ਉੱਤਰਕਾਸ਼ੀ- ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿਚ ਮੰਗਲਵਾਰ ਦੁਪਹਿਰ ਨੂੰ ਬੱਦਲ ਫਟਣ ਕਾਰਨ ਗੰਗੋਤਰੀ ਦੇ ਪਹਾੜਾਂ ਤੋਂ ਵਗਦੀ ਖੀਰ ਗੰਗਾ ਨਦੀ ਵਿਚ ਹੜ੍ਹ ਆ ਗਿਆ ਅਤੇ ਤੇਜ਼ ਵਹਾਅ ਵਾਲੇ ਪਾਣੀ ਨਾਲ ਆਏ ਮਲਬੇ ਨੇ ਧਰਾਲੀ ਪਿੰਡ ਨੂੰ ਢਹਿ-ਢੇਰੀ ਕਰ ਦਿੱਤਾ। ਇਸ ਆਫ਼ਤ ਵਿਚ ਸੈਂਕੜੇ ਮਕਾਨ ਅਤੇ ਹੋਟਲ ਤਾਸ਼ ਦੇ ਪੱਤਿਆਂ ਵਾਂਗ ਢਹਿ ਗਏ ਅਤੇ 10 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 100 ਤੋਂ ਵੱਧ ਹੋਰ ਲਾਪਤਾ ਦੱਸੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਉੱਤਰਾਖੰਡ 'ਚ ਕੁਦਰਤ ਆਪਣਾ ਕਹਿਰ ਢਾਅ ਚੁੱਕੀ ਹੈ, ਜਿਨ੍ਹਾਂ 'ਚ ਸੈਂਕੜੇ ਲੋਕਾਂ ਦੀ ਜਾਨ ਗਈ ਸੀ।
ਇਹ ਹਨ ਵੱਡੀਆਂ ਕੁਦਰਤੀ ਆਫਤਾਵਾਂ
20 ਅਕਤੂਬਰ 1991 : ਉੱਤਰਕਾਸ਼ੀ ’ਚ 6.8 ਰਿਕਟਰ ਪੈਮਾਨੇ ਦਾ ਭੂਚਾਲ ਆਇਆ ਸੀ। ਸਰਕਾਰੀ ਅੰਕੜਿਆਂ ਅਨੁਸਾਰ ਇਸ ਘਟਨਾ ਵਿਚ 768 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਘਰ ਤਬਾਹ ਹੋ ਗਏ ਸਨ। ਬਹੁਤ ਸਾਰੇ ਲੋਕ ਹਮੇਸ਼ਾ ਲਈ ਬੇਘਰ ਹੋ ਗਏ। ਇਸ ਘਟਨਾ ਨੂੰ ਯਾਦ ਕਰ ਕੇ ਲੋਕ ਅਜੇ ਵੀ ਕੰਬ ਉੱਠਦੇ ਹਨ।
18 ਅਗਸਤ 1998 : ਪਿਥੌਰਾਗੜ੍ਹ ਜ਼ਿਲੇ ਦੇ ਮਾਲਪਾ ਪਿੰਡ ਵਿਚ ਇਕ ਚੱਟਾਨ ਡਿੱਗ ਪਈ ਸੀ। ਇਸ ਕੁਦਰਤੀ ਆਫ਼ਤ ਵਿਚ 225 ਲੋਕਾਂ ਦੀ ਚੱਟਾਨ ਹੇਠਾਂ ਦੱਬੇ ਜਾਣ ਕਾਰਨ ਮੌਤ ਹੋ ਗਈ ਸੀ। ਮ੍ਰਿਤਕਾਂ ਵਿਚੋਂ 55 ਮਾਨਸਰੋਵਰ ਦੇ ਸ਼ਰਧਾਲੂ ਸਨ। ਮਿੱਟੀ ਅਤੇ ਚੱਟਾਨਾਂ ਦੇ ਮਲਬੇ ਨੇ ਸ਼ਾਰਦਾ ਨਦੀ ਦੇ ਪਾਣੀ ਦੇ ਵਹਾਅ ਨੂੰ ਰੋਕ ਦਿੱਤਾ ਸੀ। ਇਸ ਕਾਰਨ ਪਾਣੀ ਕਈ ਪਿੰਡਾਂ ਵਿਚ ਦਾਖਲ ਹੋ ਗਿਆ ਸੀ।
29 ਮਾਰਚ 1999 : ਚਮੋਲੀ ਜ਼ਿਲੇ ਵਿਚ 6.8 ਰਿਕਟਰ ਪੈਮਾਨੇ ਦਾ ਇਕ ਵੱਡਾ ਭੂਚਾਲ ਆਇਆ ਸੀ। ਭੂਚਾਲ ਇੰਨਾ ਖਤਰਨਾਕ ਸੀ ਕਿ ਸੜਕਾਂ ਅਤੇ ਇਮਾਰਤਾਂ ਵਿਚ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ ਸਨ। ਇਸ ਘਟਨਾ ਵਿਚ 100 ਲੋਕਾਂ ਦੀ ਮੌਤ ਹੋ ਗਈ ਸੀ। ਚਮੋਲੀ ਜ਼ਿਲ੍ਹੇ ਦੇ ਨਾਲ ਲੱਗਦੇ ਰੁਦਰਪ੍ਰਯਾਗ ਜ਼ਿਲੇ ਨੂੰ ਵੀ ਭਾਰੀ ਨੁਕਸਾਨ ਪੁੱਜਾ ਸੀ।
16 ਜੂਨ 2013 : ਕੇਦਾਰਨਾਥ ਵਿਚ ਆਏ ਹੜ੍ਹ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ। ਕਿਸੇ ਨੂੰ ਸੰਭਲਣ ਤੱਕ ਦਾ ਮੌਕਾ ਨਹੀਂ ਮਿਲਿਆ। ਜੋ ਜਿੱਥੇ ਸੀ, ਉੱਥੇ ਹੀ ਦਫਨ ਹੋ ਗਿਆ।
1 ਜੁਲਾਈ 2016 : ਪਿਥੌਰਾਗੜ੍ਹ ਅਤੇ ਚਮੋਲੀ ਜ਼ਿਲ੍ਹਿਆਂ ਵਿਚ ਆਫ਼ਤਾਂ ਵਿਚ 40 ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚੋਂ 25 ਲੋਕ ਪਿਥੌਰਾਗੜ੍ਹ ਦੇ ਬਸਤਰੀ ਪਿੰਡ ਦੇ ਸਨ। ਬਸਤਰੀ ਪਿੰਡ ਵਿਚ ਜ਼ਮੀਨ ਖਿਸਕਣ ਕਾਰਨ ਕਈ ਘਰ ਮਲਬੇ ਹੇਠ ਦੱਬੇ ਗਏ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com