ਨੂਰਪੁਰਬੇਦੀ-ਰੂਪਨਗਰ 'ਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਸਿੰਬਲਮਾਜਰਾ (ਜੇਤੇਵਾਲ) ਵਿਖੇ ਵਿਆਹੀ ਇਕ 31 ਸਾਲਾ ਔਰਤ ਦਾ ਉਸ ਦੇ ਪੇਕੇ ਪਿੰਡ ਨੋਧੇਮਾਜਰਾ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਕਤਲ ਹੋਣ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸਵੇਰ ਉਸ ਸਮੇਂ ਪਤਾ ਚੱਲਿਆ ਜਦੋਂ ਪਸ਼ੂਆਂ ਦਾ ਗੌਬਰ ਸੁੱਟਣ ਗਏ ਮ੍ਰਿਤਕਾ ਦੀ ਛੋਟੀ ਭੈਣ ਨੇ ਉਸ ਦੀ ਦੀ ਘਰ ਲਾਗੇ ਝਾੜੀਆਂ ’ਚ ਉਸ ਦੀ ਖ਼ੂਨ ਨਾਲ ਲਥਪਥ ਹੋਈ ਲਾਸ਼ ਵੇਖੀ। ਉਕਤ ਘਟਨਾ ਦਾ ਪਤਾ ਚੱਲਣ ’ਤੇ ਇਕਦਮ ਪਿੰਡ ਅਤੇ ਇਲਾਕੇ ’ਚ ਸਨਸਨੀ ਫੈਲ ਗਈ।
ਮ੍ਰਿਤਕ ਔਰਤ ਦੀ ਪਛਾਣ ਮਨਜਿੰਦਰ ਕੌਰ ਪਤਨੀ ਕੁਲਦੀਪ ਸਿੰਘ ਨਿਵਾਸੀ ਪਿੰਡ ਸਿੰਬਲਮਾਜਰਾ ਵਜੋਂ ਹੋਈ ਹੈ। ਮ੍ਰਿਤਕਾ ਦੀ ਛੋਟੀ ਭੈਣ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਭੈਣ ਮਨਜਿੰਦਰ ਕੌਰ ਆਪਣੇ ਪੇਕੇ ਪਿੰਡ ਨੌਧੇਮਾਜਰਾ ਵਿਖੇ ਬਣ ਰਹੇ ਮਕਾਨ ਦੇ ਕੰਮਕਾਜ ਸਬੰਧੀ ਆਈ ਹੋਈ ਸੀ। ਬੀਤੀ ਰਾਤ ਕਰੀਬ 9 ਵਜੇ ਉਹ ਮੋਬਾਇਲ ਫੋਨ ’ਤੇ ਕਿਸੇ ਨਾਲ ਗੱਲ ਕਰਦੀ ਕਰਦੀ ਘਰੋਂ ਬਾਹਰ ਚਲੀ ਗਈ ਅਤੇ ਵਾਪਸ ਨਹੀਂ ਆਈ। ਕਾਫ਼ੀ ਦੇਰ ਤੱਕ ਪਰਿਵਾਰ ਨੇ ਭਾਲ ਕੀਤੀ ਤੇ ਜਿਸ ਸਬੰਧੀ ਕੁਝ ਵੀ ਪਤਾ ਨਾ ਚੱਲ ਸਕਿਆ ਪਰ ਜਦੋਂ ਉਹ ਸਵੇਰ ਸਮੇਂ ਉਹ ਘਰ ਲਾਗੇ ਗੌਬਰ ਸੁੱਟਣ ਲਈ ਗਈ ਤਾਂ ਉਸਨੇ ਆਪਣੀ ਭੈਣ ਦੀਆਂ ਚਪਲਾਂ ਖੇਤਾਂ ’ਚ ਪਈਆਂ ਦੇਖੀਆਂ ਤੇ ਥੋੜਾ ਅੱਗੇ ਜਾਣ ’ਤੇ ਉਸ ਦੀ ਭੈਣ ਮਨਜਿੰਦਰ ਕੌਰ ਦੀ ਲਾਸ਼ ਵੀ ਉੱਥੇ ਪਈ ਹੋਈ ਸੀ, ਜਿਸ ਦੇ ਚਿਹਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਏ ਸਨ।

ਉਕਤ ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਪੀ. ਡੀ. ਰੂਪਨਗਰ, ਡੀ. ਐੱਸ. ਪੀ. ਰੂਪਨਗਰ, ਡੀ. ਐੱਸ. ਪੀ. ਅਨੰਦਪੁਰ ਸਾਹਿਬ, ਸੀ. ਆਈ. ਏ. ਇੰਚਾਰਜ ਰੂਪਨਗਰ ਅਤੇ ਸਥਾਨਕ ਥਾਣਾ ਮੁਖੀ ਮੌਕੇ ’ਤੇ ਪਹੁੰਚੇ ਜਿਨ੍ਹਾਂ ਵੱਲੋਂ ਮੌਕੇ ’ਤੇ ਫੋਰੈਂਸਿਕ ਮਾਹਰ ਟੀਮ ਨੂੰ ਬੁਲਾ ਕੇ ਗਹਿਰਾਈ ਨਾਲ ਜਾਂਚ ਆਰੰਭ ਕੀਤੀ।
ਇਸ ਸਬੰਧੀ ਸਥਾਨਕ ਥਾਣਾ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ ’ਤੇ ਜਾ ਕੇ ਸਮੁੱਚੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਜਿਆ ਗਿਆ ਹੈ ਉਪਰੰਤ ਹੀ ਸਮੁੱਚੀ ਸਥਿਤੀ ਸਪੱਸ਼ਟ ਹੋਵੇਗੀ। ਉਨ੍ਹਾਂ ਕਿਹਾ ਮ੍ਰਿਤਕਾ ਦੀ ਕਾਲ ਡਿਟੇਲ, ਪਿੰਡ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਅਤੇ ਟੈਕਨੀਕਲ ਵਿਧੀ ਸਹਿਤ ਹਰ ਐਂਗਲ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਥਿਤ ਦੋਸ਼ੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਕਾਤਲਾਂ ਦੇ ਨਾ ਫੜ੍ਹੇ ਜਾਣ ਤੱਕ ਪਰਿਵਾਰ ਵੱਲੋਂ ਸਸਕਾਰ ਨਾ ਕਰਨ ਦਾ ਫ਼ੈਸਲਾ
ਇਸ ਸਬੰਧੀ ਮ੍ਰਿਤਕਾ ਦੇ ਪਤੀ ਕੁਲਦੀਪ ਸਿੰਘ ਨਿਵਾਸੀ ਸਿੰਬਲਮਾਜਰਾ, ਮਾਤਾ ਸੁਰਿੰਦਰ ਕੌਰ, ਪਿਤਾ ਗੁਰਮੁਖ ਸਿੰਘ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਬੇਟੀ ਦੇ ਕਾਤਲਾਂ ਦਾ ਪਤਾ ਨਹੀਂ ਲੱਗ ਜਾਂਦਾ ਉਦੋਂ ਤੱਕ ਉਸ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸ ਸਮੇਂ ਧਰਮਿੰਦਰ ਭਿੰਦਾ, ਗੁਰਬਚਨ ਸਿੰਘ, ਸਰਪੰਚ ਬਲਵਿੰਦਰ ਸਿੰਘ, ਸਾ. ਸਰਪੰਚ ਗੁਰਚੈਨ ਸਿੰਘ ਗਰੇਵਾਲ, ਮੋਹਨ ਸਿੰਘ ਧਮਾਣਾ, ਰਾਮ ਕੁਮਾਰ ਅਤੇ ਸਾ. ਸਰਪੰਚ ਭੋਲਾ ਰਾਮ ਆਦਿ ਪਰਿਵਾਰਕ ਮੈਂਬਰ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com