ਹੁਸ਼ਿਆਰਪੁਰ- ਮਾਤਾ ਚਿੰਤਪੁਰਨੀ ਦੇ ਮੇਲੇ ਅੱਜ ਤੋਂ ਸ਼ੁਰੂ ਹੋ ਚੁੱਕੇ ਹਨ। ਮਾਤਾ ਚਿੰਤਪੁਰਨੀ ਦੇ ਮੇਲਿਆਂ ਵਿਚ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹੁਸ਼ਿਆਰਪੁਰ ਦਾ ਪ੍ਰਸ਼ਾਸਨ ਲੰਗਰਾਂ ਲਈ '100 ਫ਼ੀਸਦੀ ਨੋ ਪਲਾਸਟਿਕ ਮਿਸ਼ਨ' ਨਾਲ ਮੈਦਾਨ 'ਚ ਨਿੱਤਰਿਆ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕ੍ਰਾਸ ਸੁਸਾਇਟੀ ਵੱਲੋਂ 'ਚੜ੍ਹਦਾ ਸੂਰਜ' ਪਹਿਲਕਦਮੀ ਤਹਿਤ ਇਸ ਵਾਰ ਮਾਤਾ ਚਿੰਤਪੁਰਨੀ ਮੇਲੇ ਦੌਰਾਨ ਹੁਸ਼ਿਆਰਪੁਰ ਸਰਹੱਦ 'ਤੇ ਲਗਾਏ ਗਏ ਲੰਗਰਾਂ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ 100 ਫ਼ੀਸਦੀ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਮੀਡੀਆ ਰਾਹੀਂ '100 ਫ਼ੀਸਦੀ ਨੋ ਪਲਾਸਟਿਕ ਮਿਸ਼ਨ' ਬਾਰੇ ਜਨਤਕ ਸਹਿਯੋਗ ਅਤੇ ਜਾਗਰੂਕਤਾ ਦੀ ਅਪੀਲ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਹੁਸ਼ਿਆਰਪੁਰ ਦੀਆਂ 20 ਤੋਂ ਵੱਧ ਐੱਨ. ਜੀ. ਓਜ਼. ਇਸ ਪਹਿਲਕਦਮੀ ਨੂੰ ਲਾਗੂ ਕਰਨ ਲਈ ਅੱਗੇ ਆਈਆਂ ਹਨ, ਜਿਨ੍ਹਾਂ ਦੇ 150 ਵਲੰਟੀਅਰ, ਸਿਵਲ ਡਿਫੈਂਸ ਦੇ 150 ਵਲੰਟੀਅਰਾਂ ਤੋਂ ਇਲਾਵਾ, ਕੁੱਲ੍ਹ 300 ਤੋਂ ਵੱਧ ਵਲੰਟੀਅਰਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਨੂੰ ਆਦਮਵਾਲ ਤੋਂ ਹੁਸ਼ਿਆਰਪੁਰ ਸਰਹੱਦ ਤੱਕ ਲੰਗਰਾਂ ਵਿਚ ਸ਼ਿਫ਼ਟਾਂ ਅਨੁਸਾਰ ਨਿਯੁਕਤ ਕੀਤਾ ਗਿਆ ਹੈ। ਇਸ ਸਮੇਂ ਦੌਰਾਨ, ਇਹ ਵਲੰਟੀਅਰ ਸਟਾਲਾਂ ਅਤੇ ਲੰਗਰ ਪੰਡਾਲਾਂ ਦੀ ਨਿਯਮਿਤ ਸਫ਼ਾਈ ਦੀ ਨਿਗਰਾਨੀ ਕਰਨਗੇ, 100 ਫ਼ੀਸਦੀ ਪਲਾਸਟਿਕ ਮੁਕਤ ਪੰਡਾਲਾਂ ਨੂੰ ਯਕੀਨੀ ਬਣਾਉਣਗੇ, ਸ਼ਰਧਾਲੂਆਂ ਨੂੰ 'ਨੋ ਪਲਾਸਟਿਕ ਮਿਸ਼ਨ' ਬਾਰੇ ਜਾਣੂ ਕਰਵਾਉਣਗੇ, ਰਹਿੰਦ-ਖੂੰਹਦ ਪ੍ਰਬੰਧਨ ਵਿਚ ਸਹਾਇਤਾ ਕਰਨਗੇ ਅਤੇ 10 ਦਿਨਾਂ ਲਈ ਨਿਯਮਿਤ ਤੌਰ 'ਤੇ ਸਭ ਤੋਂ ਵਧੀਆ ਸਟਾਲਾਂ ਦੀ ਰਿਪੋਰਟ ਕਰਨਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡਾ ਉਦੇਸ਼ ਨਾ ਸਿਰਫ਼ ਸ਼ਰਧਾਲੂਆਂ ਨੂੰ ਸਾਫ਼, ਸੁਰੱਖਿਅਤ ਅਤੇ ਵਾਤਾਵਰਨ ਅਨੁਕੂਲ ਮਾਹੌਲ ਪ੍ਰਦਾਨ ਕਰਨਾ ਹੈ, ਸਗੋਂ ਇਹ ਹੋਰ ਧਾਰਮਿਕ ਮੇਲਿਆਂ ਅਤੇ ਸਮਾਗਮਾਂ ਨੂੰ ਦਿਸ਼ਾ ਦੇਣ ਲਈ ਵੀ ਇਕ ਉਦਾਹਰਨ ਹੈ। ਉਨ੍ਹਾਂ ਮੀਡੀਆ ਨੂੰ ਇਸ ਸਕਾਰਾਤਮਕ ਮੁਹਿੰਮ ਨੂੰ ਵਿਆਪਕ ਕਵਰੇਜ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਮੇਲੇ ਵਿਚ ਸ਼ਾਨਦਾਰ ਕੰਮ ਕਰਨ ਵਾਲਿਆਂ ਨੂੰ ਇਨਾਮ ਦੇਵੇਗਾ। ਉਨ੍ਹਾਂ ਕਿਹਾ ਕਿ ਸਫ਼ਾਈ ਅਤੇ ਵਾਤਾਵਰਨ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਵਾਲੇ ਸਭ ਤੋਂ ਵਧੀਆ ਪਲਾਸਟਿਕ ਮੁਕਤ ਲੰਗਰ ਜਾਂ ਸਟਾਲ ਨੂੰ ਵੀ ਪੁਰਸਕਾਰ ਮਿਲੇਗਾ। ਆਪਣੀ ਸੇਵਾ ਰਾਹੀਂ ਇੱਕ ਮਿਸਾਲ ਕਾਇਮ ਕਰਨ ਵਾਲੇ ਸਭ ਤੋਂ ਵਧੀਆ ਵਲੰਟੀਅਰ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਮੇਲੇ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ। ਮੇਲੇ ਵਿਚ ਕੱਪੜੇ ਦੇ ਥੈਲੇ ਵੰਡ ਕੇਂਦਰ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਵਾਧੂ ਡਸਟਬਿਨ ਅਤੇ ਸਫ਼ਾਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਨਗਰ ਨਿਗਮ, ਪ੍ਰਦੂਸ਼ਣ ਕੰਟਰੋਲ ਵਿਭਾਗ, ਪੇਂਡੂ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਉਨ੍ਹਾਂ ਲੰਗਰ ਸੁਸਾਇਟੀਆਂ ਨੂੰ 5 ਲੱਖ ਰੁਪਏ ਤੱਕ ਦੀਆਂ ਵਾਤਾਵਰਨ ਅਨੁਕੂਲ ਪਲੇਟਾਂ, ਚਮਚੇ ਆਦਿ ਪ੍ਰਦਾਨ ਕਰੇਗਾ ਜੋ ਅਣਜਾਣੇ ਵਿਚ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਕਰ ਰਹੀਆਂ ਹਨ। ਉਨ੍ਹਾਂ ਸਾਰੀਆਂ ਲੰਗਰ ਸੁਸਾਇਟੀਆਂ ਨੂੰ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਿਰਫ਼ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਸਾਡੀ ਸਾਰਿਆਂ ਦੀ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਕੱਪੜੇ ਜਾਂ ਜੂਟ ਦੇ ਥੈਲੇ ਅਤੇ ਪਾਣੀ ਦੀਆਂ ਬੋਤਲਾਂ ਲਿਆਉਣ ਦੀ ਅਪੀਲ ਕੀਤੀ। ਦੁਕਾਨਦਾਰਾਂ ਨੂੰ ਵਾਤਾਵਰਨ ਅਨੁਕੂਲ ਪੈਕੇਜਿੰਗ ਅਪਣਾਉਣਾ ਚਾਹੀਦਾ ਹੈ ਅਤੇ ਸੇਵਾਦਾਰਾਂ ਨੂੰ ਸ਼ਰਧਾਲੂਆਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 'ਚੜ੍ਹਦਾ ਸੂਰਜ' ਸਿਰਫ਼ ਇਕ ਮੁਹਿੰਮ ਨਹੀਂ ਹੈ, ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਕ ਸਾਫ਼ ਅਤੇ ਹਰਿਆ-ਭਰਿਆ ਭਵਿੱਖ ਦੇਣ ਦੀ ਸ਼ੁਰੂਆਤ ਹੈ। ਇਸ ਲਈ, ਸਾਨੂੰ ਸਿਰਫ਼ ਮਾਂ ਨੂੰ ਪ੍ਰਾਰਥਨਾ ਹੀ ਨਹੀਂ ਕਰਨੀ ਚਾਹੀਦੀ, ਸਗੋਂ ਇਕ ਸਾਫ਼ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਵੀ ਭੇਟ ਕਰਨਾ ਚਾਹੀਦਾ ਹੈ। ਇਹ ਮੇਲਾ ਸਿਰਫ਼ ਇਕ ਧਾਰਮਿਕ ਸਮਾਗਮ ਨਹੀਂ ਹੋਣਾ ਚਾਹੀਦਾ, ਸਗੋਂ ਵਾਤਾਵਰਨ ਕ੍ਰਾਂਤੀ ਦੀ ਮਸ਼ਾਲ ਬਣਨਾ ਚਾਹੀਦਾ ਹੈ।
ਆਸ਼ਿਕਾ ਜੈਨ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ, ਰਿਲਾਇੰਸ ਇੰਡਸਟਰੀਜ਼ ਨਾਲ ਇਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਅਤੇ ਕੋਈ ਵੀ ਸ਼ਰਧਾਲੂ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਕੰਟਰੋਲ ਰੂਮ ਨੰਬਰ 01882- 292570 'ਤੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਭਾਰੀ ਵਾਹਨਾਂ ਦੀ ਵਰਤੋਂ ਨਾ ਕਰਨ ਅਤੇ ਬੱਸਾਂ ਦੀਆਂ ਛੱਤਾਂ 'ਤੇ ਯਾਤਰਾ ਕਰਨ ਤੋਂ ਵੀ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਵਾਜਾਈ ਕੰਟਰੋਲ, ਸੁਰੱਖਿਆ, ਸਫਾਈ, ਸਿਹਤ ਸੇਵਾਵਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਸਕੱਤਰ ਰੈੱਡ ਕ੍ਰਾਸ ਸੋਸਾਇਟੀ ਮੰਗੇਸ਼ ਸੂਦ, ਸੰਯੁਕਤ ਸਕੱਤਰ ਆਦਿੱਤਿਆ ਰਾਣਾ, ਰੈੱਡ ਕ੍ਰਾਸ ਸੋਸਾਇਟੀ ਦੇ ਮੈਂਬਰ, ਗੈਰ-ਸਰਕਾਰੀ ਸੰਗਠਨ ਅਤੇ ਵਲੰਟੀਅਰ ਵੀ ਮੌਜੂਦ ਸਨ।
Credit : www.jagbani.com