ਸਪੋਰਟਸ ਡੈਸਕ- ਬੀਤੇ ਕੁਝ ਮਹੀਨਿਆਂ ਤੋਂ ਭਾਰਤੀ ਕ੍ਰਿਕਟ ਟੀਮ ਦਾ ਇਕ 'ਟ੍ਰਾਂਜ਼ਿਸ਼ਨ ਫੇਜ਼' ਚੱਲ ਰਿਹਾ ਹੈ, ਜਿਸ ਦੌਰਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਰਗੇ ਧਾਕੜ ਟੀਮ ਟੈਸਟ ਤੇ ਟੀ-20 ਨੂੰ ਅਲਵਿਦਾ ਕਹਿ ਚੁੱਕੇ ਹਨ ਤੇ ਨੌਜਵਾਨ ਖਿਡਾਰੀ ਟੀਮ ਦੀ ਕਮਾਨ ਸਾਂਭ ਰਹੇ ਹਨ। ਇਸੇ ਦੌਰਾਨ ਕ੍ਰਿਕ ਜਗਤ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਾਰਤੀ ਟੈਸਟ ਕ੍ਰਿਕਟ ਦੇ ਦਿੱਗਜ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਅਚਾਨਕ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ।
ਪੁਜਾਰਾ ਨੇ ਆਪਣੇ ਸੰਨਿਆਸ ਦਾ ਐਲਾਨ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਕੀਤਾ ਹੈ, ਜਿਸ 'ਚ ਉਨ੍ਹਾਂ ਲਿਖਿਆ, ''ਭਾਰਤੀ ਜਰਸੀ ਪਾਉਣਾ, ਰਾਸ਼ਟਰੀ ਗਾਣ ਗਾਉਣਾ ਤੇ ਮੈਦਾਨ 'ਤੇ ਉਤਰਨ ਸਮੇਂ ਹਰ ਵਾਰ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਨਾ, ਇਸ ਸਭ ਨੂੰ ਲਫ਼ਜ਼ਾਂ 'ਚ ਬਿਆਨ ਕਰ ਸਕਣਾ ਨਾਮੁਮਕਿਨ ਹੈ। ਪਰ, ਜਿਵੇਂ ਕਿਹਾ ਜਾਂਦਾ ਹੈ ਕਿ ਹਰ ਚੰਗੀ ਚੀਜ਼ ਦਾ ਅੰਤ ਹੋਣਾ ਤੈਅ ਹੈ, ਤੇ ਇਸ ਸ਼ੁਕਰਗੁ਼ਜ਼ਾਰੀ ਨਾਲ ਮੈਂ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ।
Wearing the Indian jersey, singing the anthem, and trying my best each time I stepped on the field - it’s impossible to put into words what it truly meant. But as they say, all good things must come to an end, and with immense gratitude I have decided to retire from all forms of… pic.twitter.com/p8yOd5tFyT
— Cheteshwar Pujara (@cheteshwar1) August 24, 2025
ਪੁਜਾਰਾ ਨੂੰ ਟੈਸਟ ਕ੍ਰਿਕਟ 'ਚ ਆਪਣੇ ਬੇਮਿਸਾਲ ਡਿਫੈਂਸ ਲਈ ਜਾਣਿਆ ਜਾਂਦਾ ਹੈ। ਰਾਹੁਲ ਦ੍ਰਾਵਿੜ ਤੋਂ ਬਾਅਦ ਪੁਜਾਰਾ ਦੀ ਟੈਸਟ ਕ੍ਰਿਕਟ ਖੇਡਣ ਦੀ ਸ਼ੈਲੀ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਭਾਰਤ ਦੀ ਦੂਜੀ ਕੰਧ ਕਿਹਾ ਜਾਣ ਲੱਗ ਪਿਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਕਈ ਯਾਦਗਾਰ ਤੇ ਮੈਚ ਜਿਤਾਊ ਪਾਰੀਆਂ ਖੇਡੀਆਂ ਹਨ।
ਆਪਣੇ ਸੁਨਹਿਰੇ ਕਰੀਅਰ 'ਚ ਪੁਜਾਰਾ ਨੇ ਸਾਲ 2010 ਤੋਂ ਲੈ ਕੇ 2023 ਤੱਕ ਕੁੱਲ 103 ਟੈਸਟ ਮੈਚ ਖੇਡੇ, ਜਿਨ੍ਹਾਂ ਦੀਆਂ 176 ਪਾਰੀਆਂ 'ਚ ਉਨ੍ਹਾਂ 43.6 ਦੀ ਔਸਤ ਨਾਲ ਕੁੱਲ 7195 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 19 ਸੈਂਕੜੇ ਤੇ 35 ਅਰਧ ਸੈਂਕੜੇ ਜੜੇ, ਜਿਨ੍ਹਾਂ 'ਚੋਂ ਉਨ੍ਹਾਂ ਦਾ ਸਭ ਤੋਂ ਵੱਡਾ ਸਕੋਰ 206* ਰਿਹਾ।
ਹਾਲਾਂਕਿ ਉਹ ਵਨਡੇ ਤੇ ਟੀ-20 ਕ੍ਰਿਕਟ 'ਚ ਓਨੀ ਚਾਪ ਛੱਡਣ 'ਚ ਕਾਮਯਾਬ ਨਹੀਂ ਹੋ ਸਕੇ। ਉਹ 5 ਵਨਡੇ ਮੈਚਾਂ 'ਚ ਭਾਰਤੀ ਟੀਮ ਦਾ ਹਿੱਸਾ ਰਹੇ, ਜਿਸ ਦੌਰਾਨ ਉਹ 10.2 ਦੀ ਔਸਤ ਨਾਲ ਸਿਰਫ਼ 51 ਦੌੜਾਂ ਹੀ ਬਣਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਆਈ.ਪੀ.ਐੱਲ. ਦੇ 30 ਮੁਕਾਬਲਿਆਂ 'ਚ 20.5 ਦੀ ਔਸਤ ਨਾਲ ਕੁੱਲ 390 ਦੌੜਾਂ ਬਣਾਈਆਂ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com