ਜਲੰਧਰ/ਕਪੂਰਥਲਾ–ਪਾਸਪੋਰਟ ਬਣਵਾਉਣ ਵਾਲਿਆਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨਾਗਰਿਕਾਂ ਦੀ ਸਹੂਲਤ ਲਈ ਇਕ ਪਹਿਲ ਵਿਚ ਖੇਤਰੀ ਪਾਸਪੋਰਟ ਦਫ਼ਤਰ (ਆਰ. ਪੀ. ਓ.) ਜਲੰਧਰ ਨੇ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ. ਕੇ. ਜੀ. ਪੀ. ਯੂ.) ਕਪੂਰਥਲਾ ਵਿਚ ਆਪਣੀ ਪਾਸਪੋਰਟ ਸੇਵਾ ਆਰ. ਪੀ. ਓ. ਮੋਬਾਇਲ ਵੈਨ ਤਾਇਨਾਤ ਕੀਤੀ ਹੈ ਤਾਂ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਆਲੇ-ਦੁਆਲੇ ਦੇ ਨਿਵਾਸੀਆਂ ਲਈ ਪਾਸਪੋਰਟ ਬਿਨੈ ਸੇਵਾਵਾਂ ਨੂੰ ਆਸਾਨ ਬਣਾਇਆ ਜਾ ਸਕੇ।
ਵੇਰਵਾ ਸਾਂਝਾ ਕਰਦੇ ਹੋਏ ਖੇਤਰੀ ਪਾਸਪੋਰਟ ਅਫਸਰ ਜਲੰਧਰ ਯਸ਼ਪਾਲ ਨੇ ਦੱਸਿਆ ਕਿ ਮੋਬਾਇਲ ਵੈਨ 6 ਤੋਂ 8 ਅਗਸਤ 2025 ਤਕ ਯੂਨੀਵਰਸਿਟੀ ਕੰਪਲੈਕਸ ਵਿਚ ਐਂਟਰੀ ਗੇਟ ’ਤੇ ਤਾਇਨਾਤ ਰਹੇਗੀ, ਜਿਸ ਨਾਲ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਪਾਸਪੋਰਟ ਦਫ਼ਤਰ ਜਾਏ ਬਿਨਾਂ ਪਾਸਪੋਰਟ ਸਬੰਧੀ ਸੇਵਾਵਾਂ ਤਕ ਸੁਵਿਧਾਜਨਕ ਪਹੁੰਚ ਪ੍ਰਾਪਤ ਹੋਵੇਗੀ। ਇੱਛੁਕ ਬਿਨੈਕਾਰ ਅਧਿਕਾਰਕ ਵੈੱਬਸਾਈਟ ਜ਼ਰੀਏ ਆਨਲਾਈਨ ਬਿਨੈ-ਪੱਤਰ ਭਰ ਕੇ ਅਤੇ ਅਪੁਆਇੰਟਮੈਂਟ ਬੁੱਕ ਕਰਕੇ ਇਸ ਸਹੂਲਤ ਦਾ ਲਾਭ ਉਠਾ ਸਕਦੇ ਹਨ।
ਇਸ ਪਹਿਲ ਦਾ ਉਦੇਸ਼ ਪਾਸਪੋਰਟ ਸੇਵਾਵਾਂ ਨੂੰ ਲੋਕਾਂ, ਵਿਸ਼ੇਸ਼ ਰੂਪ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨੇੜੇ ਲਿਆਉਣਾ ਹੈ, ਜਿਨ੍ਹਾਂ ਨੂੰ ਪਾਸਪੋਰਟ ਦਫ਼ਤਰ ਤਕ ਯਾਤਰਾ ਕਰਨ ਵਿਚ ਮੁਸ਼ਕਿਲ ਹੋ ਸਕਦੀ ਹੈ। ਮੋਬਾਇਲ ਵੈਨ ਮੌਕੇ ’ਤੇ ਹੀ ਬਿਨੈ-ਪੱਤਰ ਸਵੀਕਾਰ ਕਰੇਗੀ ਅਤੇ ਦਸਤਾਵੇਜ਼ੀਕਰਨ ਪ੍ਰਕਿਰਿਆ ਨੂੰ ਆਸਾਨ ਬਣਾਵੇਗੀ।
ਖੇਤਰੀ ਪਾਸਪੋਰਟ ਅਫ਼ਸਰ ਯਸ਼ਪਾਲ ਨੇ ਕਿਹਾ ਕਿ ਪਾਸਪੋਰਟ ਬਿਨੈਕਾਰਾਂ ਦੀ ਸਹੂਲਤ ਲਈ ਪਾਸਪੋਰਟ ਦਫ਼ਤਰ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ ਅਤੇ ਭਵਿੱਖ ਵਿਚ ਵੀ ਲੋਕਾਂ ਨੂੰ ਹੋਰ ਬਿਹਤਰ ਸੇਵਾਵਾਂ ਮੁਹੱਈਆ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨੇ ਕਿਸੇ ਵੀ ਏਜੰਟ ਦੇ ਝਾਂਸੇ ਵਿਚ ਨਹੀਂ ਆਉਣਾ ਹੈ ਕਿਉਂਕਿ ਜੇਕਰ ਕਿਸੇ ਨੂੰ ਪਾਸਪੋਰਟ ਸਬੰਧੀ ਕੋਈ ਵੀ ਸਮੱਸਿਆ ਹੈ ਤਾਂ ਉਹ ਸਿੱਧਾ ਪਾਸਪੋਰਟ ਦਫ਼ਤਰ ਵਿਚ ਆ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੈਨ ਦੇ ਨਾਲ ਪਾਸਪੋਰਟ ਦਫ਼ਤਰ ਤੋਂ ਅਧਿਕਾਰੀ ਅਤੇ ਸਟਾਫ਼ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਕੇ ’ਤੇ ਹੀ ਅਪੁਆਇੰਟਮੈਂਟ ਵਾਲੇ ਵਿਅਕਤੀ ਦੇ ਬਿਨੈ ਪ੍ਰੋਸੈੱਸ ਹੋ ਜਾਣਗੇ। ਯਸ਼ਪਾਲ ਨੇ ਦੱਸਿਆ ਕਿ ਭਵਿੱਖ ਵਿਚ ਉਨ੍ਹਾਂ ਥਾਵਾਂ ’ਤੇ ਵੀ ਵੈਨਾਂ ਨੂੰ ਭੇਜਿਆ ਜਾਵੇਗਾ, ਜਿੱਥੇ ਪਾਸਪੋਰਟ ਸੇਵਾ ਕੇਂਦਰ ਨਹੀਂ ਹੈ। ਲੋਕਾਂ ਨੂੰ ਜਲੰਧਰ ਆਉਣ ਦੀ ਲੋੜ ਨਹੀਂ ਪਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com