ਵਾਸ਼ਿੰਗਟਨ – ਟਰੰਪ ਟੈਰਿਫ ਵਿਚਾਲੇ ਚੀਨ ਤੇ ਅਮਰੀਕਾ ਦੇ ਕਾਰੋਬਾਰੀ ਰਿਸ਼ਤੇ ਹੁਣ ਸੰਤੁਲਿਤ ਹੁੰਦੇ ਨਜ਼ਰ ਆ ਰਹੇ ਹਨ। ਅਸਲ ’ਚ ਅਮਰੀਕੀ ਕੰਪਨੀ ਬੋਇੰਗ ਚੀਨ ਨੂੰ 500 ਜੈੱਟ ਜਹਾਜ਼ ਵੇਚਣ ਲਈ ਗੱਲਬਾਤ ਕਰ ਰਹੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਹ ਸੰਭਾਵਤ ਆਰਡਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਿਛਲੇ ਕਾਰਜਕਾਲ ’ਚ ਚੀਨ ਦੀ ਯਾਤਰਾ ਤੋਂ ਬਾਅਦ ਬੋਇੰਗ ਜੈੱਟ ਜਹਾਜ਼ਾਂ ਦੀ ਪਹਿਲੀ ਵੱਡੀ ਖਰੀਦ ਹੋਵੇਗੀ।
ਚੀਨ ਕਰ ਰਿਹੈ ਘਰੇਲੂ ਏਅਰਲਾਈਨਜ਼ ਨਾਲ ਸਲਾਹ-ਮਸ਼ਵਰਾ
ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਜੈੱਟ ਜਹਾਜ਼ਾਂ ਦੇ ਮਾਡਲ, ਕਿਸਮਾਂ ਤੇ ਡਲਿਵਰੀ ਸ਼ਡਿਊਲ ਵਰਗੇ ਵੇਰਵਿਆਂ ’ਤੇ ਗੱਲਬਾਤ ਕਰ ਰਹੀਆਂ ਹਨ। ਇਸ ਦੇ ਨਾਲ ਹੀ ਇਹ ਆਰਡਰ ਦੁਨੀਆ ਦੀਆਂ 2 ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਾਲੇ ਵਪਾਰ ਸਮਝੌਤੇ ਦਾ ਕੇਂਦਰ ਬਿੰਦੂ ਹੋ ਸਕਦਾ ਹੈ। ਹਾਲਾਂਕਿ ਇਸ ਬਾਰੇ ਬੋਇੰਗ ਕੰਪਨੀ ਨੇ ਰਾਇਟਰਜ਼ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ।
ਜਾਣਕਾਰਾਂ ਦਾ ਕਹਿਣਾ ਹੈ ਕਿ ਇੰਨਾ ਵੱਡਾ ਸੌਦਾ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਹਵਾਬਾਜ਼ੀ ਬਾਜ਼ਾਰ ਵਿਚ ਬੋਇੰਗ ਲਈ ਵੱਡੀ ਪ੍ਰਾਪਤੀ ਹੋਵੇਗੀ, ਜਿੱਥੇ ਅਮਰੀਕਾ-ਚੀਨ ਵਪਾਰ ਤਣਾਅ ਕਾਰਨ ਆਰਡਰ ਰੁਕੇ ਹੋਏ ਹਨ। ਇਸ ਨਾਲ ਬੋਇੰਗ ਨੂੰ ਵਿਰੋਧੀ ਏਅਰਬੱਸ ਦੇ ਨਾਲ ਫਰਕ ਘੱਟ ਕਰਨ ’ਚ ਵੀ ਮਦਦ ਮਿਲੇਗੀ, ਜੋ ਪਿਛਲੇ ਕੁਝ ਸਾਲਾਂ ’ਚ ਚੀਨ ਵਿਚ ਕਾਫੀ ਅੱਗੇ ਨਿਕਲ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨੀ ਅਧਿਕਾਰੀਆਂ ਨੇ ਬੋਇੰਗ ਜੈੱਟ ਜਹਾਜ਼ਾਂ ਦੀਆਂ ਆਪਣੀਆਂ ਲੋੜਾਂ ’ਤੇ ਘਰੇਲੂ ਏਅਰਲਾਈਨਜ਼ ਨਾਲ ਸਲਾਹ-ਮਸ਼ਵਰਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਬੋਇੰਗ ਨੂੰ ਮਿਲੇ ਹਨ ਵੱਡੇ ਆਰਡਰ
ਇਸ ਸਾਲ ਟਰੰਪ ਦੀਆਂ ਡਿਪਲੋਮੈਟਿਕ ਯਾਤਰਾਵਾਂ ’ਚ ਜੈੱਟ ਜਹਾਜ਼ਾਂ ਦੀ ਖਰੀਦ ਦਾ ਮੁੱਦਾ ਤੇਜ਼ੀ ਨਾਲ ਉਭਰਿਆ ਹੈ। ਸਾਲ ਦੇ ਸ਼ੁਰੂ ਵਿਚ ਮੱਧ ਪੂਰਬ ਦੀ ਆਪਣੀ ਯਾਤਰਾ ਦੌਰਾਨ ਬੋਇੰਗ ਨੂੰ ਆਪਣੇ ਹੁਣ ਤਕ ਦੇ ਕੁਝ ਸਭ ਤੋਂ ਵੱਡੇ ਆਰਡਰ ਮਿਲੇ ਹਨ, ਜਿਨ੍ਹਾਂ ਵਿਚ ਕਤਰ ਏਅਰਵੇਜ਼ ਨੇ 160 ਵਾਈਡਬਾਡੀ ਜੈੱਟ ਖਰੀਦਣ ’ਤੇ ਸਹਿਮਤੀ ਜ਼ਾਹਿਰ ਕੀਤੀ ਹੈ, ਨਾਲ ਹੀ 50 ਹੋਰ ਜਹਾਜ਼ਾਂ ਦੇ ਬਦਲ ਅਤੇ ਜੀ. ਈ. ਏਅਰੋਸਪੇਸ ਦੇ ਇੰਜਣ ਵੀ ਲੱਗਭਗ 96 ਅਰਬ ਡਾਲਰ ਦੇ ਪੈਕੇਜ ਵਿਚ ਸ਼ਾਮਲ ਕੀਤੇ ਹਨ। ਸਾਊਦੀ ਅਰਬ ’ਚ ਸਰਕਾਰੀ ਅਧਿਕਾਰ ਵਾਲੀ ਲੀਜ਼ਰ ਕੰਪਨੀ ਐਵੀਲੀਜ਼ ਨੇ 20 ਬੋਇੰਗ 737 ਮੈਕਸ ਜਹਾਜ਼ਾਂ ਦਾ ਆਰਡਰ ਦਿੱਤਾ ਹੈ, ਜਿਸ ਵਿਚ 10 ਹੋਰ ਜਹਾਜ਼ਾਂ ਦੇ ਬਦਲ ਵੀ ਸ਼ਾਮਲ ਹਨ।
Credit : www.jagbani.com