ਜਲੰਧਰ/ਲੁਧਿਆਣਾ- ਪੰਜਾਬ ਵਿਚ ਹੜ੍ਹਾਂ ਕਾਰਨ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ। ਪੰਜਾਬ ਵਿਚ ਪੈ ਰਿਹਾ ਰੋਜ਼ਾਨਾ ਮੀਂਹ ਹੁਣ ਜਾਨਲੇਵਾ ਬਣ ਰਿਹਾ ਹੈ। ਸਾਹਮਣੇ ਆਏ ਤਾਜ਼ਾ ਬੁਲੇਟਿਨ ਮੁਤਾਬਕ ਹੁਣ ਤੱਕ ਹੜ੍ਹ ਨਾਲ 1044 ਪਿੰਡ ਪ੍ਰਭਾਵਿਤ ਹੋਏ ਹਨ। ਜੇਕਰ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਹੜ੍ਹਾਂ ਦੀ ਮਾਰ ਹੇਠਾਂ 12 ਜ਼ਿਲ੍ਹੇ ਅੰਮ੍ਰਿਤਸਰ, ਬਰਨਾਲਾ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਾਨਸਾ, ਮੋਗਾ, ਪਠਾਨਕੋਟ, ਮੋਹਾਲੀ ਆਏ ਹਨ। ਸਰਕਾਰੀ ਅੰਕੜਿਆਂ ਅਨੁਸਾਰ ਹੜ੍ਹਾਂ ਅਤੇ ਮੀਂਹ ਨਾਲ ਸਬੰਧਤ ਹਾਦਸਿਆਂ ਕਾਰਨ ਹੁਣ ਤੱਕ 29 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਵਿਚ ਅੰਮ੍ਰਿਤਸਰ ਵਿਚ 3, ਬਰਨਾਲਾ ਵਿਚ 3, ਬਠਿੰਡਾ ਵਿਚ 1 ਗੁਰਦਾਸਪੁਰ ਵਿਚ 1, ਹੁਸ਼ਿਆਰਪੁਰ ਵਿਚ 3, ਲੁਧਿਆਣਾ ਵਿਚ 3, ਪਠਾਨਕੋਟ 6, ਮਾਨਸਾ ਵਿਚ 3, ਪਟਿਆਲਾ ਵਿਚ 1, ਰੂਪਨਗਰ ਵਿਚ 3, ਮੋਹਾਲੀ ਵਿਚ 1 ਅਤੇ ਸੰਗਰੂਰ ਵਿਚ 1 ਵਿਅਕਤੀ ਦੀ ਮੌਤ ਹੜ੍ਹਾਂ ਕਾਰਨ ਹੋਈ ਹੈ। ਇਸ ਦੇ ਇਲਾਵਾ ਕੁਝ ਲੋਕ ਲਾਪਤਾ ਵੀ ਹਨ। ਇਸ ਦੇ ਇਲਾਵਾ 94 ਹਜ਼ਾਰ ਫ਼ਸਲ ਨੂੰ ਪਾਣੀ ਦੀ ਮਾਰ ਪਈ ਹੈ।

ਇਥੇ ਜ਼ਿਕਰਯੋਗ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ ਹੁਣ ਤੱਕ ਕੁੱਲ੍ਹ 15688 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਸੂਬਾ ਸਰਕਾਰ ਦੀ ਪੂਰੀ ਮਸ਼ੀਨਰੀ, ਐੱਨ. ਡੀ. ਆਰ. ਐੱਫ਼., ਐੱਸ. ਡੀ. ਆਰ. ਐੱਫ਼, ਫ਼ੌਜ ਅਤੇ ਪੰਜਾਬ ਪੁਲਸ ਦੇ ਜਵਾਨ ਹੜ੍ਹਾਂ ’ਚ ਜਾਨ-ਮਾਲ ਦੀ ਰਾਖੀ ਲਈ ਦਿਨ-ਰਾਤ ਲੱਗੇ ਹੋਏ ਹਨ।

ਇਥੇ ਦੱਸ ਦੇਈਏ ਕਿ ਬੀਤੇ ਦਿਨ ਮਾਨਸਾ ਵਿੱਚ ਕੰਧ ਡਿੱਗਣ ਕਾਰਨ ਇਕ ਬਜ਼ੁਰਗ ਦੀ ਮੌਤ ਹੋਈ ਸੀ। ਇਸ ਘਟਨਾ ਦੀ ਸੀ. ਸੀ. ਟੀ. ਵੀ. ਵੀਡੀਓ ਦਿਲ ਨੂੰ ਦਹਿਲਾ ਦੇਣ ਵਾਲੀ ਸੀ। ਇਸ ਵਿੱਚ ਇਕ ਬਜ਼ੁਰਗ ਜਗਜੀਵਨ ਸਿੰਘ ਸਾਈਕਲ ‘ਤੇ ਜਾ ਰਿਹਾ ਹੈ। ਅਚਾਨਕ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਨੇੜੇ ਖੜ੍ਹੀ ਇਕ ਕੰਧ ਡਿੱਗ ਰਹੀ ਹੈ। ਜਦੋਂ ਤੱਕ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ, ਕੰਧ ਉਸ ‘ਤੇ ਡਿੱਗ ਜਾਂਦੀ ਹੈ। ਇਸ ਹਾਦਸੇ ਵਿੱਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹੜ੍ਹਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਮਿਤ ਸ਼ਾਹ ਨਾਲ ਕੀਤੀ ਫੋਨ 'ਤੇ ਹੋਈ ਗੱਲਬਾਤ
ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਸ਼ਾਹ ਨੇ ਹੜ੍ਹਾਂ ਦੀ ਸਥਿਤੀ ਕਾਰਨ ਪੰਜਾਬ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ ਪਰ 60 ਹਜ਼ਾਰ ਕਰੋੜ ਦੀ ਮੰਗ ‘ਤੇ ਕੇਂਦਰ ਤੋਂ ਪੰਜਾਬ ਨੂੰ ਭਰੋਸਾ ਨਹੀਂ ਮਿਲਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com