ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਓਂਟਾਰੀਓ ਸੂਬੇ ਦੇ ਮੈਕਟੀਅਰ ਦੇ ਜੰਗਲ ਵਿਚ ਕੁਝ ਭਾਰਤੀ ਮੂਲ ਦੇ ਲੋਕਾਂ ਵਲੋਂ ਗੋਲੀਬਾਰੀ ਦਾ ਅਭਿਆਸ ਕਰਨ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਓਂਟਾਰੀਓ ਪ੍ਰੋਵਿੰਸ਼ੀਅਲ ਪੁਲਸ (ਓ.ਪੀ.ਪੀ.) ਨੇ ਕਿਹਾ ਹੈ ਕਿ ਉਹ ਆਨਲਾਈਨ ਸਾਹਮਣੇ ਆਈ ਵੀਡੀਓ ਫੁਟੇਜ ਦੀ ਜਾਂਚ ਕਰ ਰਹੀ ਹੈ, ਜਿਸ ਵਿਚ ਸ਼ੂਟਰ ਹਵਾ ’ਚ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਹਨ।
ਇਸ ਦੌਰਾਨ ਕੁਝ ਭਰੋਸੇਯੋਗ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਇਹ ਇਕ ਖਾਲਿਸਤਾਨੀ ਸਿਖਲਾਈ ਕੈਂਪ ਸੀ, ਜਿਸ ਵਿਚ ਖਾਲਿਸਤਾਨੀ ਅੱਤਵਾਦੀ ਨੌਜਵਾਨਾਂ ਨੂੰ ਲੋਕਾਂ ਤੋਂ ਜ਼ਬਰਦਸਤੀ ਪੈਸੇ ਵਸੂਲਣ ਲਈ ਸਿਖਲਾਈ ਦੇ ਰਹੇ ਹਨ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਕੈਂਪ ਮਾਰੇ ਜਾ ਚੁੱਕੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਵੱਲੋਂ ‘ਮਿਸ਼ਨ ਹਿਲਜ਼’ ਵਿਚ ਚਲਾਇਆ ਜਾ ਰਿਹਾ ਸੀ। ਹਾਲਾਂਕਿ ਓਂਟਾਰੀਓ ਪ੍ਰੋਵਿੰਸ਼ੀਅਲ ਪੁਲਸ ਨੇ ਅਜੇ ਤੱਕ ਮੁਲਜ਼ਮਾਂ ਦੇ ਕਿਸੇ ਵੀ ਤਰ੍ਹਾਂ ਖਾਲਿਸਤਾਨੀ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ।
ਮੈਕਟੀਅਰ ਦੇ ਜੰਗਲ ’ਚ ਹਜ਼ਾਰਾਂ ਗੋਲੀਆਂ ਦੇ ਖੋਲ
ਇਕ ਰਿਪੋਰਟ ਵਿਚ ਸਥਾਨਕ ਲੋਕਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕਿਤੇ ਵੀ ਕੋਈ ਸ਼ੂਟਿੰਗ ਸਿਖਲਾਈ ਕੈਂਪ ਨਹੀਂ ਹੈ, ਜਿੱਥੇ ਕਿਸੇ ਨੂੰ ਵੀ ਇਨ੍ਹਾਂ ਵੀਡੀਓਜ਼ ਵਿਚ ਦਿਖਾਏ ਗਏ ਤਰੀਕੇ ਨਾਲ ਗੋਲੀ ਚਲਾਉਣਾ ਸਿਖਾਇਆ ਜਾਂਦਾ ਹੈ। ਨਿਸ਼ਾਨੇ ’ਤੇ ਗੋਲੀਆਂ ਚਲਾਉਣ ਤੋਂ ਇਲਾਵਾ ਕਿਸੇ ਨੂੰ ਵੀ ਇਸ ਤਰੀਕੇ ਨਾਲ ਹਥਿਆਰ ਚਲਾਉਣ ਦਾ ਕੋਈ ਜਾਇਜ਼ ਤਰਕ ਨਹੀਂ ਦਿਖਦਾ।
ਲੋਕਾਂ ਨੇ ਦੱਸਿਆ ਕਿ ਅਜਿਹੀਆਂ ਵੀਡੀਓਜ਼ ਵੀ ਹਨ, ਜਿਨ੍ਹਾਂ ਵਿਚ ਨਿਸ਼ਾਨੇਬਾਜ਼ ਆਪਣੀਆਂ ਕਾਰਾਂ ਵਿਚ ਬੰਦੂਕਾਂ ਲੈ ਕੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਕੋਲ ਪਏ ਹਥਿਆਰ ਪਾਬੰਦੀਸ਼ੁਦਾ ਹਨ। ਕੁਝ ਵੀਡੀਓਜ਼ ਵਿਚ ਉਹ ਕਾਰਾਂ ਵਿਚੋਂ ਨਿਕਲ ਕੇ ਹਵਾ ’ਚ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਹਨ, ਜਦੋਂ ਕਿ ਕੁਝ ਵਿਚ ਉਨ੍ਹਾਂ ਨੂੰ ਇਕ ਪੁਲ ਤੋਂ ਪੌਪ ਕੈਨ ’ਤੇ ਫਾਇਰਿੰਗ ਕਰਦੇ ਦਿਖਾਇਆ ਗਿਆ ਹੈ। ਇਕ ਵਿਅਕਤੀ ਨੇ ਕਿਹਾ ਕਿ ਮੈਕਟੀਅਰ ਦੇ ਜੰਗਲ ’ਚ ਹਜ਼ਾਰਾਂ ਗੋਲੀਆਂ ਦੇ ਖੋਲ ਪਏ ਹਨ।
Indian Invaders in Muskoka are shooting floating beer bottles in our ponds and rivers.
We need Remigration now.
pic.twitter.com/B27i6Bd0Ve
— Bruce (@bruce_barrett) August 28, 2025
ਲੋਕਾਂ ਨੇ ਕਿਹਾ-ਗੈਰ-ਕਾਨੂੰਨੀ ਹਥਿਆਰਾਂ ਦੀ ਵਰਤੋਂ
ਰਿਪੋਰਟਾਂ ਦੇ ਅਨੁਸਾਰ ਇਨ੍ਹਾਂ ਗਰਮੀਆਂ ਵਿਚ ਹਰ ਹਫਤੇ ਦੇ ਅੰਤ ਵਿਚ ਸ਼ੂਟਰ ਮੈਕਟੀਅਰ ਦੇ ਜੰਗਲ ’ਚ ਦਿਖਾਈ ਦਿੱਤੇ ਅਤੇ ਸਬੂਤ ਵਜੋਂ ਹਜ਼ਾਰਾਂ ਗੋਲੀਆਂ ਦੇ ਨਿਸ਼ਾਨ ਅਤੇ ਖੋਲ ਛੱਡ ਗਏ ਹਨ। ਜਾਰਜੀਅਨ ਬੇ ਅਤੇ ਮਸਕੋਕ ਇਲਾਕੇ ਵਿਚ ਸਥਾਨਕ ਸਨੋਮੋਬਾਈਲ ਕਲੱਬ ਦੇ ਮੈਂਬਰ ਦੋ ਸਾਲਾਂ ਤੋਂ ਇਨ੍ਹਾਂ ਲਾਪ੍ਰਵਾਹ ਬੰਦੂਕਧਾਰੀਆਂ ਬਾਰੇ ਸ਼ਿਕਾਇਤ ਕਰ ਰਹੇ ਹਨ।
ਕਲੱਬ ਦੇ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਸਨੋਮੋਬਾਈਲ ਕਲੱਬ ਦੇ ਇਕ ਮੈਂਬਰ ਨੇ ਸ਼ੂਟਰਾਂ ਬਾਰੇ ਕਿਹਾ ਕਿ ਦੱਖਣੀ ਏਸ਼ੀਆਈ ਮੂਲ ਦੇ ਜਾਪਦੇ ਇਨ੍ਹਾਂ ਲੋਕਾਂ ’ਤੇ ਅਜੇ ਤੱਕ ਕਾਨੂੰਨ ਲਾਗੂ ਨਹੀਂ ਹੋਇਆ। ਲੋਕਾਂ ਦਾ ਕਹਿਣਾ ਹੈ ਕਿ ਗੋਲੀਬਾਰੀ ਕਾਨੂੰਨੀ ਨਹੀਂ ਹੈ। ਹਥਿਆਰ ਕਾਨੂੰਨੀ ਨਹੀਂ ਜਾਪਦੇ ਅਤੇ ਕਿਸੇ ਕੋਲ ਪਰਮਿਟ ਹੋਣ ਦਾ ਕੋਈ ਸਬੂਤ ਨਹੀਂ ਹੈ। ਇਹ ਸ਼ਿਕਾਰ, ਖੇਡ ਜਾਂ ਨਿਸ਼ਾਨਾ ਬਣਾ ਕੇ ਗੋਲੀਬਾਰੀ ਨਹੀਂ ਹੈ, ਸਗੋਂ ਇਕ ਅਪਰਾਧਿਕ ਗੋਲੀਬਾਰੀ ਹੈ ਅਤੇ ਹੁਣ ਇਹ ਬੰਦੂਕਧਾਰੀਆਂ ਦਾ ਜੰਗਲ ਹੈ।
2 ਸਾਲਾਂ ਤੋਂ ਲੋਕ ਕਰ ਰਹੇ ਸੀ ਸ਼ਿਕਾਇਤਾਂ
ਸਥਾਨਕ ਲੋਕ ਕਹਿੰਦੇ ਹਨ ਕਿ ਗੋਲੀਬਾਰੀ ਹਮੇਸ਼ਾ ਖ਼ਤਰਨਾਕ ਹੁੰਦੀ ਹੈ। ਗੋਲੀਆਂ ਕਿਸੇ ਰਾਜਨੀਤੀ, ਜਾਤ ਜਾਂ ਧਰਮ ਨੂੰ ਨਹੀਂ ਜਾਣਦੀਆਂ। ਪ੍ਰਸਿੱਧ ‘ਮਸਕੋਕ 411 ਨਿਊਜ਼ ਸਾਈਟ’ ਦੇ ਸਟੀਫਨ ਓਟੇਨਬ੍ਰਾਈਟ ਦਾ ਕਹਿਣਾ ਹੈ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ। 2 ਸਾਲਾਂ ਤੋਂ ਹਰ ਹਫਤੇ ਦੇ ਅੰਤ ਵਿਚ ਲੋਕ ਜੰਗਲ ’ਚ ਬਹੁਤ ਜ਼ਿਆਦਾ ਗੋਲੀਬਾਰੀ ਬਾਰੇ ਸ਼ਿਕਾਇਤਾਂ ਕਰ ਰਹੇ ਹਨ ਪਰ ਫੋਨ ਕਰਨ ਵਾਲਿਆਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਸਿਰਫ਼ ਰਾਜਧਾਨੀ ਦੀ ਧਰਤੀ ’ਤੇ ਗੋਲੀਬਾਰੀ ਹੋ ਰਹੀ ਹੈ। ਇਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ।
ਕਿਸੇ ਨੂੰ ਵੀ ਉਦੋਂ ਤੱਕ ਕੋਈ ਪ੍ਰਵਾਹ ਨਹੀਂ ਹੋਈ, ਜਦੋਂ ਬੰਦੂਕਧਾਰੀਆਂ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਵੀਡੀਓਜ਼ ਪੋਸਟ ਨਹੀਂ ਕੀਤੀਆਂ। ਵੀਡੀਓਜ਼ ਵਿਚ ਉਨ੍ਹਾਂ ਨੂੰ ਮੈਕਟੀਅਰ ਨੇੜੇ ਟਾਵਰ ਰੋਡ ’ਤੇ ਗੋਲੀਬਾਰੀ ਕਰਦੇ ਦੇਖਿਆ ਗਿਆ ਸੀ। ਪੀਲ ਰੀਜਨਲ ਪੁਲਸ ਦੇ ਡਿਪਟੀ ਚੀਫ਼ ਮਾਰਕ ਐਂਡ੍ਰਿਊ ਅਤੇ ਨਿੱਕ ਮਿਲਿਨੋਵਿਚ ਨੇ ਸੰਕੇਤ ਦਿੱਤਾ ਹੈ ਕਿ ਉਹ ਜਾਂਚ ਕਰ ਰਹੇ ਹਨ। ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਕੰਮ ਕਰਨ ਲਈ ਬਹੁਤ ਸਾਰੇ ਸਬੂਤ ਹਨ।
ਪੁਲਸ ਨੇ ਜਨਤਾ ਤੋਂ ਮੰਗੀ ਮਦਦ
ਪੁਲਸ ਨੂੰ ਅਜੇ ਤੱਕ ਇਸ ਗੱਲ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ ਕਿ ਇਹ ਵੀਡੀਓਜ਼ ਕਦੋਂ ਬਣਾਈਆਂ ਗਈਆਂ ਸਨ। ਓ.ਪੀ.ਪੀ. ਨੇ ਇਸ ਹਫ਼ਤੇ ਇਕ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਕਿਹਾ ਕਿ ਵੀਡੀਓਜ਼ ਵਿਚ ਦਿਖਾਈਆਂ ਗਈਆਂ ਕਾਰਵਾਈਆਂ ਗੈਰ-ਕਾਨੂੰਨੀ ਹਨ ਅਤੇ ਜਾਂਚ ਅਧੀਨ ਹਨ। ਪੁਲਸ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਜਨਤਾ ਤੋਂ ਮਦਦ ਮੰਗ ਰਹੀ ਹੈ।
ਪੁਲਸ ਦੇ ਅਨੁਸਾਰ ਗੋਲੀਬਾਰੀ ਕਰਨ ਵਾਲਿਆਂ ਨੂੰ ਮੈਕਟੀਅਰ ਦੇ ਜੰਗਲ ਵਿਚ ਇਕ ਪੁਲ ’ਤੇ ਰਾਈਫਲ ਨਾਲ ਹਵਾ ਵਿਚ ਗੋਲੀਆਂ ਚਲਾਉਂਦੇ ਦੇਖਿਆ ਗਿਆ। ਪੁਲਸ ਨੇ ਇਕ ਸੋਸ਼ਲ ਮੀਡੀਆ ਅਪਡੇਟ ’ਚ ਕਿਹਾ ਕਿ ‘ਤੁਹਾਡੇ ਵਿਚੋਂ ਬਹੁਤਿਆਂ ਨੇ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਵੀਡੀਓਜ਼ ਦੇਖੀਆਂ ਹੋਣਗੀਆਂ, ਜਿਨ੍ਹਾਂ ਵਿਚ ਕੁਝ ਲੋਕ ਲਾਪ੍ਰਵਾਹੀ ਅਤੇ ਅਸੁਰੱਖਿਅਤ ਢੰਗ ਨਾਲ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਹਨ। ਅਸੀਂ ਵੀ ਦੇਖਿਆ ਹੈ ਅਤੇ ਅਸੀਂ ਕੁਝ ਸਮੇਂ ਤੋਂ ਇਸ ਦੀ ਜਾਂਚ ਕਰ ਰਹੇ ਹਾਂ। ਇਹ ਕਾਰਵਾਈਆਂ ਆਸ-ਪਾਸ ਦੇ ਸਾਰੇ ਲੋਕਾਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰਦੀਆਂ ਹਨ।’
ਸਥਾਨਕ ਆਗੂਆਂ ਨੇ ਕਿਹਾ- 'ਜਨਤਕ ਸੁਰੱਖਿਆ ਸਭ ਤੋਂ ਮਹੱਤਵਪੂਰਨ'
ਪ੍ਰੀਮੀਅਰ ਡਗ ਫੋਰਡ, ਸਥਾਨਕ ਸੰਸਦ ਮੈਂਬਰ ਗ੍ਰੇਡਨ ਸਮਿਥ, ਸੰਸਦ ਮੈਂਬਰ ਸਕਾਟ ਐਚਿਸਨ ਅਤੇ ਜਾਰਜੀਅਨ ਬੇ ਟਾਊਨਸ਼ਿਪ ਦੇ ਮੇਅਰ ਪੀਟਰ ਐਚਿਸਨ ਨੇ ਇਸ ਸਬੰਧੀ ਚਿੰਤਾ ਜ਼ਾਹਿਰ ਕੀਤੀ ਹੈ। ਕੋਏਟਸਿਅਰ ਨੇ ਕਿਹਾ ਕਿ ਆਬਾਦੀ ਵਾਲੀਆਂ ਜਾਂ ਸਾਂਝੀਆਂ ਥਾਵਾਂ ’ਤੇ ਹਥਿਆਰਾਂ ਦੀ ਲਾਪ੍ਰਵਾਹੀ ਨਾਲ ਵਰਤੋਂ ਸਥਾਨਕ ਨਿਵਾਸੀਆਂ ਅਤੇ ਸੈਲਾਨੀਆਂ ਲਈ ਜ਼ੋਖਮ ਪੈਦਾ ਕਰਦੀ ਹੈ।
ਅਸੀਂ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸੇ ਦੇ ਵੀ ਗੰਭੀਰ ਜ਼ਖਮੀ ਹੋਣ ਤੋਂ ਪਹਿਲਾਂ ਓ.ਪੀ.ਪੀ. ਨੂੰ ਅਸੁਰੱਖਿਅਤ ਵਰਤਾਓ ਦੀ ਰਿਪੋਰਟ ਕਰਨ। ਪੈਰੀ ਸਾਊਂਡ-ਮਸਕੋਕ ਦੇ ਸੰਸਦ ਮੈਂਬਰ ਗ੍ਰੇਡਨ ਸਮਿਥ ਨੇ ਇਕ ਬਿਆਨ ਵਿਚ ਕਿਹਾ, ‘‘ਮੈਂ ਮੈਕਟੀਅਰ ਅਤੇ ਜਾਰਜੀਅਨ ਬੇ ਟਾਊਨਸ਼ਿਪ ਦੇ ਨਿਵਾਸੀਆਂ ਦੀ ਕ੍ਰਾਊਨ ਲੈਂਡ ’ਤੇ ਹਥਿਆਰਾਂ ਦੀ ਗੈਰ-ਜ਼ਿੰਮੇਵਾਰਾਨਾ ਅਤੇ ਖਤਰਨਾਕ ਵਰਤੋਂ ਬਾਰੇ ਚਿੰਤਾ ਨਾਲ ਸਹਿਮਤ ਹਾਂ।’’ ਇਕ ਹੋਰ ਸੰਸਦ ਮੈਂਬਰ ਸਕਾਟ ਐਚਿਸਨ ਨੇ ਵੀ ਇਕ ਪ੍ਰੈੱਸ ਰਿਲੀਜ਼ ’ਚ ਕਿਹਾ ਕਿ ਜਨਤਕ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਅਤੇ ਅਜਿਹੇ ਵਰਤਾਓ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਕੀ ਕਹਿੰਦੇ ਹਨ ਮਾਮਲੇ ਨਾਲ ਜੁੜੇ ਜਾਣਕਾਰ
‘ਦਿ ਬ੍ਰੇਕਰ’ ਦੇ ਪ੍ਰਕਾਸ਼ਕ ਬੌਬ ਮੈਕਿਨ ਨੇ ‘ਦਿ ਸਨ’ ਨੂੰ ਦਿੱਤੇ ਇਕ ਬਿਆਨ ਵਿਚ ਕਿਹਾ ਕਿ ਜੇਕਰ ਅਜਿਹੀ ਗੋਲੀਬਾਰੀ ਦੀ ਘਟਨਾ ਦੁਬਾਰਾ ਵਾਪਰਦੀ ਹੈ ਤਾਂ ਅੰਤਰਰਾਸ਼ਟਰੀ ਮਾਮਲਿਆਂ ਵਿਚ ਰੁੱਝੇ ਹੋਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਓਂਟਾਰੀਓ ਜਾਂ ਬ੍ਰਿਟਿਸ਼ ਕੋਲੰਬੀਆ ਵਿਚ ਕਿਸੇ ਸਮੂਹਿਕ ਗੋਲੀਬਾਰੀ ਪਾਰਟੀ ’ਚ ਕਿਸੇ ਦੀ ਮੌਤ ਹੋਣ ’ਤੇ ਦਖਲਅੰਦਾਜ਼ੀ ਕਰਨੀ ਪੈ ਸਕਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਖੂਨ-ਖਰਾਬਾ ਹੁੰਦਾ ਹੈ ਜਾਂ ਪੁਲਸ ਇਸ ਨੂੰ ਰੋਕਣ ਵਿਚ ਅਸਮਰਥ ਹੁੰਦੀ ਹੈ ਤਾਂ ਕਾਰਨੀ ’ਤੇ ਐਮਰਜੈਂਸੀ ਐਕਟ ਲਾਗੂ ਕਰਨ ਲਈ ਦਬਾਅ ਹੋਵੇਗਾ। ਬੌਬ ਮੈਕਿਨ ਦਾ ਕਹਿਣਾ ਹੈ ਕਿ ਕੈਨੇਡਾ ਨੇ 1970 ਵਿਚ ਕਿਊਬੇਕ ਵਿਚ ਜਾਂ 2022 ’ਚ ਓਟਾਵਾ ’ਚ ਫ੍ਰੀਡਮ ਕਾਫਲੇ ਦੌਰਾਨ ਐਮਰਜੈਂਸੀ ਐਕਟ ਲਾਗੂ ਕੀਤਾ ਸੀ, ਤਾਂ ਜੋ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਹਥਿਆਰਬੰਦ ਬੰਦੂਕਧਾਰੀਆਂ ਨਾਲ ਨਜਿੱਠਣ ਲਈ ਜ਼ਰੂਰੀ ਉਪਾਅ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ। ਉਹ ਕਹਿੰਦੇ ਹਨ ਕਿ ਕੈਨੇਡਾ ਨੂੰ ਉਨ੍ਹਾਂ ਸਾਰੇ ਕਾਨੂੰਨ ਤੋੜਨ ਵਾਲਿਆਂ ਨੂੰ ਵੀ ਦੇਸ਼ ਨਿਕਾਲਾ ਦੇਣਾ ਪੈ ਸਕਦਾ ਹੈ, ਜੋ ਵਿਦਿਆਰਥੀ ਜਾਂ ਵਿਜ਼ਿਟਰ ਵੀਜ਼ੇ ’ਤੇ ਜਾਂ ਗੈਰ-ਕਾਨੂੰਨੀ ਤੌਰ ’ਤੇ ਇੱਥੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com