ਨਵੀਂ ਦਿੱਲੀ- ਪਿੱਤੇ ਦੀ ਪੱਥਰੀ ਨੂੰ ਪਹਿਲਾਂ ਸਿਰਫ਼ ਬਾਲਗਾਂ ਦੀ ਬੀਮਾਰੀ ਮੰਨਿਆ ਜਾਂਦਾ ਸੀ ਪਰ ਹੁਣ ਇਹ ਭਾਰਤ ’ਚ ਬੱਚਿਆਂ ਵਿਚ ਵੀ ਵਧ ਰਹੀ ਹੈ। ਅਜਿਹੀ ਸਥਿਤੀ ’ਚ ਬਾਲ ਰੋਗ ਮਾਹਿਰ ਲੋਕਾਂ ਨੂੰ ਵਧੇਰੇ ਜਾਗਰੂਕ ਹੋਣ ਤੇ ਸਾਵਧਾਨੀ ਵਰਤਣ ਦੀ ਸਲਾਹ ਦੇ ਰਹੇ ਹਨ। ਪਿੱਤੇ ਦੀ ਪੱਥਰੀ ਪਿੱਤੇ ’ਚ ਬਣਨ ਵਾਲੀਆਂ ਛੋਟੀਆਂ ਸਖ਼ਤ ਪੱਥਰੀਆਂ ਹਨ। ਇਹ ਪਿੱਤੇ ’ਚ ਮੌਜੂਦ ਕੋਲੈਸਟ੍ਰੋਲ ਜਾਂ ‘ਬਿਲੀਰੂਬਿਨ’ ਤੋਂ ਬਣਦੀਆਂ ਹਨ। ਜਦੋਂ ਇਹ ਨਿੱਕੇ ਪੱਥਰ ਪਿੱਤੇ ਜਾਂ ਪਿੱਤ ਦੀ ਨਲੀ ’ਚ ਫਸ ਜਾਂਦੇ ਹਨ ਤਾਂ ਪੇਟ ’ਚ ਗੰਭੀਰ ਦਰਦ ਹੁੰਦੀ ਹੈ। ਉਲਟੀਆਂ ਆਉਂਦੀਆਂ ਹਨ ਅਤੇ ਪਾਚਨ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
‘ਇੰਡੀਅਨ ਅਕੈਡਮੀ ਆਫ਼ ਪੀਡੀਆਟ੍ਰਿਕਸ’ ਵੱਲੋਂ 5 ਵੱਡੇ ਸ਼ਹਿਰਾਂ ’ਚ ਕੀਤੇ ਗਏ ਤਾਜ਼ਾ ਸਰਵੇਖਣ ਦੌਰਾਨ ਵੇਖਿਆ ਗਿਆ ਹੈ ਕਿ ਪੇਟ ਦਰਦ ਦੀਆਂ ਸ਼ਿਕਾਇਤਾਂ ਲੈ ਕੇ ਆਉਣ ਵਾਲੇ ਹਰ 200 ਬੱਚਿਆਂ ’ਚੋਂ ਇਕ ਦੇ ਪਿੱਤੇ ’ਚ ਪੱਥਰੀ ਪਾਈ ਗਈ ਹੈ। ਇਹ ਸਮੱਸਿਆ ਖ਼ਾਸ ਕਰ ਕੇ ਉਨ੍ਹਾਂ ਬੱਚਿਆਂ 'ਚ ਜ਼ਿਆਦਾ ਦੇਖੀ ਗਈ ਜੋ ਆਲਸੀ ਹੁੰਦੇ ਹਨ ਅਤੇ ਜ਼ਿਆਦਾ 'ਜੰਕ ਫੂਡ' ਅਤੇ ਤਲਿਆ-ਭੁੰਨਿਆ ਖਾਣਾ ਖਾਂਦੇ ਹਨ। ਡਾਕਟਰ ਨੇ ਕਿਹਾ,''ਪਿੱਤੇ ਦੀ ਪੱਥਰੀ ਦਾ ਪਤਾ ਲਗਾਉਣ ਲਈ ਅਲਟ੍ਰਾਸਾਊਂਡ ਇਕ ਸੁਰੱਖਿਅਤ ਅਤੇ ਪ੍ਰਭਾਵਿਤ ਤਰੀਕਾ ਹੈ। ਕਈ ਮਾਮਲਿਆਂ 'ਚ ਖ਼ਾਸ ਕਰ ਕੇ ਜਦੋਂ ਬੱਚਿਆਂ 'ਚ ਕੋਈ ਲੱਛਣ ਨਹੀਂ ਹੁੰਦੇ, ਅਸੀਂ ਦਵਾਈਆਂ ਅਤੇ ਖਾਣ-ਪੀਣ 'ਚ ਤਬਦੀਲੀ ਨਾਲ ਇਲਾਜ ਕਰ ਸਕਦੇ ਹਾਂ ਪਰ ਜਦੋਂ ਪੱਥਰੀ ਕਾਰਨ ਪਿੱਤੇ 'ਚ ਸੋਜ ਜਾਂ ਪੈਨਕ੍ਰਿਏਟਾਈਟਿਸ ਵਰਗੀ ਸਮੱਸਿਆ ਹੋ ਜਾਂਦੀ ਹੈ, ਉਦੋਂ ਸਰਜਰੀ ਕਰਨੀ ਪੈ ਸਕਦੀ ਹੈ।''
ਜਿੱਥੇ ਬੱਚਿਆਂ 'ਚ ਲੱਛਣ ਸਾਫ਼ ਦਿਖਾਈ ਦਿੰਦੇ ਹਨ ਜਾਂ ਕੋਈ ਸਮੱਸਿਆ ਹੁੰਦੀ ਹੈ, ਉੱਥੇ ਲੈਪ੍ਰੋਸਕੋਪਿਕ ਕੋਲੇਸਿਸਟੇਕਟਾਮੀ ਸਭ ਤੋਂ ਪ੍ਰਚਲਿਤ ਇਲਾਜ ਹੈ ਪਰ ਉਨ੍ਹਾਂ ਬੱਚਿਆਂ 'ਚ ਮੁਸ਼ਕਲਾਂ ਆਉਂਦੀਆਂ ਹਨ, ਜਿਨ੍ਹਾਂ 'ਚ ਅਲਟ੍ਰਾਸਾਊਂਡ 'ਚ ਪੱਥਰੀ ਪਾਈ ਜਾਣ ਦੇ ਬਾਵਜੂਦ ਕੋਈ ਖ਼ਾਸ ਲੱਛਣ ਨਹੀਂ ਹੁੰਦੇ। ਡਾਕਟਰ ਕਹਿੰਦੇ ਹਨ ਕਿ ਬਿਨਾਂ ਲੱਛਣ ਵਾਲੇ ਬੱਚਿਆਂ ਲਈ ਜਾਂ ਤਾਂ ਕੁਝ ਸਮਾਂ ਇੰਤਜ਼ਾਰ ਕੀਤਾ ਜਾਂਦਾ ਹੈ ਜਾਂ ਲੋੜ ਪੈਣ 'ਤੇ ਸਰਜਰੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ,''ਮਾਪਿਆਂ ਨੂੰ ਇੰਤਜ਼ਾਰ ਕਰਨ ਦੌਰਾਨ ਪੈਦਾ ਹੋਣ ਵਾਲੀਆਂ ਜਟਿਲਤਾਵਾਂ ਦੇ ਜ਼ੋਖ਼ਮ ਨੂੰ ਸਮਝਣਾ ਚਾਹੀਦਾ ਅਤੇ ਆਪਸੀ ਸਮਝ ਦੇ ਆਧਾਰ 'ਤੇ ਉੱਚਿਤ ਫ਼ੈਸਲਾ ਲੈਣਾ ਚਾਹੀਦਾ। ਕਈ ਮਾਤਾ-ਪਿਤਾ ਪੀਲੀਆ ਵਰਗੀ ਪਰੇਸ਼ਾਨੀ ਹੋਣ ਦਾ ਜ਼ੋਖ਼ਮ ਨਹੀਂ ਲੈਣਾ ਚਾਹੁੰਦੇ ਅਤੇ ਇਸ ਲਈ ਜਲਦੀ ਸਰਜਰੀ ਕਰਵਾਉਣ ਦਾ ਵਿਕਲਪ ਚੁਣਦੇ ਹਨ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com