ਜਲੰਧਰ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਤੇਜ਼ੀ ਨਾਲ ਵੱਧਣ ਲੱਗੀ ਇਹ ਬੀਮਾਰੀ, ਮਰੀਜ਼ਾਂ ਦੇ ਵਧੇ ਅੰਕੜੇ

ਜਲੰਧਰ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਤੇਜ਼ੀ ਨਾਲ ਵੱਧਣ ਲੱਗੀ ਇਹ ਬੀਮਾਰੀ, ਮਰੀਜ਼ਾਂ ਦੇ ਵਧੇ ਅੰਕੜੇ

ਜਲੰਧਰ-ਵੈਸਟ ਵਿਧਾਨ ਸਭਾ ਹਲਕੇ ਅਧੀਨ ਆਉਣ ਵਾਲੇ ਨਿਊ ਗੌਤਮ ਨਗਰ ਵਿਚ ਡਾਇਰੀਆ ਦਾ ਪ੍ਰਕੋਪ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਹੁਣ ਵਾਇਰਲ ਬੁਖ਼ਾਰ ਦੇ ਮਰੀਜ਼ ਵੀ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ। ਧਿਆਨਦੇਣ ਯੋਗ ਹੈ ਕਿ ਲੰਬੇ ਸਮੇਂ ਤੋਂ ਗੰਦਗੀ ਅਤੇ ਬੰਦ ਸੀਵਰੇਜ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਇਸ ਇਲਾਕੇ ਵਿਚ ਡਾਇਰੀਆ, ਉਲਟੀਆਂ ਅਤੇ ਦਸਤ ਵਰਗੀਆਂ ਬੀਮਾਰੀਆਂ ਨੇ ਜ਼ੋਰ ਫੜ ਲਿਆ ਸੀ। ਹਲਕੇ ਦੇ ਕੌਂਸਲਰ ਗੁਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਐਤਵਾਰ ਨੂੰ ਵੀ ਲਗਭਗ 12 ਨਵੇਂ ਮਰੀਜ਼ ਮਿਲੇ, ਜਿਨ੍ਹਾਂ ਵਿਚੋਂ ਤਿੰਨ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ। ਬਾਕੀ ਮਰੀਜ਼ਾਂ ਦਾ ਇਲਾਜ ਸਿਹਤ ਵਿਭਾਗ ਅਤੇ ਸਿਵਲ ਹਸਪਤਾਲ ਦੀ ਟੀਮ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਵਿਚ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਹੁਣ ਵਾਰਡ ਵਿਚ ਵਾਇਰਲ ਬੁਖ਼ਾਰ ਦੇ ਮਰੀਜ਼ ਵੱਡੀ ਗਿਣਤੀ ਵਿਚ ਆ ਰਹੇ ਹਨ। ਮੈਡੀਕਲ ਕੈਂਪਾਂ ਵਿਚ ਅਜਿਹੇ ਮਰੀਜ਼ਾਂ ਨੂੰ ਦਵਾਈਆਂ ਵੀ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਇਸ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਐਤਵਾਰ ਨੂੰ ਕੌਂਸਲਰ ਗੁਰਜੀਤ ਸਿੰਘ ਘੁੰਮਣ ਨੂੰ ਫ਼ੋਨ ਕੀਤਾ ਅਤੇ ਵਾਰਡ ਦੀ ਹਾਲਤ ਬਾਰੇ ਪੁੱਛਿਆ। ਕੌਂਸਲਰ ਨੇ ਉਨ੍ਹਾਂ ਨੂੰ ਦੱਸਿਆ ਕਿ ਬਿਮਾਰੀ ਫੈਲਣ ਕਾਰਨ ਹੁਣ ਤੱਕ ਕਿਸੇ ਦੀ ਮੌਤ ਨਹੀਂ ਹੋਈ ਹੈ, ਪਰ ਸਥਿਤੀ ਜ਼ਰੂਰ ਵਿਗੜ ਗਈ ਸੀ, ਜਿਸ ਨੂੰ ਹੁਣ ਕਾਬੂ ਵਿਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਸਿਹਤ ਮੰਤਰੀ ਤੋਂ ਮੰਗ ਕੀਤੀ ਕਿ ਕਿਉਂਕਿ ਇਹ ਇਲਾਕਾ ਸਲੱਮ ਆਬਾਦੀ ’ਤੇ ਆਧਾਰਿਤ ਹੈ, ਇਸ ਲਈ ਇੱਥੇ ਇਕ ਮੁਹੱਲਾ ਕਲੀਨਿਕ ਸਥਾਪਤ ਕੀਤੀ ਜਾਵੇ।

ਦੂਜੇ ਪਾਸੇ ਮੇਅਰ ਵਨੀਤ ਧੀਰ ਨੇ ਐਤਵਾਰ ਦੁਪਹਿਰ ਨੂੰ ਨਿਊ ਗੌਤਮ ਨਗਰ ਦਾ ਦੌਰਾ ਕੀਤਾ। ਕੌਂਸਲਰ ਗੁਰਜੀਤ ਸਿੰਘ ਘੁੰਮਣ ਸਮੇਤ ਨਿਗਮ ਦੇ ਅਧਿਕਾਰੀ ਵੀ ਉਨ੍ਹਾਂ ਨਾਲ ਮੌਜੂਦ ਸਨ। ਮੇਅਰ ਨੇ ਨਿਗਮ ਟੀਮਾਂ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਜਿੱਥੇ ਨਿਗਮ ਕਰਮਚਾਰੀਆਂ ਨੇ ਸੀਵਰੇਜ ਦੀ ਸਫ਼ਾਈ ਕਰਵਾਈ, ਉੱਥੇ ਹੀ ਉਨ੍ਹਾਂ ਨੂੰ ਗੰਦੇ ਪਾਣੀ ਦੀ ਸਪਲਾਈ ਨਾਲ ਸਬੰਧਤ ਨੁਕਸ ਵੀ ਮਿਲਿਆ।

ਕੌਂਸਲਰ ਘੁੰਮਣ ਨੇ ਕਿਹਾ ਕਿ ਨਿਊ ਗੌਤਮ ਨਗਰ ਦੀ ਇਕ ਗਲੀ ਵਿਚ ਪਾਣੀ ਦੀ ਸਪਲਾਈ ਲਾਈਨ ਨਹੀਂ ਸੀ, ਜਿਸ ਕਾਰਨ ਲੋਕਾਂ ਨੇ ਦੂਰ-ਦੂਰ ਤੋਂ ਕੁਨੈਕਸ਼ਨ ਲਏ ਸਨ। ਜਦੋਂ ਉਸ ਗਲੀ ਵਿਚ ਨਵੀਂ ਪਾਈਪਲਾਈਨ ਵਿਛਾਈ ਗਈ, ਤਾਂ ਲੋਕਾਂ ਨੇ ਪੁਰਾਣੇ ਕੁਨੈਕਸ਼ਨ ਨਹੀਂ ਕੱਟੇ। ਉਨ੍ਹਾਂ ਲਾਈਨਾਂ ਵਿਚ ਲੀਕੇਜ ਹੋਣ ਕਾਰਨ ਦੂਸ਼ਿਤ ਪਾਣੀ ਦੀ ਸਪਲਾਈ ਹੋਣ ਲੱਗੀ ਅਤੇ ਲੋਕ ਬਿਮਾਰ ਹੋ ਗਏ। ਹੁਣ ਇਸ ਨੁਕਸ ਨੂੰ ਠੀਕ ਕਰ ਦਿੱਤਾ ਗਿਆ ਹੈ।

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS