ਵੈੱਬ ਡੈਸਕ : ਗੁਹਾਟੀ ਤੋਂ ਕੋਲਕਾਤਾ ਜਾ ਰਹੀ ਅਲਾਇੰਸ ਏਅਰ ਦੀ ਉਡਾਣ ਨੰਬਰ 9I756 'ਚ ਉਡਾਣ ਦੌਰਾਨ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਸਾਵਧਾਨੀ ਵਜੋਂ ਜਹਾਜ਼ ਨੂੰ ਗੁਹਾਟੀ ਹਵਾਈ ਅੱਡੇ 'ਤੇ ਵਾਪਸ ਉਤਾਰਨਾ ਪਿਆ। ਅਲਾਇੰਸ ਏਅਰ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ ਹੈ ਕਿ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਹੈ ਅਤੇ ਯਾਤਰੀਆਂ ਦੀ ਮਦਦ ਲਈ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਇਸ ਸਮੇਂ ਤਕਨੀਕੀ ਸਮੱਸਿਆ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅੰਦਰੂਨੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਵਾਪਰੀ ਸੀ।
ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ, ਇਹ ਉਡਾਣ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੋਲਕਾਤਾ ਲਈ ਦੁਪਹਿਰ 1:09 ਵਜੇ ਰਵਾਨਾ ਹੋਈ। ਉਡਾਣ ਤੋਂ ਕੁਝ ਸਮੇਂ ਬਾਅਦ ਤਕਨੀਕੀ ਖਰਾਬੀ ਦਾ ਪਤਾ ਲੱਗਣ ਤੋਂ ਬਾਅਦ, ਦੁਪਹਿਰ 1:42 ਵਜੇ ਐਮਰਜੈਂਸੀ ਐਲਾਨ ਕੀਤੀ ਗਈ ਤੇ ਜਹਾਜ਼ ਨੂੰ ਗੁਹਾਟੀ ਵਾਪਸ ਲਿਆਉਣ ਦਾ ਫੈਸਲਾ ਕੀਤਾ ਗਿਆ। ਜਹਾਜ਼ ਦੁਪਹਿਰ 2:27 ਵਜੇ ਸੁਰੱਖਿਅਤ ਉਤਰਿਆ ਤੇ ਦੁਪਹਿਰ 2:40 ਵਜੇ ਐਮਰਜੈਂਸੀ ਵਾਪਸ ਲੈ ਲਈ ਗਈ। ਹਵਾਈ ਅੱਡੇ ਦੇ ਬੁਲਾਰੇ ਅਨੁਸਾਰ, ਇਸ ਘਟਨਾ ਦਾ ਹਵਾਈ ਅੱਡੇ ਦੇ ਆਮ ਕੰਮਕਾਜ 'ਤੇ ਕੋਈ ਅਸਰ ਨਹੀਂ ਪਿਆ ਹੈ।
DGCA 'ਚ ਸਟਾਫ਼ ਦੀ ਭਾਰੀ ਘਾਟ, ਕਮੇਟੀ ਨੇ ਸੁਰੱਖਿਆ 'ਤੇ ਚਿੰਤਾ ਪ੍ਰਗਟਾਈ
ਇਸ ਦੌਰਾਨ, ਸੰਸਦ ਦੀ ਇੱਕ ਸਥਾਈ ਕਮੇਟੀ ਨੇ ਬੁੱਧਵਾਰ ਨੂੰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) 'ਚ ਸਟਾਫ਼ ਦੀ ਭਾਰੀ ਘਾਟ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਕਮੇਟੀ ਨੇ ਕਿਹਾ ਹੈ ਕਿ ਡੀਜੀਸੀਏ ਵਿੱਚ ਮਨੁੱਖੀ ਸਰੋਤਾਂ ਦੀ ਘਾਟ ਦੇਸ਼ ਦੀ ਹਵਾਬਾਜ਼ੀ ਸੁਰੱਖਿਆ ਪ੍ਰਣਾਲੀ ਦੀ ਅਖੰਡਤਾ ਲਈ ਇੱਕ ਵੱਡਾ ਖ਼ਤਰਾ ਬਣ ਗਈ ਹੈ। ਕਮੇਟੀ ਨੇ ਰੈਗੂਲੇਟਰ ਨੂੰ ਪ੍ਰਸ਼ਾਸਕੀ ਤੇ ਵਿੱਤੀ ਖੁਦਮੁਖਤਿਆਰੀ ਦੇਣ ਦੀ ਵੀ ਸਿਫਾਰਸ਼ ਕੀਤੀ ਹੈ।
ਰਿਪੋਰਟ ਦੇ ਅਨੁਸਾਰ, ਡੀਜੀਸੀਏ ਦੀਆਂ 1,063 ਮਨਜ਼ੂਰਸ਼ੁਦਾ ਅਸਾਮੀਆਂ 'ਚੋਂ ਲਗਭਗ 50 ਫੀਸਦੀ ਖਾਲੀ ਹਨ। ਕਮੇਟੀ ਦਾ ਮੰਨਣਾ ਹੈ ਕਿ ਇਹ ਸਥਿਤੀ ਸਿਰਫ਼ ਇੱਕ ਪ੍ਰਸ਼ਾਸਕੀ ਚੁਣੌਤੀ ਨਹੀਂ ਹੈ, ਸਗੋਂ ਹਵਾਬਾਜ਼ੀ ਸੁਰੱਖਿਆ ਨਿਗਰਾਨੀ ਪ੍ਰਣਾਲੀ ਲਈ ਵੀ ਇੱਕ ਗੰਭੀਰ ਖ਼ਤਰਾ ਹੈ। ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਸੁਰੱਖਿਆ ਖਾਮੀਆਂ ਨੂੰ ਤੁਰੰਤ ਦੂਰ ਕੀਤਾ ਜਾਵੇ, ਗੰਭੀਰ ਮਾਮਲਿਆਂ 'ਚ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਹਵਾਬਾਜ਼ੀ ਕੰਪਨੀਆਂ ਦੇ ਬੇੜੇ ਦੇ ਵਿਸਥਾਰ ਦੇ ਅਨੁਸਾਰ ਸਾਰੇ ਹਵਾਈ ਅੱਡਿਆਂ ਦੀ ਸਮਰੱਥਾ ਵਧਾਈ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com