ਪੰਜਾਬ 'ਚ ਹੜ੍ਹਾਂ ਨਾਲ ਭਾਰੀ ਤਬਾਹੀ! ਪਿਛਲੇ 24 ਘੰਟਿਆਂ ’ਚ 4711 ਹੜ੍ਹ ਪੀੜਤ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ

ਪੰਜਾਬ 'ਚ ਹੜ੍ਹਾਂ ਨਾਲ ਭਾਰੀ ਤਬਾਹੀ! ਪਿਛਲੇ 24 ਘੰਟਿਆਂ ’ਚ 4711 ਹੜ੍ਹ ਪੀੜਤ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ

ਚੰਡੀਗੜ੍ਹ/ਜਲੰਧਰ-ਪੰਜਾਬ ਸਰਕਾਰ ਦੀ ਮੁਸਤੈਦੀ ਅਤੇ ਸਰਗਰਮ ਭੂਮਿਕਾ ਸਦਕਾ ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ ਪਿਛਲੇ 24 ਘੰਟਿਆਂ ਦੌਰਾਨ ਕੁੱਲ੍ਹ 4711 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਇਸ ’ਚ ਫਿਰੋਜ਼ਪੁਰ ਦੇ 812 ਬਾਸ਼ਿੰਦੇ, ਗੁਰਦਾਸਪੁਰ ਦੇ 2571, ਮੋਗਾ ਦੇ 4, ਤਰਨਤਾਰਨ ਦੇ 60, ਬਰਨਾਲਾ ਦੇ 25 ਅਤੇ ਫਾਜ਼ਿਲਕਾ ਦੇ 1239 ਵਾਸੀ ਸ਼ਾਮਲ ਹਨ।

ਵੱਖ-ਵੱਖ ਜ਼ਿਲ੍ਹਿਆਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ 9 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਹੁਣ ਤੱਕ 11,330 ਲੋਕਾਂ ਨੂੰ ਹੜ੍ਹ ਦੇ ਪਾਣੀ ਤੋਂ ਬਚਾਇਆ ਗਿਆ ਹੈ। ਇਨ੍ਹਾਂ ’ਚ ਫਿਰੋਜ਼ਪੁਰ ਦੇ 2819, ਹੁਸ਼ਿਆਰਪੁਰ ਦੇ 1052, ਕਪੂਰਥਲਾ ਦੇ 240, ਗੁਰਦਾਸਪੁਰ ਦੇ 4771, ਮੋਗਾ ਦੇ 24, ਪਠਾਨਕੋਟ ਦੇ 1100, ਤਰਨ ਤਾਰਨ ਦੇ 60, ਬਰਨਾਲਾ ਦੇ 25 ਅਤੇ ਫਾਜ਼ਿਲਕਾ ਦੇ 1239 ਬਾਸ਼ਿੰਦੇ ਸ਼ਾਮਲ ਹਨ।

PunjabKesari

ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ’ਚ ਬਣਾਏ ਕੁੱਲ੍ਹ 87 ਰਾਹਤ ਕੈਂਪਾਂ ’ਚੋਂ ਇਸ ਵੇਲੇ 77 ਪੂਰੀ ਤਰ੍ਹਾਂ ਚੱਲ ਰਹੇ ਹਨ। ਇਨ੍ਹਾਂ ਕੈਂਪਾਂ ’ਚ ਕੁੱਲ੍ਹ 4729 ਲੋਕਾਂ ਨੇ ਬਸੇਰਾ ਕੀਤਾ ਹੋਇਆ ਹੈ। ਕਪੂਰਥਲਾ ’ਚ ਬਣਾਏ 4 ਰਾਹਤ ਕੈਂਪਾਂ ਵਿਚ 110 ਲੋਕ ਰਹਿ ਰਹੇ ਹਨ। ਫਿਰੋਜ਼ਪੁਰ ਦੇ 8 ਰਾਹਤ ਕੈਂਪਾਂ ’ਚ 3450 ਲੋਕ ਅਤੇ ਹੁਸ਼ਿਆਰਪੁਰ ਦੇ 20 ਰਾਹਤ ਕੈਂਪਾਂ ’ਚ 478 ਲੋਕ ਰਹਿ ਰਹੇ ਹਨ। ਗੁਰਦਾਸਪੁਰ ਦੇ 22 ਰਾਹਤ ਕੈਂਪਾਂ ’ਚੋਂ 12 ਚੱਲ ਰਹੇ ਹਨ, ਜਿੱਥੇ 255 ਲੋਕ ਰਹਿ ਰਹੇ ਹਨ। ਪਠਾਨਕੋਟ ਦੇ 14 ਰਾਹਤ ਕੈਂਪਾਂ ’ਚ 411 ਲੋਕ ਅਤੇ ਬਰਨਾਲਾ ਦੇ 1 ਰਾਹਤ ਕੈਂਪ ’ਚ 25 ਹੜ੍ਹ ਪ੍ਰਭਾਵਿਤ ਲੋਕ ਰਹਿ ਰਹੇ ਹਨ। ਫਾਜ਼ਿਲਕਾ ’ਚ ਵੀ 11, ਮੋਗਾ ’ਚ 5 ਤੇ ਅੰਮ੍ਰਿਤਸਰ ’ਚ 2 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ।

ਇਕ ਬੁਲਾਰੇ ਨੇ ਦੱਸਿਆ ਕਿ ਕਪੂਰਥਲਾ ’ਚ ਪ੍ਰਸ਼ਾਸਨ ਵੱਲੋਂ 15, 27, 28 ਤੇ 29 ਅਗਸਤ ਨੂੰ ਰਾਹਤ ਸਮੱਗਰੀ ਦੀ ਵੰਡ ਕੀਤੀ ਗਈ ਹੈ ਅਤੇ ਲੋੜ ਮੁਤਾਬਕ ਇਹ ਅੱਗੋਂ ਵੀ ਜਾਰੀ ਰਹੇਗੀ। ਇਸੇ ਤਰ੍ਹਾਂ ਫਿਰੋਜ਼ਪੁਰ, ਗੁਰਦਾਸਪੁਰ, ਮੋਗਾ, ਪਠਾਨਕੋਟ, ਫਾਜ਼ਿਲਕਾ ਅਤੇ ਬਰਨਾਲਾ ’ਚ ਵੀ ਹੜ੍ਹ ਪੀੜਤਾਂ ਨੂੰ ਲਗਾਤਾਰ ਰਾਹਤ ਸਮੱਗਰੀ ਦੀ ਵੰਡ ਕੀਤੀ ਜਾ ਰਹੀ ਹੈ।

PunjabKesari

ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਐੱਨ. ਡੀ. ਆਰ. ਐੱਫ਼., ਐੱਸ. ਡੀ. ਆਰ.ਐੱਫ਼., ਪੰਜਾਬ ਪੁਲਸ ਅਤੇ ਫ਼ੌਜ ਵੱਲੋਂ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ। ਗੁਰਦਾਸਪੁਰ ’ਚ ਐੱਨ. ਡੀ. ਆਰ. ਐੱਫ਼. ਦੀਆਂ 7 ਟੀਮਾਂ, ਫਾਜ਼ਿਲਕਾ ਅਤੇ ਫਿਰੋਜ਼ਪੁਰ ’ਚ 1-1 ਟੀਮ ਅਤੇ ਪਠਾਨਕੋਟ ਵਿੱਚ 2 ਟੀਮਾਂ ਸਰਗਰਮ ਹਨ। ਇਸੇ ਤਰ੍ਹਾਂ ਕਪੂਰਥਲਾ ’ਚ ਐੱਸ. ਡੀ. ਆਰ. ਐੱਫ਼. ਦੀਆਂ 2 ਟੀਮਾਂ ਸਰਗਰਮ ਹਨ। ਕਪੂਰਥਲਾ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਪਠਾਨਕੋਟ ’ਚ ਆਰਮੀ, ਬੀ. ਐੱਸ. ਐੱਫ਼. ਅਤੇ ਏਅਰਫੋਰਸ ਨੇ ਵੀ ਮੋਰਚਾ ਸਾਂਭਿਆ ਹੋਇਆ ਹੈ।

ਹੜ੍ਹਾਂ ਕਾਰਨ ਪੰਜਾਬ ’ਚ ਹੁਣ ਤੱਕ ਕੁੱਲ੍ਹ 1018 ਪਿੰਡ ਪ੍ਰਭਾਵਿਤ ਹੋਏ ਹਨ। ਇਨ੍ਹਾਂ ’ਚ ਪਠਾਨਕੋਟ ਦੇ 81, ਫਾਜ਼ਿਲਕਾ ਦੇ 52, ਤਰਨ ਤਾਰਨ ਦੇ 45, ਸ੍ਰੀ ਮੁਕਤਸਰ ਸਾਹਿਬ ਦੇ 64, ਸੰਗਰੂਰ ਦੇ 22, ਫਿਰੋਜ਼ਪੁਰ ਦੇ 101, ਕਪੂਰਥਲਾ ਦੇ 107, ਗੁਰਦਾਸਪੁਰ ਦੇ 323, ਹੁਸ਼ਿਆਰਪੁਰ ਦੇ 85 ਅਤੇ ਮੋਗਾ ਦੇ 35 ਪਿੰਡ ਸ਼ਾਮਲ ਹਨ। ਹੜ੍ਹਾਂ ਕਾਰਨ ਪੰਜਾਬ ਨੂੰ ਭਾਰੀ ਮਾਲੀ ਨੁਕਸਾਨ ਵੀ ਝੱਲਣਾ ਪਿਆ ਹੈ। ਫਸਲਾਂ ਨੂੰ ਮਾਰ ਪਈ ਹੈ ਅਤੇ ਪਸ਼ੂ ਧਨ ਦਾ ਵੀ ਨੁਕਸਾਨ ਹੋਇਆ ਹੈ। ਜ਼ਿਲਾ ਹੈੱਡਕੁਆਟਰਾਂ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਮੁਤਾਬਕ ਫਾਜ਼ਿਲਕਾ ’ਚ 16632 ਹੈਕਟੇਅਰ (41099 ਏਕੜ) ਭੂਮੀ ਹੜ੍ਹਾਂ ਦੀ ਮਾਰ ਹੇਠ ਆਈ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ’ਚ 10806 ਹੈਕਟੇਅਰ ’ਚ ਫਸਲ ਨੂੰ ਨੁਕਸਾਨ ਪੁੱਜਾ ਹੈ। ਕਪੂਰਥਲਾ ’ਚ 11620, ਪਠਾਨਕੋਟ ’ਚ 7000, ਤਰਨਤਾਰਨ ’ਚ 9928 ਅਤੇ ਹੁਸ਼ਿਆਰਪੁਰ ’ਚ 5287 ਹੈਕਟੇਅਰ ’ਚ ਫਸਲ ਨੂੰ ਨੁਕਸਾਨ ਹੋਇਆ ਹੈ।

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS