱਸ. ਟੀ. ਤਹਿਤ ਰਜਿਸਟਰਡ ਲੱਗਭਗ 18,000 ਫਰਜ਼ੀ ਕੰਪਨੀਆਂ ਦਾ ਪਤਾ ਲਾਇਆ, ਜੋ ਲੱਗਭਗ 25,000 ਕਰੋਡ਼ ਰੁਪਏ ਦੀ ਟੈਕਸ ਚੋਰੀ ’ਚ ਸ਼ਾਮਲ ਰਹੀਆਂ ਹਨ।
Credit : www.jagbani.com