ਸਪੋਰਟਸ ਡੈਸਕ- ਚੇਤੇਸ਼ਵਰ ਪੁਜਾਰਾ ਨਾ ਤਾਂ ਵਿਰਾਟ ਕੋਹਲੀ ਦੀ ਤਰ੍ਹਾਂ ਦਿਲਕਸ਼ ਕਵਰ ਡ੍ਰਾਈਵ ਲਾਉਂਦਾ ਸੀ, ਨਾ ਹੀ ਰੋਹਿਤ ਸ਼ਰਮਾ ਦੀ ਤਰ੍ਹਾਂ ਪੁਲ ਸ਼ਾਟ ਲਾਉਂਦਾ ਸੀ, ਉਸਦੇ ਕੋਲ ਰਿਸ਼ਭ ਪੰਤ ਦੀ ਤਰ੍ਹਾਂ ਸਾਹ ਰੋਕ ਦੇਣ ਵਾਲੀਆਂ ਡਿੱਗਦੇ ਹੋਏ ਹੁੱਕ ਸ਼ਾਟਾਂ ਖੇਡਣ ਦੀ ਸਮਰੱਥਾ ਵੀ ਨਹੀਂ ਸੀ ਪਰ ਟੀ-20 ਕ੍ਰਿਕਟ ਦੇ ਯੁੱਗ ਵਿਚ ਉਸ ਨੇ ਆਪਣੀ ਬਿਹਤਰੀਨ ਤਕਨੀਕ, ਮਜ਼ਬੂਤ ਮਾਨਸਿਕਤਾ ਤੇ ਅਦਭੁੱਤ ਸਬਰ ਦੇ ਨਾਲ ਟੈਸਟ ਕ੍ਰਿਕਟ ਦੇ ਹਰ ਪੈਮਾਨੇ ’ਤੇ ਖੁਦ ਨੂੰ ਸਾਬਤ ਕੀਤਾ।
ਭਾਰਤੀ ਟੀਮ ਵਿਚ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਵੀ. ਵੀ.ਐੱਸ. ਲਕਸ਼ਮਣ ਤੇ ਸੌਰਭ ਗਾਂਗੁਲੀ ਵਰਗੇ ਧਾਕੜਾਂ ਦੇ ਦੌਰ ਤੋਂ ਬਾਅਦ ਕਲਾਤਮਕ ਬੱਲੇਬਾਜ਼ਾਂ ਵਿਚਾਲੇ ਪੁਜਾਰਾ 2013-14 ਤੋਂ 2023 ਤੱਕ 100 ਤੋਂ ਵੱਧ ਟੈਸਟ ਮੈਚਾਂ ਵਿਚ ਭਾਰਤੀ ਬੱਲੇਬਾਜ਼ੀ ਦੀ ਧੁਰੀ ਬਣਿਆ ਰਿਹਾ। ਭਾਰਤੀ ਕ੍ਰਿਕਟ ਵਿਚ ਉਸਦਾ ਯੋਗਦਾਨ ਛੱਕਿਆਂ ਜਾਂ ਸਟ੍ਰਾਈਕ ਰੇਟ ਨਾਲ ਨਹੀਂ, ਸਗੋਂ ਕ੍ਰੀਜ਼ ’ਤੇ ਬਿਤਾਇਆ ਸਮਾਂ, ਸਬਰ ਤੇ ਦੁਨੀਆ ਦੇ ਸਰਵੋਤਮ ਹਮਲਿਆਂ ਦਾ ਦਿਲੇਰੀ ਨਾਲ ਸਾਹਮਣਾ ਕਰਨ ਨਾਲ ਮਾਪਿਆ ਜਾਂਦਾ ਹੈ। ਉਸ ਦੌਰ ਵਿਚ ਭਾਰਤੀ ਬੱਲੇਬਾਜ਼ੀ ਦੀ ਤੁਲਨਾ ਜੇਕਰ ਕਿਸੇ ਸ਼ਾਨਦਾਰ ਇਮਾਰਤ ਨਾਲ ਕਰੀਏ ਤਾਂ ਕੋਹਲੀ ਉਸਦਾ ਇਕ ਆਰਕੀਟੈਕਟ ਸੀ ਪਰ ਇਸਦੀ ਨੀਂਹ ਨਿਸ਼ਚਿਤ ਰੂਪ ਨਾਲ ਚੇਤੇਸ਼ਵਰ ਪੁਜਾਰਾ ਸੀ। ਸਬਰ ਦੇ ਨਾਲ ਖੇਡੀ ਜਾਣ ਵਾਲੀ ਟੈਸਟ ਕ੍ਰਿਕਟ ਨੂੰ ਪਸੰਦ ਕਰਨ ਵਾਲਿਆਂ ਲਈ ਪੁਜਾਰਾ ਉਸ ਦੌਰ ਦੀ ਯਾਦ ਦਿਵਾਉਂਦਾ ਸੀ ਜਦੋਂ ਟੀ-20 ਕ੍ਰਿਕਟ ਦੀ ਕੋਈ ਹੋਂਦ ਨਹੀਂ ਸੀ। ਪੁਜਾਰਾ ਦੇ ਪਿਤਾ ਅਰਵਿੰਦ ਨੇ ਪਹਿਲੀ ਸ਼੍ਰੇਣੀ ਦੇ ਕੁਝ ਮੈਚ ਖੇਡੇ ਸਨ ਤੇ ਸੀਮਤ ਸਾਧਨਾਂ ਦੇ ਬਾਵਜੂਦ ਚੇਤੇਸ਼ਵਰ ਪੁਜਾਰਾ ਲਈ ਉਸਦੇ ਸੁਪਨੇ ਵੱਡੇ ਸਨ।
ਟੀ-20 ਕ੍ਰਿਕਟ ਦੀ ਪ੍ਰਸਿੱਧੀ ਤੋਂ ਬਾਅਦ ਮੌਜੂਦਾ ਦੌਰ ਦੇ ਪ੍ਰਸ਼ੰਸਕਾਂ ਨੇ ਪੁਜਾਰਾ ਦੀ ਬੱਲੇਬਾਜ਼ੀ ਨੂੰ ਹੈਰਾਨੀਜਨਕ ਰੂਪ ਨਾਲ ਆਸਾਧਾਰਨ ਕਰਾਰ ਦਿੱਤਾ ਪਰ ਸੱਜੇ ਹੱਥ ਦੇ ਇਸ ਬੱਲੇਬਾਜ਼ ਦੇ ਪਿਤਾ ਨੇ ਬਚਪਨ 'ਚ ਉਸਦੇ ਦਿਮਾਗ ਵਿਚ ਇਹ ਗੱਲ ਬਿਠਾ ਦਿੱਤੀ ਸੀ ਕਿ ਟੈਸਟ ਕ੍ਰਿਕਟ ਹੀ ਅਸਲ ਕ੍ਰਿਕਟ ਹੈ।
ਉਸਦੀ ਪਤਨੀ ਪੂਜਾ ਨੇ ਆਪਣੀ ਕਿਤਾਬ ‘ਦਿ ਡਾਇਰੀ ਆਫ ਏ ਕ੍ਰਿਕਟਰਸ ਵਾਈਫ : ਐਨ ਅਨਯੂਜ਼ਏਲ ਮੇਮਾਇਰ’ ਵਿਚ ਸੰਖੇਪ ਵਿਚ ਕਿਹਾ ਹੈ, ‘‘ਚੇਤੇਸ਼ਵਰ ਪੁਜਾਰਾ ਘੱਟ ਬੋਲਣ ਵਾਲਾ ਤੇ ਭਾਵਨਾਵਾਂ ਨੂੰ ਘੱਟ ਜ਼ਾਹਿਰ ਕਰਨ ਵਾਲਾ ਵਿਅਕਤੀ ਹੈ। ਜੇਕਰ ਇਕ ਮੁਸਕਾਨ ਨਾਲ ਕੰਮ ਚੱਲ ਸਕਦਾ ਹੈ ਤਾਂ ਉਹ ਬੋਲਣਾ ਪਸੰਦ ਨਹੀਂ ਕਰਦਾ। ਜੇਕਰ ਇਕ ਘਟਨਾ ਤਿੰਨ ਸ਼ਬਦਾਂ ਵਿਚ ਖਤਮ ਹੋ ਸਕਦੀ ਹੈ ਤਾਂ ਉਹ ਇਕ ਹੋਰ ਸ਼ਬਦ ਜੋੜਨ ਦੀ ਕੋਸ਼ਿਸ਼ ਨਹੀਂ ਕਰੇਗਾ।’’
ਉਹ ਟੀਮ ਦਾ ਅਜਿਹਾ ‘ਭਰੋਸੇਮੰਦ’ ਯੋਧਾ ਸੀ, ਜਿਸ ਨੂੰ ਤੁਸੀਂ ਯੁੱਧ ਵਿਚ ਜਾਂਦੇ ਸਮੇਂ ਆਪਣੇ ਨਾਲ ਰੱਖਣਾ ਚਾਹੋਗੇ।
Credit : www.jagbani.com