ਰਾਣੇ ਤੇ ਰਾਵਣ ’ਚ ਨਹੀਂ ਕੋਈ ਫਰਕ : ਕੁਲਬੀਰ ਜ਼ੀਰਾ

ਰਾਣੇ ਤੇ ਰਾਵਣ ’ਚ ਨਹੀਂ ਕੋਈ ਫਰਕ : ਕੁਲਬੀਰ ਜ਼ੀਰਾ

ਜਲੰਧਰ- ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ‘ਜਗ ਬਾਣੀ’ ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਉਨ੍ਹਾਂ ਨੂੰ ਖਡੂਰ ਸਾਹਿਬ ਹਲਕੇ ਦੀ ਚੋਣ ਰਾਣਾ ਗੁਰਜੀਤ ਸਿੰਘ ਨੇ ਹਰਵਾਈ ਹੈ। ਇਹ ਸਾਰਾ ਪ੍ਰਤੀਕਰਮ ਜ਼ੀਰਾ ਨੇ ਇਸ ਕਰ ਕੇ ਦਿੱਤਾ, ਕਿਉਂਕਿ ਬੀਤੇ ਦਿਨੀਂ ਇਕ ਇੰਟਰਵਿਊ ਵਿਚ ਰਾਣਾ ਗੁਰਜੀਤ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੁਲਬੀਰ ਸਿੰਘ ਜ਼ੀਰਾ ਦੀ ਮਦਦ ਕਰ ਕੇ ਗਲਤੀ ਕੀਤੀ ਹੈ। ਇਸ ਦੌਰਾਨ ਕੁਲਬੀਰ ਸਿੰਘ ਜ਼ੀਰਾ ਨੇ ਰਾਣਾ ਗੁਰਜੀਤ ਸਿੰਘ ਨੂੰ ‘ਸਲੀਪਰ ਸੈੱਲ’ ਦੱਸਦਿਆਂ ਹਾਈਕਮਾਨ ਅੱਗੇ ਉਨ੍ਹਾਂ ਨੂੰ ਪਾਰਟੀ ’ਚੋਂ ਕੱਢਣ ਤਕ ਦੀ ਅਪੀਲ ਕਰ ਦਿੱਤੀ। ਪੇਸ਼ ਹੈ ਕੁਲਬੀਰ ਸਿੰਘ ਜ਼ੀਰਾ ਨਾਲ ਪੂਰੀ ਗੱਲਬਾਤ :

ਕਾਂਗਰਸ ’ਚ ਸਭ ਸੁੱਖ-ਸਾਂਦ ਹੈ?

ਕਿਰਪਾ ਹੈ ਗੁਰੂ ਸਾਹਿਬ ਦੀ। ਜਦੋਂ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਕਾਂਗਰਸ ਉੱਪਰ ਮਾੜਾ ਸਮਾਂ ਸੀ, ਉਦੋਂ ਕੋਈ ਵੀ ਪਾਰਟੀ ਦੀ ਕਮਾਨ ਸੰਭਾਲਣ ਨੂੰ ਤਿਆਰ ਨਹੀਂ ਸੀ। ਮਾੜੇ ਦਿਨਾਂ ਵਿਚ ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜ਼ਿੰਮੇਵਾਰੀ ਦਿੱਤੀ। ਅੱਜ ਕਾਂਗਰਸ ਰਾਜਾ ਵੜਿੰਗ, ਪ੍ਰਤਾਪ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਕਰ ਕੇ ਇੱਥੋਂ ਤਕ ਪਹੁੰਚੀ ਹੈ। ਇਹ ਸਾਰੇ ਲੀਡਰ ਹਰ ਸਟੇਜ ਉੱਪਰ ਇਕਜੁੱਟ ਨਜ਼ਰ ਆਉਂਦੇ ਹਨ। ਬਾਕੀ ਰਹੀ ਗੱਲ ਮੁੱਖ ਮੰਤਰੀ ਦੇ ਕਈ ਦਾਅਵੇਦਾਰ ਹੋਣ ਦੀ ਤਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਵਿਆਹ ਵਾਲਾ ਘਰ ਰੌਣਕਾਂ ਤੋਂ ਹੀ ਪਤਾ ਲੱਗਦਾ ਹੈ। ਅੱਜ ਲੋਕ ਇਹ ਗੱਲ ਕਹਿੰਦੇ ਹਨ ਕਿ ਅਗਲੀ ਸਰਕਾਰ ਕਾਂਗਰਸ ਦੀ ਆਵੇਗੀ। ਹਰ ਬੰਦਾ ਆਪੋ-ਆਪਣੀ ਦਾਅਵੇਦਾਰੀ ਪੇਸ਼ ਕਰਦਾ ਹੈ, ਫ਼ੈਸਲਾ ਹਾਈਕਮਾਨ ਨੇ ਕਰਨਾ ਹੈ। ਲੁਧਿਆਣਾ ਜ਼ਿਮਨੀ ਚੋਣ ਵੇਲੇ ਵੀ ਸਾਰਾ ਰੌਲਾ ਕ੍ਰੈਡਿਟ ਦਾ ਸੀ। ਇਸ ਲਈ ਉੱਥੇ ਇਨ੍ਹਾਂ ਲੀਡਰਾਂ ਦੀ ਨਾ ਤਾਂ ਫੋਟੋ ਲਗਾਈ ਗਈ ਤੇ ਨਾ ਹੀ ਬੁਲਾਇਆ ਗਿਆ। ਇਸ ਦਾ ਨਤੀਜਾ ਕਾਂਗਰਸ ਭੁਗਤ ਰਹੀ ਹੈ।

ਰਾਣਾ ਜੀ ਕਹਿੰਦੇ ਨੇ ਕਿ ਉਨ੍ਹਾਂ ਨੇ ਖਡੂਰ ਸਾਹਿਬ ’ਚ ਤੁਹਾਡੀ ਮਦਦ ਕਰ ਕੇ ਗਲਤੀ ਕੀਤੀ ਹੈ?

ਰਾਣਾ ਗੁਰਜੀਤ ਸਿੰਘ ਦੀ ਉਮਰ ਤਕਰੀਬਨ 70 ਸਾਲ ਹੋ ਗਈ ਹੈ। ਜਦੋਂ ਬੰਦੇ ਦੀ ਉਮਰ 70-72 ਸਾਲ ਹੋ ਜਾਵੇ ਤਾਂ ਲੋਕ ਉਸ ਦੀਆਂ ਗੱਲਾਂ ’ਤੇ ਜ਼ਿਆਦਾ ਯਕੀਨ ਨਹੀਂ ਕਰਦੇ। ਮੈਂ ਫਿਰੋਜ਼ਪੁਰ ਹਲਕੇ ਤੋਂ ਲੋਕ ਸਭਾ ਚੋਣਾਂ ਦੀ ਤਿਆਰੀ ਕਰ ਰਿਹਾ ਸੀ, ਉੱਥੋਂ ਮੈਨੂੰ ਖਡੂਰ ਸਾਹਿਬ ਲਿਆਉਣ ਵਾਲੇ ਰਾਣਾ ਗੁਰਜੀਤ ਸਿੰਘ ਹੀ ਸਨ। ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨਗੇ। ਮੈਂ ਉਨ੍ਹਾਂ ਨੂੰ ਆਪਣੇ ਪਿਤਾ ਬਰਾਬਰ ਮੰਨ ਕੇ ਭਰੋਸਾ ਕੀਤਾ ਪਰ ਇਹ ਸਮਝ ਹੀ ਨਹੀਂ ਸਕਿਆ ਕਿ ਮੈਨੂੰ ਇੱਥੇ ਲਿਆ ਕੇ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਮੈਨੂੰ ਬਾਕੀ ਲੀਡਰਸ਼ਿਪ ਨੇ ਵੀ ਪੁੱਛਿਆ ਕਿ ਰਾਣਾ ਗੁਰਜੀਤ ਸਿੰਘ ਖ਼ੁਦ ਖਡੂਰ ਸਾਹਿਬ ਤੋਂ ਚੋਣ ਕਿਉਂ ਨਹੀਂ ਲੜ ਰਹੇ? ਰਾਣਾ ਗੁਰਜੀਤ ਸਿੰਘ ਨੂੰ ਖਡੂਰ ਸਾਹਿਬ ਤੋਂ ਚੋਣ ਲੜਨੀ ਚਾਹੀਦੀ ਸੀ। ਇਥੋਂ ਦੇ 9 ਹਲਕਿਆਂ ਵਿਚੋਂ ਇਕ ਹਲਕੇ ਤੋਂ ਉਹ ਖ਼ੁਦ ਵਿਧਾਇਕ ਹਨ ਤੇ ਇਕ ਤੋਂ ਇਨ੍ਹਾਂ ਦਾ ਪੁੱਤਰ ਹੈ। ਖੁਦ ਖਡੂਰ ਸਾਹਿਬ ਛੱਡ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਭੱਜਣ ਪਿੱਛੇ ਜਾਂ ਤਾਂ ਰਾਣਾ ਗੁਰਜੀਤ ਸਿੰਘ ਦੀ ਕੋਈ ਸੈਟਿੰਗ ਸੀ ਜਾਂ ਉਹ ਅੰਮ੍ਰਿਤਪਾਲ ਸਿੰਘ ਤੋਂ ਡਰਦੇ ਸੀ।

ਹਾਰ ਤਾਂ ਤੁਹਾਡੀ ਜ਼ੀਰੇ ਹਲਕੇ ਤੋਂ ਵੀ ਹੋਈ ਸੀ, ਇਸ ਬਾਰੇ ਕੀ ਕਹੋਗੇ?

ਮੈਂ ਚੋਣ ਨਤੀਜੇ ਵਾਲੇ ਦਿਨ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਕਿ ਮੈਂ ਦੂਜੇ ਨੰਬਰ ’ਤੇ ਰਿਹਾ ਤੇ ਅੰਮ੍ਰਿਤਪਾਲ ਸਿੰਘ ਜੇਤੂ ਰਹੇ। ਮੈਂ ਬਾਣੇ ਦਾ ਸਤਿਕਾਰ ਕਰਦਾ ਹਾਂ ਤੇ ਅੱਜ ਵੀ ਕਹਿੰਦਾ ਹਾਂ ਕਿ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨਾ ਚਾਹੀਦਾ ਹੈ ਤੇ ਸਿੱਖਾਂ ’ਤੇ ਅੱਤਿਆਚਾਰ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਚੋਣਾਂ ਵਿਚ ਹਾਰੇ ਜ਼ਰੂਰ ਪਰ ਸਰਕਾਰ ਤੋਂ ਨਹੀਂ। ਸਰਕਾਰ ਤੀਜੇ ਨੰਬਰ ’ਤੇ ਰਹੀ। ਜੇ ਉਨ੍ਹਾਂ ਚੋਣਾਂ ਵਿਚ ਵੜਿੰਗ, ਰੰਧਾਵਾ, ਡਿੰਪਾ ਤੇ ਚੀਮਾ ਖੁੱਲ੍ਹ ਕੇ ਪ੍ਰਚਾਰ ਕਰ ਪਾਉਂਦੇ ਤਾਂ ਮੈਨੂੰ ਜ਼ਿਆਦਾ ਵੋਟਾਂ ਪੈ ਸਕਦੀਆਂ ਸਨ।

ਰਾਜਾ ਵੜਿੰਗ ਰਾਣੇ ਤੋਂ ਕੱਦਾਵਰ ਨੇਤਾ

ਲੀਡਰ ਉਮਰ ਤੇ ਪੈਸੇ ਨਾਲ ਵੱਡਾ ਨਹੀਂ ਹੁੰਦਾ, ਪਾਰਟੀ ਵਫ਼ਾਦਾਰੀ ਵੇਖਦੀ ਹੈ। ਰਾਣਾ ਗੁਰਜੀਤ ਸਿੰਘ 70 ਸਾਲਾਂ ਦੇ ਹੋਣ ਦੇ ਬਾਵਜੂਦ 45-50 ਸਾਲ ਦੇ ਰਾਜਾ ਵੜਿੰਗ ਤੋਂ ਪਿੱਛੇ ਹਨ। ਰਾਣਾ ਗੁਰਜੀਤ ਸਿੰਘ ’ਚ ਬਹੁਤ ਹੰਕਾਰ ਹੈ। ਰਾਣੇ ਤੇ ਰਾਵਣ ਵਿਚ ਕੋਈ ਜ਼ਿਆਦਾ ਫ਼ਰਕ ਨਹੀਂ। ਰਾਵਣ ਵੀ ਬਹੁਤ ਗੁਣੀ-ਗਿਆਨੀ ਸੀ, ਰਾਵਣ ਨੂੰ ਵੀ ਉਸ ਦਾ ਹੰਕਾਰ ਲੈ ਬੈਠਾ। ਮੈਂ ਇਕ ਚਿੱਠੀ ਵੀ ਪਾਰਟੀ ਹਾਈਕਮਾਨ ਨੂੰ ਲਿਖੀ ਹੈ ਕਿ ਅਨੁਸ਼ਾਸਨ ਭੰਗ ਕਰਨ ਵਾਲੇ ਲੋਕਾਂ ਨੂੰ ਪਾਰਟੀ ’ਚੋਂ ਚੱਲਦਾ ਕਰਨਾ ਚਾਹੀਦਾ ਹੈ।

ਰਾਣਾ ਜੀ ਕਹਿੰਦੇ ਨੇ ਕਿ ਉਹ ਇਸ ਵਾਰ ਦੋ ਟਿਕਟਾਂ ਹਾਈਕਮਾਂਡ ਤੋਂ ਲੈਣਗੇ?

ਉਨ੍ਹਾਂ ਦੇ ਪੁੱਤਰ ਨੂੰ ਕਾਂਗਰਸ ਵਿਚ ਸ਼ਾਮਲ ਕਰਨਾ ਤਾਂ ਦੂਰ ਸਗੋਂ ਰਾਣੇ ਨੂੰ ਵੀ ਕਾਂਗਰਸ ਵਿਚੋਂ ਬਾਹਰ ਕੱਢਣਾ ਚਾਹੀਦਾ ਹੈ, ਜਿਹੜੇ ਹਰ ਕਾਂਗਰਸੀ ਉਮੀਦਵਾਰ ਦਾ ਵਿਰੋਧ ਕਰਦੇ ਹਨ। ਰਾਹੁਲ ਗਾਂਧੀ ਜਿਹੜੇ ‘ਸਲੀਪਰ ਸੈੱਲਸ’ ਦਾ ਜ਼ਿਕਰ ਕਰਦੇ ਹਨ, ਉਹ ਰਾਣਾ ਗੁਰਜੀਤ ਸਿੰਘ ਵਰਗੇ ਹੀ ਹਨ। ਇਨ੍ਹਾਂ ਨੇ ਕਾਂਗਰਸੀ ਉਮੀਦਵਾਰ ਨਵਤੇਜ ਚੀਮਾ ਖ਼ਿਲਾਫ਼ ਆਪਣੇ ਪੁੱਤਰ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਜਿਤਾਈ ਤੇ ਆਪਣਾ ਪੁੱਤਰ ਭਗਵੰਤ ਮਾਨ ਨੂੰ ਗਿਫ਼ਟ ਕਰ ਦਿੱਤਾ। ਉਸ ਤੋਂ ਬਾਅਦ ਆਪਣੇ ਜਲੰਧਰ ਵਾਲੇ ‘ਪੁੱਤਰ’ ਨਾਲ ਰਾਤ ਨੂੰ ਡਿਨਰ ਕੀਤਾ ਤੇ ਫ਼ਿਰ ਉਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਡੀ ’ਚ ਚੜ੍ਹਾ ਦਿੱਤਾ ਤੇ ਜਲੰਧਰ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਕੋਲੋਂ ਟਿਕਟ ਦੁਆ ਕੇ ਮੈਂਬਰ ਪਾਰਲੀਮੈਂਟ ਬਣਵਾਇਆ। ਪਾਰਟੀ ਹਾਈਕਮਾਨ ਨੇ ਇਨ੍ਹਾਂ ਨੂੰ ਕੈਂਪੇਨਿੰਗ ਕਮੇਟੀ ਦਾ ਚੇਅਰਮੈਨ ਲਗਾਇਆ ਤੇ ਇਹ ਵੋਟਾਂ ਤੋਂ ਚਾਰ ਦਿਨ ਪਹਿਲਾਂ ਵਿਦੇਸ਼ ਚਲੇ ਗਏ, ਤਾਂ ਜੋ ਉਨ੍ਹਾਂ ਦੇ ਪੁੱਤਰ ਦੀ ਮਦਦ ਹੋ ਸਕੇ। ਪੁੱਤਰ ਦੇ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਨੇ ਇਨ੍ਹਾਂ ਨੂੰ ਗਿਫ਼ਟ ਦੇ ਤੌਰ ’ਤੇ ਇਥਾਨੋਲ ਦਾ ਲਾਇਸੈਂਸ ਜਾਰੀ ਕੀਤਾ।

ਇੰਨੇ ਵਿਰੋਧ ਦੇ ਬਾਵਜੂਦ ਰਾਣਾ ਗੁਰਜੀਤ ਸਿੰਘ ਦੀ ਬੇਫ਼ਿਕਰੀ ਦੀ ਵਜ੍ਹਾ ਕੀ ਹੈ?

ਮੈਂ ਰਾਣਾ ਗੁਰਜੀਤ ਸਿੰਘ ਤੋਂ ਵੱਧ ਬੇਫ਼ਿਕਰ ਹਾਂ ਪਰ ਮੈਂ ਕਿਸੇ ਨਾਲ ਸੈਟਿੰਗ ਨਹੀਂ ਕਰਦਾ। 2017 ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਦੀਆਂ ਸਾਰੀਆਂ ਕੰਪਨੀਆਂ ਕਰਜ਼ਾਈ ਸੀ ਤੇ ਬੈਂਕਾਂ ਤੋਂ ਡਿਫ਼ਾਲਟਰ ਸੀ। ਇਹ ਕਾਂਗਰਸ ਸਰਕਾਰ ਵੇਲੇ ਪਹਿਲਾ ਮੰਤਰੀ ਸੀ, ਜਿਸ ਤੋਂ ਮੁੱਖ ਮੰਤਰੀ ਨੇ ਅਸਤੀਫ਼ਾ ਮੰਗਿਆ। ਇਹ ‘ਰੇਤ ਮਾਫ਼ੀਆ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਸ ਨੇ ਆਪਣੇ ਬਹਾਦਰ ਦੇ ਨਾਂ ’ਤੇ ਠੇਕੇ ਲਏ, ਵੱਡੇ ਘਪਲੇ ਕੀਤੇ। ਇਸ ਲਈ ਦਿੱਲੀ ਹਾਈਕਮਾਨ ਦੇ ਕਹਿਣ ’ਤੇ ਇਸ ਤੋਂ ਅਸਤੀਫ਼ਾ ਮੰਗਿਆ ਗਿਆ।

ਉਸ ਵੇਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਧਾਨ ਸਭਾ ਵਿਚ ਮੁੱਖ ਮੰਤਰੀ ਤੇ ਖਜ਼ਾਨਾ ਮੰਤਰੀ ਤੋਂ ਪੁੱਛਿਆ ਸੀ ਕਿ ਤੁਸੀਂ ਐਕਸਾਈਜ਼ ਤੋਂ 6600 ਕਰੋੜ ਰੁਪਏ ਦਾ ਮੁਨਾਫ਼ਾ ਕਮਾਉਣ ਦੀਆਂ ਗੱਲਾਂ ਕਰਦੇ ਸੀ ਪਰ ਇਹ ਪੈਸੇ ਹੁਣ ਕਿੱਧਰ ਜਾ ਰਹੇ ਹਨ? ਇਸ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ ਤੇ ਸੰਗਤ ਸਿੰਘ ਗਿਲਜੀਆਂ ਨੂੰ ਫ਼ਾਰਮ ਹਾਊਸ ’ਚ ਬੁਲਾਇਆ ਤੇ ਉਨ੍ਹਾਂ ਨੂੰ ਵਿਧਾਨ ਸਭਾ ਵਿਚ ਇਹ ਮੁੱਦਾ ਨਾ ਚੁੱਕਣ ਲਈ ਕਿਹਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਮਜਬੂਰ ਹਨ, ਉਹ ਰਾਣਾ ਗੁਰਜੀਤ ਸਿੰਘ ’ਤੇ ਪਰਚਾ ਕਿਵੇਂ ਕਰਵਾ ਦੇਣ? ਉਨ੍ਹਾਂ ਨੇ ਦੱਸਿਆ ਸੀ ਕਿ ਰਾਣਾ ਗੁਰਜੀਤ ਸਿੰਘ ਇਕ ਟਰੱਕ ਦੀ ਐਕਸਾਈਜ਼ ਭਰਦਾ ਹੈ ਤੇ 50 ਟਰੱਕ ਦੋ ਨੰਬਰ ਵਿਚ ਲੰਘਾਉਂਦਾ ਹੈ।

ਇਸੇ ਕਰ ਕੇ ਇਨ੍ਹਾਂ ਦਾ ਟਰਨਓਵਰ 5 ਹਜ਼ਾਰ ਕਰੋੜ ਰੁਪਏ ਹੈ। ਹੁਣ ਇਨ੍ਹਾਂ ਨੇ ਆਪਣਾ ਮੁੰਡਾ ਤੇ ਜਲੰਧਰ ਵਾਲਾ ‘ਪੁੱਤਰ’ ਗਿਫ਼ਟ ਕਰ ਦਿੱਤਾ, ਯੂ. ਪੀ. ਵਿਚ ਇਨ੍ਹਾਂ ਦੇ ਯੋਗੀ ਨਾਲ ਕਾਰੋਬਾਰ ਸਾਂਝੇ ਹਨ। ਹੁਣ ਤਕ ਤਾਂ ਇਹ ਟਰਨਓਵਰ 10 ਹਜ਼ਾਰ ਕਰੋੜ ਰੁਪਏ ਦੀ ਹੋ ਚੁੱਕੀ ਹੋਵੇਗੀ। ਇਹ ਸਿਆਸਤ ਵਿਚ ਸਿਰਫ਼ ਕਾਰੋਬਾਰ ਸੈੱਟ ਕਰਨ ਲਈ ਆਏ ਸੀ। ਹੁਣ ਕਾਰੋਬਾਰ ਸੈੱਟ ਕਰ ਕੇ ਆਪਣੇ-ਆਪ ਨੂੰ ਸਿਆਸੀ ਜੀਵਨ ਵਿਚ ਵੀ ਸੈੱਟ ਕਰਨਾ ਚਾਹੁੰਦੇ ਹਨ। ਰਾਣਾ ਗੁਰਜੀਤ ਸਿੰਘ ਸਿਰਫ਼ ਕਾਰੋਬਾਰ ਹੀ ਕਰ ਸਕਦੇ ਹਨ, ਸਿਆਸਤ ਨਹੀਂ। ਸਿਆਸਤ ਉਨ੍ਹਾਂ ਲੋਕਾਂ ਦਾ ਕੰਮ ਹੈ, ਜਿਹੜੇ ਵਫ਼ਾਦਾਰੀ ਤੇ ਇਮਾਨਦਾਰੀ ਨਾਲ ਸਿਆਸਤ ਕਰਦੇ ਹਨ, ਕਾਰੋਬਾਰ ਨੂੰ ਅੱਗੇ ਰੱਖ ਕੇ ਨਹੀਂ।

ਇਸ ਹਿਸਾਬ ਨਾਲ ਮੰਨਿਆ ਜਾਵੇ ਕਿ ਰਾਣਾ ਮਜ਼ਬੂਤ ਲੀਡਰ ਹੈ ਤਾਂ ਹੀ ਉਨ੍ਹਾਂ ਖਿਲਾਫ ਕਾਰਵਾਈ ਨਹੀਂ ਹੋਈ?

ਰਾਣਾ ਭਾਜਪਾ ਤੇ ਭਗਵੰਤ ਮਾਨ ਦੀ ਬੋਲੀ ਬੋਲਦੇ ਹਨ। ਇਨ੍ਹਾਂ ਦੀ ਦਿੱਲੀ ਵੀ ਸੈਟਿੰਗ ਹੈ ਤੇ ਇੱਥੇ ਵੀ। ਇਨ੍ਹਾਂ ਨੇ ਥੋੜ੍ਹੇ ਦਿਨ ਪਹਿਲਾਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੀਟਿੰਗ ਕੀਤੀ ਤੇ ਕਿਹਾ ਕਿ ਮੈਨੂੰ ਪ੍ਰਧਾਨ ਤੇ ਮੁੱਖ ਮੰਤਰੀ ਐਲਾਨ ਦਿਓ, ਮੈਂ ਭਾਜਪਾ ਵਿਚ ਸ਼ਾਮਲ ਹੋਣ ਨੂੰ ਤਿਆਰ ਹਾਂ। ਜੇ ਕਿਸੇ ਦੀ ਸਾਰੇ ਪਾਸੇ ਹੀ ਸੈਟਿੰਗ ਹੋਵੇ ਤਾਂ ਦਿੱਲੀ ਹਾਈਕਮਾਨ ਨੂੰ ਇਸ ਗੱਲ ਦੀ ਪਛਾਣ ਹੋਣੀ ਚਾਹੀਦੀ ਹੈ ਕਿ ‘ਸਲੀਪਰ ਸੈੱਲ’ ਕਿਹੜੇ ਹਨ। ਇਹੋ ਜਿਹੇ ‘ਸਲੀਪਰ ਸੈੱਲ’ ਪਾਰਟੀ ਵਿਚੋਂ ਬਾਹਰ ਕੱਢੇ ਜਾਣੇ ਚਾਹੀਦੇ ਹਨ।

ਰੇਤ ਵਾਲੇ ਮਸਲੇ ’ਚ ਤੁਹਾਡੇ ਮੁੱਖ ਮੰਤਰੀ ਨੇ ਹੀ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਸੀ?

ਇਹ ਕਲੀਨ ਚਿੱਟ ਕੈਪਟਨ ਅਮਰਿੰਦਰ ਸਿੰਘ ਦੇ ਕਮਿਸ਼ਨ ਨੇ ਦਿੱਤੀ। ਜੇ ਉਸ ਨੂੰ ਹਾਈ ਕੋਰਟ, ਸੁਪਰੀਮ ਕੋਰਟ ਜਾਂ ਕਿਸੇ ਹੋਰ ਕਮਿਸ਼ਨ ਤੋਂ ਕਲੀਨ ਚਿੱਟ ਮਿਲੇ ਤਾਂ ਮੈਂ ਉਸ ਨੂੰ ਕਲੀਨ ਚਿੱਟ ਮੰਨਦਾ। ਜਿਵੇਂ ਮੌਜੂਦਾ ਸਰਕਾਰ ਆਪਣੇ ਮੰਤਰੀਆਂ ਨੂੰ ਆਪ ਹੀ ਕਲੀਨ ਚਿੱਟ ਦੇ ਰਹੀ ਹੈ, ਇਹੀ ਹਾਲਾਤ ਉਦੋਂ ਸਾਡੀ ਸਰਕਾਰ ਵੇਲੇ ਵੀ ਸੀ। ਪਹਿਲਾਂ ਅਸਤੀਫ਼ਾ ਲਿਆ, ਫ਼ਿਰ ਜਾਂਚ ਕਰਵਾਈ ਤੇ ਫ਼ਿਰ ਆਪਣੇ ਹੀ ਕਮਿਸ਼ਨ ਤੋਂ ਕਲੀਨ ਚਿੱਟ ਦਿਵਾ ਦਿੱਤੀ।

ਸ਼ਰਤ ਰੱਖੀ ਕਿ ਵੜਿੰਗ, ਰੰਧਾਵਾ, ਡਿੰਪਾ ਤੇ ਚੀਮਾ ਨਾ ਆਉਣ

ਜਦੋਂ ਮੈਨੂੰ ਟਿਕਟ ਮਿਲੀ ਤਾਂ ਅੰਮ੍ਰਿਤਸਰ ਵਿਚ ਰਾਣਾ ਗੁਰਜੀਤ ਸਿੰਘ ਨੇ ਇਕ ਮੀਟਿੰਗ ਸੱਦੀ, ਜਿਸ ਵਿਚ ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਦੇ ਸਾਥੀ ਮੌਜੂਦ ਸਨ। ਇਸ ਮੀਟਿੰਗ ’ਚ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ, ‘ਇਸ ਹਲਕੇ ਤੋਂ ਤੂੰ ਤਾਂ ਹੀ ਜਿੱਤ ਸਕਦਾ ਹੈਂ ਜੇ ਰਾਣਾ ਤੇਰੀ ਮਦਦ ਕਰੇ।’ ਮੇਰੀ ਮਦਦ ਕਰਨ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਨੇ ਕੁਝ ਸ਼ਰਤਾਂ ਰੱਖੀਆਂ ਕਿ ਰਾਜਾ ਵੜਿੰਗ ਤੇ ਸੁਖਜਿੰਦਰ ਸਿੰਘ ਰੰਧਾਵਾ ਖਡੂਰ ਸਾਹਿਬ ਹਲਕੇ ਵਿਚ ਨਾ ਆਉਣ। ਇਸ ਦੇ ਨਾਲ ਹੀ ਰਾਣਾ ਗੁਰਜੀਤ ਸਿੰਘ ਨੇ ਸੁਲਤਾਨਪੁਰ ਤੋਂ ਕਾਂਗਰਸੀ ਉਮੀਦਵਾਰ ਨਵਤੇਜ ਸਿੰਘ ਚੀਮਾ ਦੇ ਖ਼ਿਲਾਫ਼ ਬੋਲਣ ਅਤੇ ਜਸਬੀਰ ਸਿੰਘ ਗਿੱਲ ਡਿੰਪਾ ਤੋਂ ਖੁੱਲ੍ਹ ਕੇ ਮਦਦ ਨਾ ਲੈਣ ਲਈ ਵੀ ਕਿਹਾ। ਜਿਹੋ ਜਿਹੀ ‘ਮਦਦ’ ਰਾਣਾ ਗੁਰਜੀਤ ਸਿੰਘ ਨੇ ਮੇਰੀ ਕੀਤੀ ਹੈ, ਉਹੋ ਜਿਹੀ ‘ਮਦਦ’ ਇਨ੍ਹਾਂ ਨੇ ਦੋਆਬੇ ਦੀਆਂ ਕਈ ਸੀਟਾਂ ’ਤੇ ਕੀਤੀ ਸੀ, ਜਿਵੇਂ ਲੋਕ ਸਭਾ ਚੋਣਾਂ ਵਿਚ ਚੌਧਰੀ ਪਰਿਵਾਰ ਦੀ।

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS