ਜਲੰਧਰ–2027 ’ਚ ਪੰਜਾਬ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਇਨ੍ਹਾਂ ਚੋਣਾਂ ਵਿਚ ਸਾਰੀਆਂ ਸਿਆਸੀ ਪਾਰਟੀਆਂ ਸ਼ਾਇਦ ਇਹ ਸੋਚ ਕੇ ਮੈਦਾਨ ਵਿਚ ਉਤਰਣਗੀਆਂ ਕਿ ਸਰਕਾਰ ਉਨ੍ਹਾਂ ਦੀ ਬਣਨ ਜਾ ਰਹੀ ਹੈ। ਇਸ ਸੋਚ ’ਤੇ ਖਰਾ ਉਤਰਣ ਲਈ ਸਿਆਸੀ ਪਾਰਟੀਆਂ ਨੂੰ ਜਿੱਥੇ ਸਖਤ ਮਿਹਨਤ ਕਰਨੀ ਪਵੇਗੀ, ਉੱਥੇ ਹੀ ਉਨ੍ਹਾਂ ਨੂੰ ਸੂਬੇ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਕਈ ਤਰ੍ਹਾਂ ਦੇ ਪਾਪੜ ਵੇਲਣੇ ਵੀ ਪੈ ਸਕਦੇ ਹਨ। ਦੂਜੀਆਂ ਪਾਰਟੀਆਂ ਵਿਚ ਸੰਨ੍ਹ ਲਾਉਣ ਤੋਂ ਲੈ ਕੇ ਸਿਆਸੀ ਪਾਰਟੀਆਂ ਨਾਲ ਗਠਜੋੜ ਕਰਨ ਵਰਗੇ ਅਹਿਮ ਫ਼ੈਸਲੇ ਇਸ ਸਮੇਂ ’ਚ ਲਏ ਜਾਣਗੇ। ਗਠਜੋੜ ਦੀ ਜਦੋਂ ਵੀ ਗੱਲ ਹੁੰਦੀ ਹੈ ਤਾਂ ਪੰਜਾਬ ’ਚ ਭਾਜਪਾ ਅਤੇ ਅਕਾਲੀ ਦਲ ਦੇ ਗਠਜੋੜ ਦਾ ਜ਼ਿਕਰ ਹੋਣਾ ਲਾਜ਼ਮੀ ਹੈ। ਇਸ ਵਾਰ ਇਹ ਗਠਜੋੜ ਹੋਵੇਗਾ ਜਾਂ ਨਹੀਂ, ਇਸ ਗੱਲ ’ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।
ਇੰਝ ਵਧੀ ਭਾਜਪਾ ’ਚ ਗਠਜੋੜ ’ਤੇ ਕਨਫਿਊਜ਼ਨ
ਪਾਰਟੀ ਦੇ ਸੂਬਾ ਮੁਖੀ ਰਹੇ ਸੁਨੀਲ ਜਾਖੜ ਹੁਣੇ ਜਿਹੇ ਪੰਜਾਬ ਵਿਚ ਅਕਾਲੀ-ਭਾਜਪਾ ਵਿਚਾਲੇ ਗਠਜੋੜ ’ਤੇ ਆਪਣਾ ਪੱਖ ਜ਼ਾਹਿਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਕਾਲੀ ਦਲ ਤੇ ਭਾਜਪਾ ਨੂੰ ਆਪਸੀ ਮਤਭੇਦ ਖਤਮ ਕਰਨੇ ਚਾਹੀਦੇ ਹਨ ਅਤੇ ਦੋਵਾਂ ਨੂੰ ਮਿਲ ਕੇ ਪੰਜਾਬ ਵਿਚ ਚੋਣ ਲੜਨੀ ਚਾਹੀਦੀ ਹੈ।
ਉਨ੍ਹਾਂ ਦੇ ਇਸ ਬਿਆਨ ਦਾ ਸਿੱਧਾ ਮਤਲਬ ਸੀ ਕਿ ਉਨ੍ਹਾਂ ਦੀ ਇੱਛਾ ਹੈ ਕਿ ਪਾਰਟੀ ਪੰਜਾਬ ਵਿਚ ਅਕਾਲੀ ਦਲ ਦੇ ਨਾਲ ਮਿਲ ਕੇ ਚੋਣ ਲੜੇ ਪਰ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਜੋ ਬਿਆਨ ਆਇਆ ਹੈ, ਉਸ ਤੋਂ ਬਾਅਦ ਸੂਬੇ ਵਿਚ ਭਾਜਪਾ ਅੰਦਰ ਕਨਫਿਊਜ਼ਨ ਵਧ ਗਈ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਭਾਜਪਾ ਪੰਜਾਬ ’ਚ 2027 ਦੀ ਚੋਣ ਇਕੱਲਿਆਂ ਲੜੇਗੀ ਅਤੇ ਅਕਾਲੀ ਦਲ ਨਾਲ ਗੱਠਜੋੜ ਨਹੀਂ ਕੀਤਾ ਜਾਵੇਗਾ।
Credit : www.jagbani.com