ਨੈਸ਼ਨਲ ਡੈਸਕ- ਧਰਤੀ ਲੱਖਾਂ ਹੀ ਕਿਸਮ ਦੇ ਜੀਵ-ਜੰਤੂਆਂ ਦਾ ਘਰ ਹੈ, ਜਿਨ੍ਹਾਂ 'ਚੋਂ ਕਈ ਹਾਲੇ ਵੀ ਇਨਸਾਨੀ ਨਜ਼ਰ ਤੋਂ ਓਹਲੇ ਹਨ ਤੇ ਕਈਆਂ ਦੀ ਖੋਜ ਹਾਲੇ ਵੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਮਿਜ਼ੋਰਮ ਯੂਨੀਵਰਸਿਟੀ ਦੇ ਜ਼ੂਆਲੋਜੀ ਵਿਭਾਗ ਦੇ ਖੋਜਕਰਤਾਵਾਂ ਨੇ ਸੱਪ ਦੀ ਇੱਕ ਨਵੀਂ ਪ੍ਰਜਾਤੀ- 'ਸਮਿਥੋਫਿਸ ਲੈਪਟੋਫਾਸੀਆਟਸ' ਦੀ ਖੋਜ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਪ੍ਰੋਫੈਸਰ ਐੱਚ.ਟੀ. ਲਾਲਰੇਮਸੰਗਾ, ਜੋ ਕਿ ਜ਼ੂਆਲੋਜੀ ਵਿਭਾਗ ਦੇ ਮੁਖੀ ਹਨ, ਨੇ ਦੱਸਿਆ ਕਿ ਹਰਪੇਟੋਲੋਜੀਕਲ ਮੁਹਿੰਮਾਂ ਦੌਰਾਨ ਸੱਪ ਦੇ ਸਕੇਲ, ਰੂਪ ਵਿਗਿਆਨਿਕ ਵਿਸ਼ੇਸ਼ਤਾਵਾਂ ਅਤੇ ਡੀ.ਐੱਨ.ਏ. ਦਾ ਅਧਿਐਨ ਕਰਨ ਤੋਂ ਬਾਅਦ ਇਸ ਨਵੀਂ ਪ੍ਰਜਾਤੀ ਦੀ ਖੋਜ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਨਵੀਂ ਖੋਜ ਦੇ ਨਤੀਜੇ 5 ਅਗਸਤ ਨੂੰ ਅੰਤਰਰਾਸ਼ਟਰੀ ਵਿਗਿਆਨਕ ਜਰਨਲ, 'ਟੈਪਰੋਬਨਿਕਾ' (ਦ ਜਰਨਲ ਆਫ਼ ਏਸ਼ੀਅਨ ਬਾਇਓਡਾਇਵਰਸਿਟੀ) ਵਿੱਚ ਪ੍ਰਕਾਸ਼ਿਤ ਹੋਏ ਸਨ। ਲਾਲਰੇਮਸੰਗਾ ਦੇ ਅਨੁਸਾਰ ਦੁਨੀਆ ਭਰ ਵਿੱਚ ਹੁਣ ਤੱਕ ਪੰਜ ਸਮਿਥੋਫਿਸ ਸੱਪ ਪ੍ਰਜਾਤੀਆਂ ਦੀ ਖੋਜ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਹ ਸੱਪ ਮੁੱਖ ਤੌਰ 'ਤੇ ਭਾਰਤ ਦੇ ਉੱਤਰ-ਪੂਰਬ ਅਤੇ ਗੁਆਂਢੀ ਖੇਤਰਾਂ ਵਿੱਚ ਪਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜ ਪ੍ਰਜਾਤੀਆਂ ਵਿੱਚੋਂ, ਦੋ ਪ੍ਰਜਾਤੀਆਂ- ਸਮਿਥੋਫਿਸ ਐਟੇਮਪੋਰਲਿਸ ਅਤੇ ਸਮਿਥੋਫਿਸ ਮਿਜ਼ੋਰਾਮੇਨਸਿਸ ਮਿਜ਼ੋਰਮ ਵਿੱਚ ਖੋਜੀਆਂ ਗਈਆਂ ਸਨ।
ਹਾਲਾਂਕਿ ਨਵੀਂ ਖੋਜ ਨੂੰ ਸਮਿਥੋਫਿਸ ਬਾਈਕਲਰ ਵਜੋਂ ਦਰਸਾਇਆ ਗਿਆ ਸੀ, ਜੋ ਕਿ 1855 ਵਿੱਚ ਮੇਘਾਲਿਆ ਵਿੱਚ ਖੋਜਿਆ ਗਿਆ ਸੀ, ਇੱਕ ਡੂੰਘਾਈ ਨਾਲ ਕੀਤੇ ਗਏ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਸਮਿਥੋਫਿਸ ਲੈਪਟੋਫਾਸੀਆਟਸ ਆਪਣੇ ਡੀ.ਐੱਨ.ਏ. ਅਤੇ ਰੂਪ ਵਿਗਿਆਨਿਕ ਵਿਸ਼ੇਸ਼ਤਾਵਾਂ ਵਿੱਚ ਬਾਅਦ ਵਾਲੇ ਤੋਂ 11.5 ਪ੍ਰਤੀਸ਼ਤ ਵੱਖਰਾ ਹੈ, ਜਿਸ ਨੇ ਇਸ ਦੀ ਇੱਕ ਨਵੀਂ ਪ੍ਰਜਾਤੀ ਹੋਣ ਦੀ ਪੁਸ਼ਟੀ ਕੀਤੀ ਹੈ। ਸਮਿਥੋਫਿਸ ਲੈਪਟੋਫਾਸੀਆਟਸ ਗੈਰ-ਜ਼ਹਿਰੀਲਾ ਸੱਪ ਹੈ ਅਤੇ ਮੁੱਖ ਤੌਰ 'ਤੇ ਕੀੜਿਆਂ ਨੂੰ ਖਾਂਦਾ ਹੈ ਤੇ ਸੰਘਣੇ ਜੰਗਲਾਂ 'ਚ ਰਹਿੰਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com