ਜਲੰਧਰ- ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਆਰਾਮਦਾਇਕ ਯਾਤਰਾ ਲਈ ਰੇਲਵੇ ਵਿਭਾਗ ਨੇ ਜਲੰਧਰ ਸਿਟੀ ਸਟੇਸ਼ਨ 'ਤੇ ਵੰਦੇ ਭਾਰਤ ਐਕਸਪ੍ਰੈਸ ਦਾ ਸਟਾਪੇਜ ਦੇਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਅਗਸਤ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਨਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਵਿਖਾਉਣਗੇ। ਇਹ ਟ੍ਰੇਨ ਕਟੜਾ ਜਾਣ ਵਾਲੇ ਯਾਤਰੀਆਂ ਨੂੰ ਇਕ ਆਰਾਮਦਾਇਕ ਅਤੇ ਤੇਜ਼ ਯਾਤਰਾ ਦਾ ਅਨੁਭਵ ਪ੍ਰਦਾਨ ਕਰੇਗੀ। ਖ਼ਾਸ ਗੱਲ ਇਹ ਹੈ ਕਿ ਵੰਦੇ ਭਾਰਤ ਐਕਸਪ੍ਰੈਸ ਜਲੰਧਰ ਤੋਂ ਅੰਮ੍ਰਿਤਸਰ ਹੁੰਦੇ ਹੋਏ ਕਟੜਾ ਸਟੇਸ਼ਨ ਪਹੁੰਚੇਗੀ।

ਲੋਕਾਂ ਵੱਲੋਂ ਇਹ ਵੀ ਮੰਗ ਕੀਤੀ ਗਈ ਸੀ ਕਿ ਇਸ ਨੂੰ ਜਲੰਧਰ ਸਿਟੀ ਸਟੇਸ਼ਨ 'ਤੇ ਇਕ ਸਟਾਪੇਜ ਦਿੱਤਾ ਜਾਵੇ। ਵੰਦੇ ਭਾਰਤ ਐਕਸਪ੍ਰੈਸ (26406) ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੱਕ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ (26405) ਤੱਕ ਜਾਵੇਗੀ।
ਇਹ ਟਰੇਨ ਮੰਗਲਵਾਰ ਨੂੰ ਛੱਡ ਕੇ ਹਫ਼ਤੇ ਵਿੱਚ 6 ਦਿਨ ਚੱਲੇਗੀ। ਕਟੜਾ ਤੋਂ ਅੰਮ੍ਰਿਤਸਰ ਜਾਣ ਵਾਲੀ ਟਰੇਨ (26407) ਸਵੇਰੇ 6:40 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 12:20 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹ ਜਲੰਧਰ ਸਿਟੀ ਸਟੇਸ਼ਨ 11:03 ਵਜੇ ਪਹੁੰਚੇਗੀ। ਇਥੇ ਦੋ ਮਿੰਟ ਦਾ ਸਟਾਪੇਜ ਦਿੱਤਾ ਗਿਆ ਹੈ। ਰਸਤੇ ਵਿੱਚ ਇਹ ਟਰੇਨ ਜੰਮੂ, ਪਠਾਨਕੋਟ ਕੈਂਟ, ਜਲੰਧਰ ਸਿਟੀ, ਬਿਆਸ ਆਦਿ ਸਟੇਸ਼ਨਾਂ 'ਤੇ ਰੁਕੇਗੀ।
ਅੰਮ੍ਰਿਤਸਰ ਤੋਂ ਕਟੜਾ ਜਾਣ ਵਾਲੀ ਟਰੇਨ (26405) ਸ਼ਾਮ 4:25 ਵਜੇ ਰਵਾਨਾ ਹੋਵੇਗੀ ਅਤੇ ਰਾਤ 10 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ। ਰਸਤੇ ਵਿੱਚ ਇਹ ਟਰੇਨ ਬਿਆਸ, ਜਲੰਧਰ ਸਿਟੀ, ਪਠਾਨਕੋਟ ਕੈਂਟ, ਜੰਮੂ ਆਦਿ ਰੇਲਵੇ ਸਟੇਸ਼ਨਾਂ 'ਤੇ ਰੁਕੇਗੀ। ਜਲੰਧਰ ਸਿਟੀ ਸਟੇਸ਼ਨ ਤੋਂ ਸ਼ਾਮ 5.33 ਵਜੇ ਪਹੁੰਚੇਗੀ ਅਤੇ 5.35 ਮਿੰਟ 'ਤੇ ਰਵਾਨਾ ਹੋ ਜਾਵੇਗੀ। ਟਰੇਨ ਵਿੱਚ 8 ਡੱਬਿਆਂ ਦਾ ਰੈਕ ਹੈ।
ਸੀਨੀਅਰ ਡੀ. ਸੀ. ਐੱਮ. ਪਰਮਦੀਪ ਸੈਣੀ ਨੇ ਕਿਹਾ ਕਿ ਇਸ ਟਰੇਨ ਨਾਲ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਵਾਲੇ ਯਾਤਰੀਆਂ ਨੂੰ ਫਾਇਦਾ ਹੋਵੇਗਾ ਅਤੇ ਵੈਸ਼ਨੋ ਦੇਵੀ ਮੰਦਿਰ ਦੇ ਕਾਰਨ, ਕਟੜਾ ਸਾਰੇ ਦੇਸ਼ ਵਾਸੀਆਂ ਲਈ ਇਕ ਪਵਿੱਤਰ ਸਥਾਨ ਹੈ। ਇਸ ਟਰੇਨ ਰਾਹੀਂ ਯਾਤਰੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਸਕਦੇ ਹਨ ਅਤੇ ਘੱਟ ਸਮੇਂ ਵਿੱਚ ਆਪਣੇ ਸਟੇਸ਼ਨ 'ਤੇ ਵਾਪਸ ਆ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com